ਡੇਰਾਬੱਸੀ ’ਚ ਘੱਗਰ ਪੁਲ ਦੀ ਮੁਰੰਮਤ ਜਾਰੀ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 8 ਜੂਨ
ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਪੈਂਦੇ ਪਿੰਡ ਭਾਂਖਰਪੁਰ ਘੱਗਰ ਦਰਿਆ ਦੇ ਪੁਰਾਣੇ ਪੁਲ ਦੀ ਮੁਰੰਮਤ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਹਾਲੇ ਵੀ ਆਵਾਜਾਈ ਲਈ ਇਸ ਦੀ ਇਕ ਲੇਨ ਬੰਦ ਰੱਖੀ ਹੋਈ ਸੀ। ਇਸ ਕਾਰਨ ਅੱਜ ਸਾਰਾ ਦਿਨ ਜਾਮ ਵਰਗੀ ਸਥਿਤੀ ਬਣੀ ਰਹੀ। ਅੱਜ ਸਾਰਾ ਦਿਨ ਵਾਹਨਾਂ ਨੂੰ ਧੀਮੀ ਰਫ਼ਤਾਰ ਨਾਲ ਲੰਘਾਇਆ ਗਿਆ। ਵਾਹਨ ਚਾਲਕਾਂ ਨੂੰ ਪੰਜ ਮਿੰਟ ਦੇ ਸਫ਼ਰ ਲਈ ਘੰਟਿਆਂਬੱਧੀ ਖ਼ੁਆਰ ਹੋਣਾ ਪਿਆ।
ਜ਼ਿਕਰਯੋਗ ਹੈ ਕਿ ਪੁਰਾਣੇ ਘੱਗਰ ਪੁਲ ਦਾ ਕੱਲ੍ਹ ਇਕ ਸਪੈਨ ਟੁੱਟ ਗਿਆ ਸੀ। ਇਸ ਕਾਰਨ ਇੱਥੇ ਹਾਦਸੇ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਸਪੈਨ ਟੁੱਟਣ ਕਾਰਨ ਪੁਲੀਸ ਨੇ ਚੌਕਸੀ ਵਰਤਦੇ ਹੋਏ ਪੁਲ ਦੀ ਇਕ ਲੇਨ ਵਾਹਨਾਂ ਲਈ ਬੰਦ ਕਰ ਦਿੱਤੀ ਸੀ। ਇਸ ਕਾਰਨ ਕੱਲ੍ਹ ਵੀ ਹਾਈਵੇਅ ’ਤੇ ਸਾਰਾ ਦਿਨ ਜਾਮ ਲੱਗਿਆ ਰਿਹਾ। ਇਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਉਂਜ, ਸੜਕ ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਨੇ ਇਸ ਦੀ ਮੁਰੰਮਤ ਚਾਲੂ ਕਰ ਦਿੱਤੀ ਜੋ ਹਾਲੇ ਜਾਰੀ ਹੈ। ਕੰਪਨੀ ਵੱਲੋਂ ਧਸੇ ਹੋਏ ਸਪੈਨ ਨੂੰ ਪੂਰੀ ਤਰ੍ਹਾਂ ਤੋੜ ਕੇ ਨਵੇਂ ਸਿਰੇ ਤੋਂ ਭਰਿਆ ਜਾ ਰਿਹਾ ਹੈ।
ਟਰੈਫਿਕ ਇੰਚਾਰਜ ਹਰਕੇਸ਼ ਸਿੰਘ ਨੇ ਕਿਹਾ ਕਿ ਮੁਰੰਮਤ ਦਾ ਕੰਮ ਜਾਰੀ ਹੈ ਜਿਸ ਨੂੰ ਛੇਤੀ ਨੇਪਰੇ ਚਾੜ੍ਹ ਲਿਆ ਜਾਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਜ ਜਾਮ ਦੀ ਸਥਿਤੀ ਭਲਕ ਤੋਂ ਬਿਹਤਰ ਸੀ ਅਤੇ ਆਵਾਜਾਈ ਲਗਾਤਾਰ ਜਾਰੀ ਰਹੀ। ਉਨ੍ਹਾਂ ਨੇ ਕਿਹਾ ਕਿ ਛੇਤੀ ਪੁਲ ਠੀਕ ਹੋਣ ਮਗਰੋਂ ਪਹਿਲਾਂ ਵਾਂਗ ਦੋਂਵੇਂ ਲੇਨ ਆਵਾਜਾਈ ਲਈ ਖੋਲ੍ਹ ਦਿੱਤੇ ਜਾਣਗੇ।
ਜਾਣਕਾਰੀ ਅਨੁਸਾਰ ਇਹ ਪੁਲ ਪੁਰਾਣਾ ਹੋ ਗਿਆ ਹੈ ਜੋ ਆਪਣੀ ਮਿਆਦ ਪੁਗਾ ਚੁੱਕਾ ਹੈ। ਇਸੇ ਕਾਰਨ ਇਹ ਪੁਲ ਵਾਰ-ਵਾਰ ਟੁੱਟ ਰਿਹਾ ਹੈ।