ਡੀਸੀ ਰੇਟ ’ਤੇ ਕੰਮ ਕਰਦੇ ਕਾਮਿਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਦਵਿੰਦਰ ਜੱਗੀ
ਮਲੌਦ, 12 ਮਾਰਚ
ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿੱਚ ਲਗਭਗ 15 ਸਾਲਾਂ ਤੋਂ ਡੀਸੀ ਰੇਟ ’ਤੇ ਕੰਮ ਕਰਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਲਜ ਦੇ ਮੇਨ ਗੇਟ ਅੱਗੇ ਪੁਤਲਾ ਫੂਕਿਆ ਗਿਆ।
ਇਸ ਮੌਕੇ ਧਰਨੇ ਦੀ ਪ੍ਰਧਾਨਗੀ ਕਰਦੇ ਹੋਏ ਧਰਮਵੀਰ ਸਿੰਘ ਨੇ ਕਿਹਾ ਕਿ ਜਿਹੜੇ ਮੁਲਾਜ਼ਮ ਸਰਕਾਰੀ ਕਾਲਜਾਂ ਵਿੱਚ ਡੀਸੀ ਰੇਟ ’ਤੇ ਕੰਮ ਕਰ ਰਹੇ ਹਨ, ਉਨ੍ਹਾਂ ਦੀ ਤਨਖਾਹ ਹੁਣ ਵੀ 11 ਤੋਂ 12 ਹਜ਼ਾਰ ਹੈ। ਇਸ ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਡੀਸੀ ਰੇਟ ਵਧਾ ਕੇ ਚੰਡੀਗੜ੍ਹ ਦੇ ਡੀਸੀ ਰੇਟ ਜਿੰਨੇ ਕਰ ਦਿੱਤੇ ਜਾਣ, ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚੱਲ ਸਕੇ ਅਤੇ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮੰਗਾਂ ਪ੍ਰਤੀ ਐੱਸਡੀਐੱਮ, ਡਿਪਟੀ ਕਮਿਸ਼ਨਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵੀ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਹੋਰ ਕਰਮਚਾਰੀਆਂ ਵਾਂਗ ਇਨ੍ਹਾਂ ਕਾਮਿਆਂ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਇਨ੍ਹਾਂ ਦੀ ਤਨਖਾਹਾਂ ਵਧਾਈਆਂ ਜਾਣ ਜਾਂ ਫਿਰ ਇਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ। ਇਸ ਮੌਕੇ ਦੀਪਕ , ਜਗਜੀਤ ਸਿੰਘ (ਮਦਨੀਪੁਰ), ਜਗਜੀਤ ਸਿੰਘ (ਸ਼ੰਕਰ), ਸ਼ਿੰਗਾਰਾ ਸਿੰਘ, ਰਾਜਵੀਰ ਸਿੰਘ, ਬਲਵਿੰਦਰ ਸਿੰਘ, ਸ਼੍ਪਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਬਾਜ ਸਿੰਘ, ਅਤੇ ਜੀਵਨ ਪ੍ਰੀਤ ਕੌਰ ਹਾਜ਼ਰ ਸਨ।