ਡੇਅਰੀ ਸੰਚਾਲਕਾਂ ਦੇ ਧਰਨੇ ਮਗਰੋਂ ਸੰਤ ਸੀਚੇਵਾਲ ਨੇ ਕੀਤਾ ਦੌਰਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੂਨ
ਬੁੱਢਾ ਦਰਿਆ ਦੇ ਸਫਾਈ ਪ੍ਰਾਜੈਕਟ ਤਹਿਤ ਤਾਜਪੁਰ ਰੋਡ ’ਤੇ ਬਣੀਆਂ ਡੇਅਰੀਆਂ ਦਾ ਦੂਸ਼ਿਤ ਪਾਦੀ ਬੁੱਢੇ ਦਰਿਆ ਵਿੱਚ ਸੁੱਟਣ ਤੋਂ ਮਨ੍ਹਾਂ ਕਰਨ ਕਰਕੇ ਦੂਸ਼ਿਤ ਪਾਣੀ ਡੇਅਰੀਆਂ ਵਿੱਚ ਖੜ੍ਹਾ ਹੋਣ ਦੇ ਵਿਰੋਧ ਵਿੱਚ ਬੀਤੇ ਕੱਲ ਡੇਅਰੀ ਸੰਚਾਲਕਾਂ ਵੱਲੋਂ ਦਿੱਤੇ ਧਰਨੇ ਮਗਰੋਂ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡੇਅਰੀਆਂ ਵਿੱਚ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਈ ਥਾਵਾਂ ਦੀ ਜਾਂਚ ਕੀਤੀ। ਇਸ ਮੌਕੇ ਨਗਰ ਨਿਗਮ ਦੀ ਟੀਮ ਤੇ ਡੇਅਰੀ ਸੰਚਾਲਕ ਵੀ ਮੌਜੂਦ ਸਨ। ਸੰਤ ਸੀਚੇਵਾਲ ਨੇ ਨਿਗਮ ਅਧਿਕਾਰੀਆਂ ਨੂੰ ਸਮੱਸਿਆ ਦਾ ਹੱਲ ਲੱਭਣ ਲਈ ਕਿਹਾ।
ਸ੍ਰੀ ਸੀਚੇਵਾਲ ਨੇ ਕਿਹਾ ਕਿ ਡੇਅਰੀਆਂ ਨਿਗਮ ਅਧੀਨ ਆਉਂਦੀਆਂ ਹਨ। ਸਰਕਾਰ ਨੇ 9 ਕਰੋੜ ਰੁਪਏ ਖਰਚ ਕਰਕੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਟਰੀਟਮੈਂਟ ਪਲਾਂਟ ਲਗਾਇਆ ਸੀ ਜਿਸ ਵਿੱਚ ਸੜਕਾਂ ਅਤੇ ਗਲੀਆਂ ਦਾ ਪੂਰਾ ਸਿਸਟਮ ਅਤੇ ਨਾਲੀਆਂ ਦਾ ਡਰੇਨੇਜ ਸਿਸਟਮ ਸਹੀ ਢੰਗ ਨਾਲ ਕੰਮ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਡੇਅਰੀ ਵਾਲੇ ਪਾਣੀ ਦੇ ਨਾਲ ਸਾਰਾ ਗੋਹਾ ਵੀ ਸੀਵਰੇਜ ਵਿੱਚ ਸੁੱਟ ਰਹੇ ਸਨ ਜਿਸ ਕਰਕੇ ਇਹ ਟਰੀਟਮੈਂਟ ਪਲਾਂਟ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ 15 ਤੋਂ 20 ਫ਼ੀਸਦ ਗੋਹੇ ਨਾਲ ਟਰੀਟਮੈਂਟ ਪਲਾਂਟ ਕੰਮ ਕਰ ਸਕਦਾ ਹੈ, ਪਰ ਜੇਕਰ ਸਾਰਾ ਗੋਹਾ ਇਸ ਵਿੱਚ ਚਲਾ ਜਾਵੇ ਤਾਂ ਇਹ ਕੰਮ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਟਰੀਟਮੈਂਟ ਪਲਾਂਟ ਲਗਾ ਕੇ ਡੇਅਰੀ ਸੰਚਾਲਕਾਂ ਦੀ ਮਦਦ ਕਰ ਰਹੀ ਹੈ। ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਰੀਟਮੈਂਟ ਪਲਾਂਟ ਵਿੱਚ ਜਾਣ ਵਾਲਾ ਪਾਣੀ ਮਗਰੋਂ ਦਰਿਆ ਵਿੱਚ ਜਾਵੇਗਾ ਤੇ ਦਰਿਆ ਪ੍ਰਦੂਸ਼ਿਤ ਨਹੀਂ ਹੋਵੇਗਾ। ਸੰਤ ਸੀਚੇਵਾਲਾ ਨੇ ਕਿਹਾ ਕਿ ਜੇਕਰ ਡੇਅਰੀ ਸੰਚਾਲਕ ਨਿਯਮਾਂ ਅਨੁਸਾਰ ਗੋਹੇ ਤੋਂ ਬਗੈਰ ਪਾਣੀ ਟਰੀਟਮੈਂਟ ਪਲਾਂਟ ਵਿੱਚ ਪਾਉਣਗੇ ਤਾਂ ਦੋਵੇਂ ਧਿਰਾਂ ਦੇ ਕੰਮ ਚੱਲਦੇ ਰਹਿ ਸਕਣਗੇ।
ਦੂਜੇ ਪਾਸੇ, ਡੇਅਰੀ ਸੰਚਾਲਕਾਂ ਦੀ ਅਗਵਾਈ ਕਰ ਰਹੇ ਤਜਿੰਦਰ ਪਾਲ ਸਿੰਘ ਨੇ ਕਿਹਾ ਕਿ ਗਲੀਆਂ ਦੀ ਸਫਾਈ ਕੀਤੀ ਜਾਵੇਗੀ ਅਤੇ ਡਰੇਨੇਜ ਸਿਸਟਮ ਨੂੰ ਠੀਕ ਕੀਤਾ ਜਾਵੇਗਾ ਤਾਂ ਜੋ ਪਾਣੀ ਟਰੀਟਮੈਂਟ ਪਲਾਂਟ ਤੱਕ ਜਾਵੇ।