ਨਿੱਜੀ ਪੱਤਰ ਪ੍ਰੇਰਕਮਾਲੇਰਕੋਟਲਾ, 31 ਜਨਵਰੀਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡਾਂ ਅੰਦਰ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦਿਆਂ ਆਂਗਣਵਾੜੀ ਕੇਂਦਰਾਂ, ਸਵੱਛ ਭਾਰਤ, ਠੋਸ ਤੇ ਤਰਲ ਕੂੜਾ ਪ੍ਰਬੰਧਨ, ਖੇਡ ਮੈਦਾਨਾਂ, ਲਾਇਬ੍ਰੇਰੀਆਂ ਤੇ ਮਗਨਰੇਗਾ ਸਕੀਮ ਤਹਿਤ ਚੱਲ ਰਹੇ ਕੰਮਾਂ ਸਬੰਧੀ ਮੀਟਿੰਗ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ, ਡੀ.ਡੀ.ਪੀ.ਓ. ਰਿੰਪੀ ਗਰਗ, ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜੀਨੀਅਰ ਗੁਰਵਿੰਦਰ ਸਿੰਘ, ਬੀ.ਡੀ.ਪੀ.ਓ. ਜਗਰਾਜ ਸਿੰਘ ,ਬੀ.ਡੀ.ਪੀ.ਓ. ਗੁਰਮੀਤ ਸਿੰਘ, ਜੂਨੀਅਰ ਇੰਜੀਨੀਅਰ ਜਿੰਮੀ ਖ਼ਾਨ, ਵਰਕਸ ਮੈਨੇਜਰ ਮਗਨਰੇਗਾ ਰਜਤ ਸਿੰਗਲਾ, ਏ.ਪੀ.ਓ. ਅਮਰਜੀਤ ਸਿੰਘ, ਸਹਾਇਕ ਅੰਕੜਾ ਸਲਾਹਕਾਰ ਅਫ਼ਸਰ ਗੁਰਵਿੰਦਰ ਕੌਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ 12 ਪਿੰਡਾਂ ਵਿੱਚ 4 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਉਸਾਰੀਆਂ ਜਾ ਰਹੀਆਂ ਲਾਇਬਰੇਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਜ਼ਿਲ੍ਹੇ ਦੇ 66 ਪਿੰਡਾਂ ਵਿੱਚ 9 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਖੇਡ ਮੈਦਾਨਾਂ ਅਤੇ 13 ਪਿੰਡਾਂ ਵਿੱਚ 1 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਆਂਗਣਵਾੜੀ ਕੇਂਦਰਾਂ ਦੀਆਂ ਉਸਾਰੀਆਂ ਜਾ ਰਹੀਆਂ ਇਮਾਰਤਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਦੇ ਵੱਧ ਤੋਂ ਵੱਧ ਲੋਕਾਂ ਨੂੰ ਘਰਾਂ ਦਾ ਸੁੱਕਾ ਤੇ ਗਿੱਲਾ ਕੂੜਾ ਵੱਖਰਾ ਕਰਨ ਬਾਰੇ ਵੀ ਜਾਗਰੂਕ ਕੀਤਾ ਜਾਵੇ। ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜੀਨੀਅਰ ਗੁਰਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਜ਼ਿਲ੍ਹੇ ਦੇ 46 ਪਿੰਡ ਓ.ਡੀ.ਐੱਫ. ਪਲੱਸ ਮਾਡਲ ਘੋਸ਼ਿਤ ਹੋਣ ਸਦਕਾ ਜ਼ਿਲ੍ਹਾ ਮਾਲੇਰਕੋਟਲਾ ਗਰੀਨ ਜ਼ੋਨ ਵਿੱਚ ਸ਼ਾਮਲ ਹੋ ਚੁੱਕਾ ਹੈ। ਮੀਟਿੰਗ ਦੌਰਾਨ ਮਗਨਰੇਗਾ ਤਹਿਤ ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਕਾਰਜਾਂ ਆਦਿ ਤੋਂ ਇਲਾਵਾ ਵੱਖ ਵੱਖ ਲੋਕ ਪੱਖੀ ਸਕੀਮਾਂ ਬਾਰੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ।