For the best experience, open
https://m.punjabitribuneonline.com
on your mobile browser.
Advertisement

ਡੁੱਲ੍ਹੇ ਬੇਰ ਡਿੱਗੇ ਬੇਰ

04:42 AM Mar 21, 2025 IST
ਡੁੱਲ੍ਹੇ ਬੇਰ ਡਿੱਗੇ ਬੇਰ
Advertisement
ਅਮਰਜੀਤ ਸਿੰਘ ਮਾਨ
Advertisement

ਸਾਡੇ ਘਰ ਤੋਂ ਜਦੋਂ ਮੰਡੀ (ਮੌੜ) ਵੱਲ ਜਾਈਏ ਤਾਂ ਰਾਹ ਵਿੱਚ ਬਾਵਿਆਂ ਦੇ ਘਰ ਆਉਂਦੇ। ਉਨ੍ਹਾਂ ’ਚੋਂ ਇੱਕ ਦਾ ਨਾਂ ਮਿਹਰੂ ਹੈ। ਉਹ ਪਿੰਡ ਦਾ ਗਰੀਬ ਕਿਸਾਨ ਹੈ ਜੋ ਹੁਣ ਸਿਰਫ਼ ਮਜ਼ਦੂਰ ਬਣ ਕੇ ਰਹਿ ਗਿਆ ਹੈ। ਉਨ੍ਹਾਂ ਦੇ ਘਰ ਦੀ ਬਿਨਾਂ ਟੀਪ/ਪਲਸਤਰ ਬਾਹਰਲੀ ਕੰਧ ਨਾਲ ਗਲੀ ਵਿੱਚ ਦੇਸੀ ਬੇਰੀ ਹੈ। ਮਾਘ ਵਿੱਚ ਹੀ ਉਸ ਉੱਤੇ ਕੱਚੇ ਬੇਰਾਂ ਦੀਆਂ ਲੜੀਆਂ ਲਮਕਣ ਲੱਗ ਪੈਂਦੀਆਂ। ਚੜ੍ਹਦੇ ਫੱਗਣ ਲੜੀਆਂ ਵਿੱਚ ਟਾਵਾਂ-ਟਾਵਾਂ ਬੇਰ ਪੱਕਣ ਲੱਗਦਾ। ਪੱਕਣ ਪਿੱਛੋਂ ਇਹ ਕੁਝ ਦਿਨ ਲੜੀ ਨਾਲ ਲੱਗਿਆ ਰਹਿੰਦਾ, ਫਿਰ ਗਲੀ ਵਿੱਚ ਆ ਡਿੱਗਦਾ। ਜਿਵੇਂ-ਜਿਵੇਂ ਫੱਗਣ ਦੇ ਦਿਨ ਲੰਘਦੇ ਜਾਂਦੇ, ਡਿੱਗੇ ਹੋਏ ਬੇਰਾਂ ਦੀ ਗਿਣਤੀ ਵਧਣ ਲੱਗਦੀ ਹੈ। ਸਾਈਕਲਾਂ ਅਤੇ ਮੋਟਰਸਾਈਕਲਾਂ ’ਤੇ ਰਾਹਗੀਰ ਡਿੱਗੇ ਬੇਰਾਂ ਨੂੰ ਲਤਾੜਦੇ ਪਿੰਡ ਤੋਂ ਮੰਡੀ ਤੇ ਮੰਡੀ ਤੋਂ ਪਿੰਡ ਵੱਲ ਸਾਰਾ ਦਿਨ ਲੰਘਦੇ ਰਹਿੰਦੇ। ਰੱਬ ਵੱਲ ਮੂੰਹ ਚੁੱਕੀ ਰੰਗ-ਬਿਰੰਗੇ ਪਤੰਗਾਂ ਪਿੱਛੇ ਭੱਜਦੇ ਜਵਾਕਾਂ ਨੂੰ ਵੀ ਇਹ ਬੇਰ ਕੋਈ ਖਿੱਚ ਨਹੀਂ ਪਾਉਂਦੇ। ਸ਼ਾਇਦ ਅੱਜ ਕੱਲ੍ਹ ਦੇ ਬੱਚਿਆਂ ਦੀ ਨਿਗ੍ਹਾ ਧਰਤੀ ਵੱਲ ਜਾਂਦੀ ਹੀ ਨਹੀਂ!

Advertisement
Advertisement

ਜਦੋਂ ਅਸੀਂ ਚੌਥੀ ਪੰਜਵੀਂ ਵਿੱਚ ਪੜ੍ਹਦੇ ਸਾਂ, ਉਸ ਵੇਲੇ ਵੀ ਇੱਕ ਬੇਰੀ ਹੁੰਦੀ ਸੀ ਜੋ ਦਿਆਵੰਤੀ ਦੇ ਬੇਰੀ ਵਜੋਂ ਮਸ਼ਹੂਰ ਸੀ।

ਦਿਆਵੰਤੀ ਤੇ ਬਾਬਾ ਤਾਰਾ ਪਿੰਡ ਦੀ ਸਤਿਕਾਰਯੋਗ ਬਿਰਧ ਜੋੜੀ ਸੀ। ਉਨ੍ਹਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ। ਬਾਬੇ ਨੇ ਆਪਣਾ ਭਤੀਜਾ ਗੋਦ ਲਿਆ ਹੋਇਆ ਸੀ ਜੋ ਉਸ ਸਮੇਂ ਕੈਨੇਡਾ ਦਾ ਪੱਕਾ ਵਸਨੀਕ ਸੀ ਤੇ ਬਾਬੇ ਹੁਰੀਂ ਫਿਰ ’ਕੱਲੇ ਦੇ ’ਕੱਲੇ।

ਉਨ੍ਹਾਂ ਦੇ ਘਰ ਅੰਦਰਲੀ ਬਾੜੀ ਵਿੱਚ ਇਹ ਬੇਰੀ ਜੰਗਲੀ ਬੂਟੇ ਵਾਂਗ ਉੱਗ ਆਈ ਸੀ। ਸੰਭਵ ਹੈ, ਕੋਈ ਪੰਛੀ/ਜਨੌਰ ਇਸ ਦੇ ਬੀਜ ਨੂੰ ਇੱਥੇ ਲਿਆਉਣ ਦਾ ਵਾਹਕ ਬਣਿਆ ਹੋਣੈ! ਤੇ ਬੇਬੇ ਨੇ ਆਪਣਾ ਧੀ/ਪੁੱਤ ਸਮਝ ਪੂਰੀਆਂ ਰੀਝਾਂ ਨਾਲ ਇਸ ਨੂੰ ਵਧਣ ਫੁੱਲਣ ਦਿੱਤਾ। ਫੈਲਦੀ-ਫੈਲਦੀ ਬੇਰੀ ਘਰ ਦੀ ਕੰਧ ਟੱਪ ਕੇ ਬਾਹਰ ਵੱਲ ਲਮਕਣ ਲੱਗ ਪਈ ਸੀ। ਸਬੱਬੀਂ, ਇਹ ਕਿਸੇ ਚੰਗੀ ਨਸਲ ਦੀ ਸੀ ਜਿਸ ਨੂੰ ਖੇਤਾਂ ਵਿੱਚ ਖੜ੍ਹੀਆਂ ਬੇਰੀਆਂ ਨਾਲੋਂ ਪਹਿਲਾਂ ਬੇਰਾਂ ਦੇ ਪੂਰ ਲੱਗਦੇ ਤੇ ਉਨ੍ਹਾਂ ਤੋਂ ਪਹਿਲਾਂ ਹੀ ਪੱਕਣ ਲੱਗ ਜਾਂਦੇ।

ਵੱਡਾ ਹੋਣ ਕਾਰਨ ਪਿੰਡ ਵਿਚ ਦੋ ਪ੍ਰਾਇਮਰੀ ਸਕੂਲ ਸਨ। ਇਧਰਲੇ ਪਾਸੇ ਮੁੱਖ ਸਕੂਲ ਦੀ ਬਰਾਂਚ ਬਣੀ ਹੋਈ ਸੀ ਜਿੱਥੇ ਲਗਭਗ ਅੱਧੇ ਪਿੰਡ ਦੇ ਬੱਚੇ ਪੜ੍ਹਨ ਆਉਂਦੇ। ਉਨ੍ਹਾਂ ਦਾ ਰਾਹ ਦਿਆਵੰਤੀ ਦੇ ਘਰ ਕੋਲ ਦੀ ਹੁੰਦਾ। ਉਹ ਸਮਾਂ ਹੀ ਐਸਾ ਸੀ ਜਦੋਂ ਪ੍ਰਾਇਮਰੀ ਸਕੂਲ ਦੇ ਪਾੜ੍ਹਿਆਂ ਨੂੰ ਘਰੋਂ ਕੋਈ ਜੇਬ ਖਰਚ ਨਹੀਂ ਮਿਲਦਾ ਸੀ। ਉਨ੍ਹਾਂ ਲਈ ਇਹੀ ਬੇਰ ਕੌਰੂ ਦਾ ਖਜ਼ਾਨਾ ਹੁੰਦੇ।

ਸਕੂਲ ਆਉਂਦੇ/ਜਾਂਦੇ ਅਸੀਂ ਬੇਰਾਂ ਨੂੰ ਰੋੜੇ ਮਾਰ-ਮਾਰ ਝਾੜਨ ਦੀ ਕੋਸ਼ਿਸ਼ ਕਰਦੇ। ਬੇਰ ਧਰਤੀ ’ਤੇ ਮਗਰੋਂ ਡਿੱਗਦੇ, ਪਹਿਲਾਂ ਬੇਬੇ ਦੀਆਂ ‘ਬੰਦਿਆਂ ਵਾਲੀਆਂ’ ਗਾਲਾਂ ਸਾਡੇ ਕੰਨੀਂ ਪੈਂਦੀਆਂ, “ਖੜ੍ਹਜੋ ਸੋਡੀ…।”

ਅਸੀਂ ਬਿਨਾਂ ਬੇਰ ਚੁਗਿਆਂ ਅੱਡੀਆਂ ਨੂੰ ਥੁੱਕ ਲਾ ਜਾਂਦੇ। ਸਾਡਾ ਬਚਪਨ ਆਪਣੇ ਨਾਲੋਂ ਵੱਡੀ ਗੱਲ ਸੋਚਦਾ, ‘ਅੰਬੋ ਦਾ ਨਾਂ ਦਿਆਵੰਤੀ ਐ, ਫਿਰ ਇਹਦੇ ਮਨ ’ਚ ਦਿਆ ਕਿਉਂ ਨਹੀਂ ਆਉਂਦੀ!’

ਜਦੋਂ ਕਦੇ ਪਤਾ ਲੱਗਦਾ, ਅੰਬੋ ਅੱਜ ਘਰ ਨਹੀਂ ਤਾਂ ਅਸੀਂ ਮਨ ਦੀਆਂ ਭੋਲਾਂ ਲਾਹ ਲੈਣੀਆਂ ਤੇ ਆਪਸ ਵਿੱਚ ਬੇਰ ਦੀ ਹਿੜਕ (ਗਿਟਕ) ਨੂੰ ਮੂੰਹ ਦੀ ਹਵਾ ਨਾਲ ਸਭ ਤੋਂ ਦੂਰ ਸੁੱਟਣ ਦੀਆਂ ਸ਼ਰਤਾਂ ਲਾਉਣੀਆਂ।

ਅਖ਼ੀਰ, ਬਹੁਤੇ ਬੇਰ ਪੱਕਣ ਤੋਂ ਪਹਿਲਾਂ ਹੀ ਝਾੜ ਲਏ ਜਾਂਦੇ। ਇਨ੍ਹਾਂ ਅਧ ਪੱਕੇ ਬੇਰਾਂ ਨੂੰ ਚਬਦੇ ਜਦੋਂ ਘਰ ਪਹੁੰਚਦੇ ਤਾਂ ਲਿਬੜੀਆਂ ਖਾਖਾਂ ਦੇਖ ਮਾਂ ਝਿੜਕਦੀ, “ਕਿੰਨੀ ਵਾਰੀ ਕਿਹਾ, ਨਾ ਖਾਇਆ ਕਰੋ ਗਲ ਘੋਟੂ ਕਾਕੜੇ! ਗਲਾ ਬੰਦ ਕਰ ਦੇਣਗੇ। ਨਾਲੇ ਸਾਰੀ ਰਾਤ ਖਊਂ-ਖਊਂ ਕਰੀ ਜਾਨੇ ਓਂ।”

“ਊਂਅ ਕਾਕੜੇ ਕਿੱਥੇ… ਗੜ੍ਹੋਂਦੇ ਐ ਕਿਰੇ-ਕਿਰੇ।” ਮੁੱਠੀ ਖੋਲ੍ਹ ਕੇ ਦਿਖਾਉਂਦੇ ਭੋਲੇ ਬਚਪਨ ਨੂੰ ਮਾਂ ਦੀਆਂ ਗਾਲਾਂ ਘਿਉ ਦੀਆਂ ਨਾਲਾਂ ਲੱਗਦੀਆਂ।

ਉਦੋਂ ‘ਬੇਰਾਂ ਬੱਟੇ ਨਾ ਪਛਾਨਣਾ’ ਮੁਹਾਵਰਾ ਨਰਾਰਥਿਕ ਜਾਪਦਾ ਸੀ ਪਰ ਹੁਣ ਜਦੋਂ ਮਿਹਰੂ ਬਾਵੇ ਦੀ ਬੇਰੀ ਤੋਂ ਆਪਣੇ ਆਪ ਡਿੱਗੇ ਬੇਰਾਂ ਦੀ ਬੇਕਦਰੀ ਦੇਖਦਾ ਹਾਂ ਤਾਂ ਲੱਗਦਾ ਕਿ ਉਹ ਮੁਹਾਵਰਾ ਸ਼ਾਇਦ ਇਨ੍ਹਾਂ ਸਮਿਆਂ ਲਈ ਬਣਿਆ ਹੋਵੇ, ਜਦੋਂ ਡੁੱਲ੍ਹੇ ਨਹੀਂ, ਡਿੱਗੇ ਬੇਰਾਂ ਦਾ ‘ਕੁਝ ਨਹੀਂ’ ਸਗੋਂ ਸਭ ਕੁਝ ਵਿਗੜਿਆ ਪਿਆ ਹੁੰਦਾ!

ਸੰਪਰਕ: 94634-45092

Advertisement
Author Image

Jasvir Samar

View all posts

Advertisement