ਡੀਏਵੀ ਕਾਲਜ ਵਿੱਚ ਪੱਤਰਕਾਰੀ ਦੀ ਭੂਮਿਕਾ ਸਬੰਧੀ ਸੈਮੀਨਾਰ
ਪੱਤਰ ਪ੍ਰੇਰਕ
ਯਮੁਨਾਨਗਰ, 14 ਮਈ
ਨਾਰਦ ਜੈਯੰਤੀ ਮੌਕੇ ਵਿਸ਼ਵ ਸੰਵਾਦ ਕੇਂਦਰ ਜਗਾਧਰੀ-ਯਮੁਨਾਨਗਰ ਅਤੇ ਡੀਏਵੀ ਗਰਲਜ਼ ਕਾਲਜ ਦੇ ਜਨ ਸੰਚਾਰ ਵਿਭਾਗ ਦੇ ਸਾਂਝੇ ਸਹਿਯੋਗ ਹੇਠ ਰਾਸ਼ਟਰੀ ਸਸ਼ਕਤੀਕਰਨ ਵਿੱਚ ਪੱਤਰਕਾਰੀ ਦੀ ਭੂਮਿਕਾ ’ਤੇ ਪੱਤਰਕਾਰ ਮਿਲਣੀ ਅਤੇ ਸੈਮੀਨਾਰ ਕਰਵਾਇਆ ਗਿਆ। ਮੁੱਖ ਬੁਲਾਰੇ ਵਜੋਂ ਵਿਸ਼ਵ ਸੰਚਾਰ ਕੇਂਦਰ ਪੰਚਕੂਲਾ ਦੇ ਸੰਪਾਦਕ ਰਾਜੇਸ਼ ਸ਼ਾਂਡਿਲਿਆ ਨੇ ਹਾਜ਼ਰੀ ਭਰੀ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੂਬਾਈ ਬੁੱਧੀਜੀਵੀ ਸਿੱਖਿਆ ਮੁਖੀ ਭੁਪੇਸ਼ ਅਰੋੜਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ । ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਵਿਸ਼ੇਸ਼ ਰੂਪ ਵਿੱਚ ਸਮਾਗਮ ਵਿੱਚ ਮੌਜੂਦ ਸਨ । ਸੂਬਾਈ ਬੌਧਿਕ ਸਿੱਖਿਆ ਮੁਖੀ ਭੁਪੇਸ਼ ਅਰੋੜਾ ਨੇ ਕਿਹਾ ਕਿ ਪੱਤਰਕਾਰਾਂ ਅਤੇ ਪੱਤਰਕਾਰੀ ਦਾ ਦਬਦਬਾ ਪ੍ਰਾਚੀਨ ਸਮੇਂ ਤੋਂ ਹੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅੱਜ ਕੁਝ ਸੰਸਥਾਵਾਂ ਜਲਦੀ ਖ਼ਬਰਾਂ ਦੇਣ ਦੀ ਕਾਹਲੀ ਵਿੱਚ ਗਲਤ ਜਾਣਕਾਰੀ ਦੇ ਰਹੀਆਂ ਹਨ, ਇਸ ਨੂੰ ਰੋਕਣ ਦੀ ਲੋੜ ਹੈ। ਰਾਜੇਸ਼ ਸ਼ਾਂਡਿਲਿਆ ਨੇ ਕਿਹਾ ਕਿ ਪੱਤਰਕਾਰੀ ਦਾ ਰਾਸ਼ਟਰ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਹੈ। ਪੱਤਰਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਸਮਾਜ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ ਜੋ ਸੰਤੁਲਨ ਬਣਾਈ ਰੱਖਦੀਆਂ ਹਨ । ਸਕਾਰਾਤਮਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਦੌਰਾਨ ਪੱਤਰਕਾਰ ਗੁਲਸ਼ਨ ਕੁਮਾਰ ਵੀ ਹਾਜ਼ਰ ਸਨ ।