ਅਜੀਤ ਸਿੰਘ ਖੰਨਾਅੱਜ ਦੇ ਵਿਗਿਆਨਕ ਅਤੇ ਵਪਾਰਕ ਯੁੱਗ ਵਿੱਚ ਲੋਕਾਂ ਅੰਦਰ ਅੰਧ-ਵਿਸ਼ਵਾਸ ਇੰਨਾ ਵਧੇਰੇ ਪਸਰ ਚੁੱਕਾ ਹੈ ਕਿ ਦੇਸ਼ ਦੀ 70 ਫ਼ੀਸਦ ਤੋਂ ਵਧੇਰੇ ਆਬਾਦੀ ਬਾਬਿਆਂ ਦੇ ਚੱਕਰਾਂ ਵਿੱਚ ਉਲਝੀ ਬੈਠੀ ਹੈ। ਇਹੀ ਵਜ੍ਹਾ ਹੈ ਕਿ ਇਨ੍ਹਾਂ ਬਾਬਿਆਂ ਦੀ ਗਿਣਤੀ ਹਰ ਸੂਬੇ ਤੇ ਸ਼ਹਿਰ ਅੰਦਰ ਅਮਰ ਵੇਲ ਵਾਂਗ ਵਧ ਰਹੀ ਹੈ। ਅੰਧ-ਵਿਸ਼ਵਾਸ ਅਤੇ ਰਾਜਨੀਤਕ ਨੇਤਾਵਾਂ ਦੀ ਸਰਪ੍ਰਸਤੀ ਦੀ ਬਦੌਲਤ ਇਹ ਬਾਬੇ ਆਪਣਾ ਕਰੋੜਾਂ ਅਰਬਾਂ ਦਾ ਸਾਮਰਾਜ ਸਥਾਪਤ ਕਰੀ ਬੈਠੇ ਹਨ। ਦੁੱਖਾਂ ਕਲੇਸ਼ਾਂ ਵਿੱਚ ਘਿਰੀ ਜਨਤਾ ਇਨ੍ਹਾਂ ਬਾਬਿਆਂ ਦਾ ਸਹਾਰਾ ਲੈ ਕੇ ਆਪਣੇ ਜੀਵਨ ਨੂੰ ਸੁਖੀ ਅਤੇ ਆਨੰਦਮਈ ਬਣਾਉਣ ਦੀ ਉਮੀਦ ਵਿੱਚ ਜੋ ਪੱਲੇ ਹੁੰਦਾ ਹੈ, ਉਸ ਨੂੰ ਵੀ ਲੁਟਾ ਬੈਠਦੀ ਹੈ; ਨਾਲ ਹੀ ਆਪਣਾ ਕੀਮਤੀ ਵਕਤ ਅਜਾਈਂ ਗੁਆ ਲੈਂਦੀ ਹੈ। ਇਹ ਬਾਬੇ ਅਤੇ ਸਾਧ ਲੋਕਾਂ ਦੀ ਕਮਜ਼ੋਰ ਮਾਨਸਿਕਤਾ ਦਾ ਲਾਭ ਉਠਾ ਕੇ ਆਪਣੇ ਡੇਰਿਆਂ ਨੂੰ ਪ੍ਰਫੁੱਲਤ ਕਰਨ ਲਈ ਤੇਜ਼ੀ ਨਾਲ ਪੁਲਾਂਘਾਂ ਪੁੱਟ ਰਹੇ ਹਨ। ਦੇਖਦੇ ਹੀ ਦੇਖਦੇ ਇਨ੍ਹਾਂ ਬਾਬਿਆਂ ਦਾ ਵਿਸ਼ਾਲ ਸਾਮਰਾਜ ਖੜ੍ਹਾ ਹੋ ਜਾਂਦਾ ਹੈ। ਆਮ ਅਤੇ ਭੋਲੀ ਜਨਤਾ ਦਾ ਭਾਵੇਂ ਕੁਝ ਸੌਰੇ ਜਾਂ ਨਾ ਪਰ ਇਨ੍ਹਾਂ ਬਾਬਿਆਂ ਦੀ ਜ਼ਿੰਦਗੀ ਐਸ਼ਪ੍ਰਸਤੀ ਵਾਲੀ ਅਤੇ ਵੀਆਈਪੀ ਵਾਲੀ ਬਣ ਜਾਂਦੀ ਹੈ।ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਇਹ ਬਾਬੇ ਤੁਹਾਨੂੰ ਕਿਸੇ ਮੰਤਰੀ ਜਾਂ ਵੀਆਈਪੀ ਦਾ ਭੁਲੇਖਾ ਪਾਉਣਗੇ। ਵੋਟਾਂ ਖ਼ਾਤਿਰ ਮੰਤਰੀਆਂ ਸੰਤਰੀਆਂ ਵੱਲੋਂ ਇਨ੍ਹਾਂ ਸਾਧਾਂ ਦੇ ਡੇਰਿਆਂ ’ਤੇ ਹਾਜ਼ਰੀ ਲੁਆਉਣ ਕਾਰਨ ਭੋਲੇ ਭਾਲੇ ਲੋਕ ਮੱਲੋ-ਮੱਲੀ ਇਨ੍ਹਾਂ ਬਾਬਿਆਂ ਦੇ ਜਾਲ ਵਿੱਚ ਫਸ ਜਾਂਦੇ ਹਨ। ਡੇਢ ਅਰਬ ਦੀ ਆਬਾਦੀ ਨੂੰ ਢੁੱਕਣ ਵਾਲੇ ਸਾਡੇ ਦੇਸ਼ ਵਿੱਚ ਬਾਬਿਆਂ ਦੀ ਗਿਣਤੀ ਲੱਖਾਂ ਦੇ ਅੰਕੜੇ ਛੂਹ ਰਹੀ ਹੈ। ਇਨ੍ਹਾਂ ਪਾਖੰਡੀ ਬਾਬਿਆਂ ਦੇ ਵੱਡੇ-ਵੱਡੇ ਕਾਰੋਬਾਰ ਅਤੇ ਅਰਬਾਂ ਖਰਬਾਂ ਦੀ ਜਾਇਦਾਦ ਲੋਕਾਂ ਦੀ ਹੱਕ ਦੀ ਕਮਾਈ ਦੇ ਸਹਾਰੇ ਹੀ ਬਣਦੀ ਹੈ।ਇਨ੍ਹਾਂ ਬਾਬਿਆਂ ਵੱਲੋਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਸਹਾਰੇ ਖੜ੍ਹੇ ਕੀਤੇ ਵਿਸ਼ਾਲ ਸਾਮਰਾਜ ਕਿਸੇ ਤੋਂ ਲੁਕੇ ਨਹੀਂ। ਇਨ੍ਹਾਂ ਨੂੰ ਕੋਈ ਪੁੱਛੇ ਕਿ ਅਰਬਾਂ ਖਰਬਾਂ ਦੀ ਜਾਇਦਾਦ ਅਤੇ ਵੱਡੀਆਂ ਗੱਡੀਆਂ ਵਿੱਚ ਘੁੰਮਣ ਦੀ ਇਨ੍ਹਾਂ ਨੂੰ ਕੀ ਲੋੜ ਪਈ ਹੈ? ਪਰ ਅਫਸੋਸ! ਸਾਡੇ ਸਿਆਸਤਦਾਨ ਵੋਟ ਬੈਂਕ ਲਈ ਇਨ੍ਹਾਂ ਬਾਬਿਆਂ ਦੇ ਡੇਰਿਆਂ ’ਤੇ ਜਾ ਕੇ ਇਨ੍ਹਾਂ ਨੂੰ ਪ੍ਰਫੁੱਲਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਭੇਡਚਾਲ ਵਾਂਗ ਲੋਕ ਇਨ੍ਹਾਂ ਬਾਬਿਆਂ ਮਗਰ ਲੱਗ ਕੇ ਇਨ੍ਹਾਂ ਨੂੰ ਆਪਣੇ ਦੁੱਖ ਨਜਿੱਠਣ ਵਾਲੇ ਸਮਝ ਬੈਠਦੇ ਹਨ। ਇਨ੍ਹਾਂ ਬਾਬਿਆਂ ਦੀ ਸੁਰੱਖਿਆ ਲਈ ਲਾਏ ਸਰਕਾਰੀ ਸੁਰੱਖਿਆ ਗਾਰਡਾਂ ਦੀ ਤਨਖਾਹ ਦਾ ਲੱਖਾਂ ਰੁਪਏ ਦਾ ਬੋਝ ਸਿੱਧਾ ਸਰਕਾਰੀ ਖ਼ਜ਼ਾਨੇ ’ਤੇ ਪੈ ਰਿਹਾ ਹੈ। ਜੇ ਮੋਟਾ ਜਿਹਾ ਹਿਸਾਬ ਲਾਇਆ ਜਾਵੇ ਤਾਂ ਇੱਕ ਪੁਲੀਸ ਕਰਮਚਾਰੀ ਦੀ ਤਨਖਾਹ ਘੱਟੋ-ਘੱਟ 60-70 ਹਜ਼ਾਰ ਰੁਪਏ ਮਹੀਨਾ ਹੈ। ਪੂਰੇ ਪੰਜਾਬ ’ਚ ਇਨ੍ਹਾਂ ਬਾਬਿਆਂ ਦੀ ਸੁਰੱਖਿਆ ’ਤੇ ਹਜ਼ਾਰਾਂ ਮੁਲਾਜ਼ਮ ਲੱਗੇ ਹੋਏ ਹਨ ਜਿਸ ਦਾ ਸਿੱਧਾ ਮਤਲਬ ਹੈ ਕਿ ਇਨ੍ਹਾਂ ਬਾਬਿਆਂ ਦੀ ਸੁਰੱਖਿਆ ਉੱਤੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਵਿੱਚੋਂ ਖਰਚ ਕੀਤੇ ਜਾ ਰਹੇ ਹਨ ਜਿਸ ਦਾ ਬੋਝ ਆਮ ਜਨਤਾ ’ਤੇ ਟੈਕਸਾਂ ਦੇ ਰੂਪ ਵਿੱਚ ਪੈ ਰਿਹਾ ਹੈ। ਕੋਈ ਪੁੱਛਣ ਵਾਲਾ ਹੋਵੇ ਕਿ ਇਨ੍ਹਾਂ ਬਾਬਿਆਂ ਨੂੰ ਕਿਸ ਤੋਂ ਖ਼ਤਰਾ ਹੈ? ਇਨ੍ਹਾਂ ਦੀ ਸੁਰੱਖਿਆ ਲਈ ਕਿਉਂ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ? ਹਾਂ, ਜੇ ਇਨ੍ਹਾਂ ਦੀ ਜਾਨ ਨੂੰ ਇੰਨਾ ਹੀ ਖ਼ਤਰਾ ਜਾਪਦਾ ਹੈ ਤਾਂ ਸੁਰੱਖਿਆ ਕਰਮਚਾਰੀਆਂ ਦੀਆਂ ਤਨਖਾਹ ਦਾ ਸਾਰਾ ਖਰਚਾ ਇਨ੍ਹਾਂ ਬਾਬਿਆਂ ਦੀਆਂ ਜੇਬਾਂ ’ਚੋਂ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਸਰਕਾਰੀ ਖ਼ਜ਼ਾਨੇ ਦੀ ਹੋ ਰਹੀ ਲੁੱਟ ਰੋਕੀ ਜਾ ਸਕੇ। ਬਹੁਤੇ ਬਾਬੇ ਤਾਂ ਸਿਰਫ ਸੁਰੱਖਿਆ ਲੈਣ ਲਈ ਹੀ ਆਪਣੇ ਆਪ ਨੂੰ ਖ਼ਤਰਾ ਦੱਸ ਕੇ ਜਾਂ ਫਿਰ ਆਪਣੇ ’ਤੇ ਹਮਲੇ ਦਾ ਡਰਾਮਾ ਕਰ ਕੇ ਸੁਰੱਖਿਆ ਦੀ ਮੰਗ ਕਰ ਲੈਂਦੇ ਹਨ। ਫਿਰ ਆਪਣੇ ਇਨ੍ਹਾਂ ਸੁਰੱਖਿਆ ਗਾਰਡਾਂ ਦੀ ਆੜ ’ਚ ਇਹ ਸਰਕਾਰੇ-ਦਰਬਾਰੇ ਰੋਹਬ ਝਾੜਦੇ ਹਨ ਅਤੇ ਅਫਸਰਾਂ ਤੋਂ ਜਾਇਜ਼ ਨਾਜਾਇਜ਼ ਕੰਮ ਕਰਵਾਉਂਦੇ ਹਨ।ਇਨ੍ਹਾਂ ਬਾਬਿਆਂ ਨੇ ਬਹੁਤੇ ਥਾਈਂ ਸਰਕਾਰੀ ਤੇ ਗੈਰ-ਸਰਕਾਰੀ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਜਿਥੇ ਨਾਜਾਇਜ਼ ਉਸਾਰੀਆਂ ਕਰ ਕੇ ਇਨ੍ਹਾਂ ਨੇ ਆਪਣੀ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਧਰਮ ਦੇ ਨਾਂ ’ਤੇ ਡੇਰੇ ਚਲਾ ਰਹੇ ਇਹ ਬਾਬੇ ਆਪੋ-ਆਪਣੇ ਡੇਰਿਆਂ ਨੂੰ ਵਧਦਾ ਫੁੱਲਦਾ ਰੱਖਣ ਲਈ ਜਿਥੇ ਸਿਆਸਤਦਾਨਾਂ ਦਾ ਸਹਾਰਾ ਲੈਂਦੇ ਹਨ ਉਥੇ ਇਨ੍ਹਾਂ ਬਾਬਿਆਂ ਨੂੰ ਪ੍ਰਫੁਲਤ ਕਰਨ ਵਿੱਚ ਮੀਡੀਏ ਦਾ ਵੀ ਕੁਝ ਨਾ ਕੁਝ ਰੋਲ ਜ਼ਰੂਰ ਹੈ ਕਿਉਂਕਿ ਇਹ ਬਾਬੇ ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਇਹ ਲੋਕ ਅਖ਼ਬਾਰਾਂ, ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਖ਼ੁਦ ਦਾ ਅਤੇ ਆਪਣੇ ਡੇਰੇ ਦਾ ਪ੍ਰਚਾਰ ਕਰਨ ਵਾਸਤੇ ਰੱਜ ਕੇ ਇਸ਼ਤਿਹਾਰ ਤੇ ਖਬਰਾਂ ਦਿੰਦੇ ਹਨ। ਬਹੁਤ ਸਾਰੇ ਬਾਬਿਆਂ ਨੇ ਤਾਂ ਸਗੋਂ ਆਪਣੇ ਟੀਵੀ ਚੈਨਲ ਵੀ ਚਲਾਏ ਹੋਏ ਹਨ ਜਿਥੇ 24 ਘੰਟੇ ਉਨ੍ਹਾਂ ਦਾ ਹੀ ਪ੍ਰਚਾਰ ਚੱਲਦਾ ਹੈ। ਇਹ ਬਾਬੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਕਈ ਇਲਾਕਿਆਂ ਵਿੱਚ ਤਾਂ ਇੰਨੇ ਸਕੂਲ ਨਹੀਂ, ਜਿੰਨੇ ਡੇਰੇ ਹਨ। ਜੇ ਇਨ੍ਹਾਂ ਸਾਧੂਆਂ ਨੇ ਡੇਰਿਆਂ ਦੀ ਥਾਂ ਵਿਦਿਅਕ ਸੰਸਥਾਵਾਂ ਖੋਲ੍ਹੀਆਂ ਹੁੰਦੀਆਂ ਤਾਂ ਸ਼ਾਇਦ ਸੂਬੇ ਦੀ ਨੌਜਵਾਨੀ ਨਸ਼ਿਆਂ ’ਚ ਗਲਤਾਨ ਨਾ ਹੁੰਦੀ।ਡੇਰਾਵਾਦ ਕਰ ਕੇ ਕਈ ਵਾਰ ਫਿ਼ਰਕੂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਨਾਲ ਵੱਡੇ ਪੱਧਰ ’ਤੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਸੋ, ਸੋਚਣ ਦੀ ਲੋੜ ਹੈ ਕਿ ਡੇਰਾਵਾਦ ਅਤੇ ਇਨ੍ਹਾਂ ਡੇਰਿਆਂ ਦੇ ਪੁਜਾਰੀਆਂ ਨੂੰ ਲਗਾਮ ਕਿੱਦਾਂ ਪਾਈ ਜਾਵੇ? ਹੁਣ ਸਿਆਸੀ ਆਗੂਆਂ ਜੋ ਇਨ੍ਹਾਂ ਬਾਬਿਆਂ ਦੇ ਡੇਰਿਆਂ ’ਤੇ ਜਾਂਦੇ ਹਨ, ਨੂੰ ਸੋਚਣ ਦੀ ਲੋੜ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਬਾਬੇ ਸਿੱਧੇ ਰੂਪ ਵਿੱਚ ਰਾਜਨੀਤੀ ਵਿੱਚ ਦਾਖਲ ਹੋ ਕੇ ਖ਼ੁਦ ਚੋਣ ਲੜਿਆ ਕਰਨਗੇ। ਕੁਝ ਰਾਜਾਂ ਵਿੱਚ ਅਜਿਹੇ ਸਾਧ ਚੋਣ ਲੜ ਵੀ ਚੁੱਕੇ ਹਨ। ਇਹ ਗੱਲ ਵੀ ਲੁਕੀ ਹੋਈ ਨਹੀਂ ਕਿ ਇਨ੍ਹਾਂ ਬਾਬਿਆਂ ਵਿੱਚੋਂ ਬਹੁਤ ਸਾਰੇ ਬਾਬੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ। ਕਈ ਤਾਂ ਅਦਾਲਤਾਂ ਵੱਲੋਂ ਅਪਰਾਧ ਸਾਬਤ ਹੋਣ ਮਗਰੋਂ ਸੀਖਾਂ ਪਿੱਛੇ ਸਜ਼ਾ ਵੀ ਭੁਗਤ ਰਹੇ ਹਨ।ਇੱਕ ਹੋਰ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਇਨ੍ਹਾਂ ਬਾਬਿਆਂ ਮਗਰ ਲੱਗੇ ਹੋਏ ਹਨ ਜੋ ਨਰੋਏ ਸਮਾਜ ਵਾਸਤੇ ਸ਼ੁਭ ਸੰਕੇਤ ਨਹੀਂ। ਕੁਝ ਜਾਗਰੂਕ ਲੋਕਾਂ ਨੇ ਅਜਿਹੇ ਬਾਬਿਆਂ ਦੇ ਚਿਹਰਿਆਂ ਤੋਂ ਨਕਾਬ ਲਾਹੁਣ ਲਈ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਕਈ ਥਾਈਂ ਇਨ੍ਹਾਂ ਕੋਸਿ਼ਸ਼ਾਂ ਨੂੰ ਬੂਰ ਵੀ ਪਿਆ ਹੈ। ਇਸ ਕਰ ਕੇ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਇਨ੍ਹਾਂ ਬਾਬਿਆਂ ਮਗਰ ਲੱਗ ਕੇ ਪੈਸਾ ਅਤੇ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ; ਨਹੀਂ ਤਾਂ ਡੇਰਾਵਾਦ ਵਧਦਾ ਫੁੱਲਦਾ ਰਹੇਗਾ ਅਤੇ ਇਹ ਬਾਬੇ ਇਸੇ ਤਰ੍ਹਾਂ ਲੋਕਾਂ ਨੂੰ ਲੁੱਟਦੇ ਰਹਿਣਗੇ।ਸੋ, ਲੋੜ ਹੈ ਇਨ੍ਹਾਂ ਬਾਬਿਆਂ ਮਗਰ ਲੱਗਣ ਦੀ ਬਜਾਏ, ਮਾਨਸਿਕ ਸ਼ਕਤੀ ਅਤੇ ਸੋਚ ਨੂੰ ਤਕੜਾ ਕਰ ਕੇ ਆਪਣੀਆਂ ਸਮੱਸਿਆਵਾਂ ਦਾ ਖ਼ੁਦ ਨਿਬੇੜਾ ਕਰਨ ਦੀ, ਤਾਂ ਜੋ ਇਨ੍ਹਾਂ ਵੱਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਤੋਂ ਬਚਿਆ ਜਾ ਸਕੇ। ਸਿਆਸੀ ਆਗੂਆਂ ਨੂੰ ਵੀ ਇਨ੍ਹਾਂ ਮਗਰ ਲੱਗਣ ਦੀ ਥਾਂ ਲੋਕ ਸੇਵਾ ਕਰ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੀਦਾ ਹੈ।ਸੰਪਰਕ: 76967-54669