ਖੇਤਰੀ ਪ੍ਰਤੀਨਿਧਪਟਿਆਲਾ, 10 ਜੂਨਇੱਥੇ ਮਿਨੀ ਸਕੱਤਰੇਤ ਵਿੱਚ ਸਥਿਤ ਡੀਸੀ ਦਫ਼ਤਰ ਦੀ ਸਿਖਰਲੀ ਚੌਥੀ ਮੰਜ਼ਿਲ ’ਚ ਰਿਕਾਰਡ ਰੂਮ ’ਚ ਅੱਜ ਅਚਾਨਕ ਅੱਗ ਲੱਗ ਗਈ ਜਿਸ ਦਾ ਧੂੰਆਂ ਉਪਰੋਂ ਗਰਾਊਂਡ ਫਲੋਰ ’ਤੇ ਸਥਿਤ ਡੀਸੀ ਦਫਤਰ ਵਾਲੀ ਇਮਾਰਤ ’ਚ ਵੀ ਆ ਵੜਿਆ। ਇਸ ਦੌਰਾਨ ਖਾਸ ਕਰਕੇ ਡੀਸੀ ਦਫ਼ਤਰ ਵਾਲੀਆਂ ਇਮਾਰਤਾਂ ਵਿਚਲੇ ਸਮੂਹ ਅਧਿਕਾਰੀ ਤੇ ਮੁਲਾਜ਼ਮ ਆਪਣੇ ਦਫਤਰਾਂ ਵਿੱਚੋਂ ਬਾਹਰ ਨਿਕਲ ਆਏ ਜਿਨ੍ਹਾਂ ਵਿੱਚ ਪਟਿਅਲਾ ਦੇ ਡਿਵੀਜ਼ਨਲ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਸਮੇਤ ਏਡੀਸੀ ਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ। ਇਸ ਮਗਰੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਭਾਵੇਂ ਅਜੇ ਤਹਿਕੀਕਾਤ ਕਰਨੀ ਬਾਕੀ ਸੀ, ਪਰ ਸਮਝਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਕਹਿਣਾ ਸੀ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਮੁਕੰਮਲ ਰੂਪ ’ਚ ਪਤਾ ਨਹੀਂ ਲੱਗ ਸਕਿਆ, ਉਨ੍ਹਾਂ ਕੋਈ ਬਹੁਤਾ ਨੁਕਸਾਨ ਹੋਣ ਤੋਂ ਵੀ ਇਨਕਾਰ ਕੀਤਾ।