ਗੁਰਨਾਮ ਸਿੰਘ ਅਕੀਦਾਪਟਿਆਲਾ, 27 ਜੂਨਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸੂਬਾ ਵਾਸੀਆਂ ਨੂੰ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾਉਣ ਲਈ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਤਹਿਤ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸੇ ਲੜੀ ਤਹਿਤ ਅੱਜ ਉਨ੍ਹਾਂ ਪਟਿਆਲਾ ਦੇ ਰਣਜੀਤ ਨਗਰ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਘਰ ਘਰ ਜਾ ਕੇ ਡੇਂਗੂ ਦਾ ਲਾਰਵਾ ਲੱਭਿਆ ਤੇ ਉਸ ਨੂੰ ਨਸ਼ਟ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਪੰਜਾਬ ਸੂਬੇ ਨੂੰ ਡੇਂਗੂ ਤੋਂ ਬਚਾਉਣ ਲਈ ਹਰ ਪੰਜਾਬੀ ਆਪਣਾ ਫ਼ਰਜ਼ ਨਿਭਾਵੇ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੀ ਮੌਜੂਦ ਸਨ।ਡਾ. ਬਲਬੀਰ ਸਿੰਘ ਨੇ ਰਣਜੀਤ ਨਗਰ ਦੇ ਕਈ ਘਰਾਂ ਵਿੱਚ ਜਾ ਕੇ ਵੱਖ-ਵੱਖ ਪਾਣੀ ਵਾਲੇ ਬਰਤਨਾਂ, ਫੁੱਲਾਂ ਦੇ ਗਮਲੇ, ਪਾਰਕ ਅਤੇ ਪੰਛੀਆਂ ਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਵਰਤੇ ਜਾਂਦੇ ਭਾਂਡਿਆਂ ਤੇ ਕਾਰ ਸਰਵਿਸ ਸਟੇਸ਼ਨ ਦੀ ਜਾਂਚ ਕੀਤੀ। ਸਿਹਤ ਮੰਤਰੀ ਵੱਲੋਂ ਹਰ ਉਸ ਥਾਂ ਦੀ ਚੈਕਿੰਗ ਕੀਤੀ ਗਈ ਜਿੱਥੇ ਡੇਂਗੂ ਦਾ ਲਾਰਵਾ ਹੋਣ ਦੀ ਸੰਭਾਵਨਾ ਸੀ, ਉਨ੍ਹਾਂ ਕਈ ਘਰਾਂ ਵਿੱਚ ਲਾਰਵਾ ਖ਼ੁਦ ਲੱਭਿਆ ਤੇ ਇਸ ਨੂੰ ਨਸ਼ਟ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਖ਼ਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਲਾਟਾਂ ਦੀ ਸਫ਼ਾਈ ਜ਼ਰੂਰ ਕਰਵਾਉਣ ਤਾਂ ਕਿ ਖ਼ਾਲੀ ਪਲਾਟਾਂ ’ਚ ਖੜ੍ਹੇ ਪਾਣੀ ਕਾਰਨ ਨਾਲ ਰਹਿੰਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਇੱਕ ਘੰਟਾ ਆਪਣੇ ਘਰਾਂ ਅਤੇ ਆਲੇ-ਦੁਆਲੇ ਡੇਂਗੂ ਖ਼ਤਮ ਕਰਨ ਲਈ ਸਮਾਂ ਕੱਢਣ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਭਾਵੇਂ ਡੇਂਗੂ ਦਾ ਟੈੱਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹੈ ਪਰ ਕੁਝ ਸਾਧਾਰਨ ਸਾਵਧਾਨੀਆਂ ਅਪਣਾ ਕੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਖ਼ੁਦ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਵਾਧੂ ਬੈੱਡ ਡੇਂਗੂ ਦੇ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ। ਇਸ ਮੌਕੇ ਐੱਸਐੱਮਓ ਡਾ. ਮੋਨਿਕਾ ਤੇ ਡਾ. ਸੁਮਿਤ ਸਿੰਘ ਸਮੇਤ ਸਿਹਤ ਵਿਭਾਗ ਦਾ ਅਮਲਾ ਮੌਜੂਦ ਸੀ।