ਡੇਰਾ ਬਿਆਸ ਮਾਮਲਾ: ਪੁਲੀਸ ਨੇ ਧਰਨਾਕਾਰੀਆਂ ਨੂੰ ਜੇਲ੍ਹ ਭੇਜਿਆ

ਬਾਬਾ ਬਕਾਲਾ ਪੁਲੀਸ ਚੌਕੀ ’ਚੋਂ ਬਲਦੇਵ ਸਿੰਘ ਸਿਰਸਾ ਨੂੰ ਅਦਾਲਤ ਵਿਚ ਲਿਜਾਏ ਜਾਣ ਦੀ ਤਸਵੀਰ।

ਦਵਿੰਦਰ ਸਿੰਘ ਭੰਗੂ
ਰਈਆ, 8 ਅਕਤੂਬਰ
ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਥਿਤ ਕਬਜ਼ੇ ਖ਼ਿਲਾਫ਼ ‘ਲੋਕ ਇਨਸਾਫ਼ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸ਼ਾਂਤਮਈ ਧਰਨੇ ’ਤੇ ਬੈਠੇ ਭਾਈ ਬਲਦੇਵ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਪੰਜ ਹੋਰ ਸਾਥੀਆਂ ਨੂੰ ਪੁਲੀਸ ਨੇ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਮਗਰੋਂ ਅੱਜ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜ ਦਿੱਤਾ ਹੈ। ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਵਾਲਿਆਂ ਵਿੱਚ ਸਿਰਸਾ ਤੋਂ ਇਲਾਵਾ ਪੀੜਤ ਕਿਸਾਨ ਮੱਖਣ ਸਿੰਘ ਬੁਤਾਲਾ, ਨਰ ਜਿੰਦਰ ਸਿੰਘ ਲਾਲੀ ਬਿਆਸ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਰਣਜੀਤ ਸਿੰਘ ਸ਼ਾਮਲ ਸਨ। ਪੁਲੀਸ ਸੂਤਰਾਂ ਅਨੁਸਾਰ ਧਰਨਾਕਾਰੀਆਂ ਨਾਲ ਕਿਸੇ ਗਰੁੱਪ ਨਾਲ ਝਗੜੇ ਦੇ ਆਸਾਰ ਨਜ਼ਰ ਆ ਰਹੇ ਸਨ ਜਿਸ ਤੋਂ ਅਮਨ ਕਾਨੂੰਨ ਨੂੰ ਖ਼ਤਰਾ ਪੈਦਾ ਹੋਣ ਦੇ ਸ਼ੱਕ ਵਜੋਂ ਪੁਲੀਸ ਨੇ ਇਹ ਕਦਮ ਚੁੱਕਿਆ ਹੈ। ਸ੍ਰੀ ਸਿਰਸਾ ਤੇ ਸਾਥੀਆਂ ਨੂੰ ਰਾਤ ਪੁਲੀਸ ਚੌਕੀ ਬਾਬਾ ਬਕਾਲਾ ਰੱਖਿਆ ਗਿਆ ਸੀ।
ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਗਾਇਆ ਕਿ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਡੇਰੇ ਦੇ ਪੈਰੋਕਾਰ ਬਿਆਸ ਦੇ ਸਰਪੰਚ ਨੇ ਆਪਣੇ ਬੰਦੇ ਭੇਜ ਕੇ ਧਰਨਾਕਾਰੀਆਂ ਦੇ ਬੈਨਰ ਪੁੱਟ ਦਿੱਤੇ ਪਰ ਉਹ ਸ਼ਾਂਤਮਈ ਬੈਠੇ ਰਹੇ। ਇਸੇ ਦੌਰਾਨ ਵੱਡੀ ਗਿਣਤੀ ਵਿਚ ਪੁਲੀਸ ਨੇ ਧਾਵਾ ਬੋਲ ਕੇ ਉਨ੍ਹਾਂ ਜ਼ਬਰਦਸਤੀ ਧਰਨਾ ਸਥਾਨ ਤੋਂ ਚੁੱਕ ਲਿਆ ਤੇ ਉਨ੍ਹਾਂ ਨਾਲ ਖਿੱਚ-ਧੂਹ ਵੀ ਕੀਤੀ। ਅੱਜ ਪੁਲੀਸ ਚੌਕੀ ਬਾਬਾ ਬਕਾਲਾ ਵਿਚ ਮੀਡੀਆ ਦੀ ਹਾਜ਼ਰੀ ਵਿੱਚ ਜਦੋਂ ਪੁਲੀਸ ਉਨ੍ਹਾਂ ਨੂੰ ਲਿਜਾਣ ਲੱਗੀ ਤਾਂ ਸ੍ਰੀ ਸਿਰਸਾ ਨੇ ਕਿਹਾ ਕਿ ਉਹ ਭੁੱਖੇ ਹਨ ਉਨ੍ਹਾਂ ਨੂੰ ਕੁਝ ਖਾਣ ਨੂੰ ਦਿਓ ਤਾਂ ਪੁਲੀਸ ਅਫ਼ਸਰਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਡਿਊਟੀ ਮਜਿਸਟ੍ਰੇਟ ਦੇ ਪੇਸ਼ ਕਰਨਾ ਹੈ ਤੇ ਬਾਅਦ ਵਿੱਚ ਖਾਣਾ ਖੁਆਉਣਗੇ। ਪੁਲੀਸ ਮੁਲਾਜ਼ਮਾਂ ਨੇ ਮੀਡੀਆ ਨੂੰ ਸ੍ਰੀ ਸਿਰਸਾ ਤੋਂ ਦੂਰ ਰੱਖਣ ਦਾ ਯਤਨ ਕੀਤਾ।
ਇਸ ਸਬੰਧੀ ਡੀਐੱਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਛੇ ਧਰਨਾਕਾਰੀਆਂ ਨੂੰ ਅੱਜ ਡਿਊਟੀ ਮਜਿਸਟ੍ਰੇਟ ਬਾਬਾ ਬਕਾਲਾ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਮਜਿਸਟ੍ਰੇਟ ਵੱਲੋਂ ਸਾਰਿਆਂ ਨੂੰ ਤਿੰਨ ਰੋਜ਼ਾ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜਣ ਦੇ ਹੁਕਮ ਕੀਤੇ ਗਏ। ਇਸੇ ਸਬੰਧੀ ਐੱਸਡੀਐਮ ਸੁਮਿਤ ਮੁੱਦ ਨੇ ਕਿਹਾ ਕਿ ਧਰਨਾਕਾਰੀਆਂ ਨੂੰ ਉਨ੍ਹਾਂ ਸਾਹਮਣੇ ਨਹੀਂ ਬਲਕਿ ਤਹਿਸੀਲਦਾਰ ਮਨਜੀਤ ਸਿੰਘ, ਜੋ ਕਿ ਡਿਊਟੀ ਮਜਿਸਟਰ੍ਰੇਟ ਸਨ, ਸਾਹਮਣੇ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੂੰ 10 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Tags :