ਡੀਸੀ ਅਤੇ ਐੱਸਐੱਸਪੀ ਵੱਲੋਂ ਏਕਨੂਰ ਸਿੰਘ ਦੀ ਹੌਸਲਾ-ਅਫ਼ਜ਼ਾਈ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 10 ਜੂਨ
ਡਿਪਟੀ ਕਮਿਸ਼ਨਰ ਟੀ. ਬੈਨਿਥ ਅਤੇ ਐੱਸਐੱਸਪੀ ਮੁਹੰਮਦ ਸਰਫ਼ਰਾਜ਼ ਆਲਮ ਵੱਲੋਂ ਬਰਨਾਲਾ ਵਾਸੀ ਨੌਜਵਾਨ ਏਕਨੂਰ ਸਿੰਘ ਗਿੱਲ ਦੀ ਹੌਸਲਾ-ਅਫਜ਼ਾਈ ਕੀਤੀ ਗਈ ਜੋ ਐੱਨਡੀਏ ’ਚੋਂ 154ਵਾਂ ਰੈਂਕ ਹਾਸਲ ਕਰਕੇ ਫੌਜ ’ਚ ਲੈਫਟੀਨੈਂਟ ਚੁਣਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਏਕਨੂਰ ਬਾਕੀ ਨੌਜਵਾਨਾਂ ਲਈ ਮਿਸਾਲ ਹੈ ਤੇ ਉਨ੍ਹਾਂ ਏਕਨੂਰ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਏਕਨੂਰ ਦੇ ਪਿਤਾ ਰੂਪ ਸਿੰਘ ਗਿੱਲ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ ਅਤੇ ਦਸਵੀਂ ਤੱਕ ਅਕਾਲ ਅਕੈਡਮੀ ਭਦੌੜ ਦਾ ਵਿਦਿਆਰਥੀ ਰਿਹਾ ਹੈ। ਉਸ ਨੇ ਬਾਰ੍ਹਵੀਂ ਨਾਨ-ਮੈਡੀਕਲ ਨਾਲ ਅਕਾਲ ਅਕੈਡਮੀ ਚੁੰਨੀ ਕਲਾਂ ਤੋਂ ਕੀਤੀ ਅਤੇ ਉਥੋਂ ਹੀ ਡਿਫੈਂਸ ਦੀ ਟਰੇਨਿੰਗ ਹਾਸਲ ਕੀਤੀ ਅਤੇ ਪਹਿਲੀ ਕੋਸ਼ਿਸ਼ ਵਿੱਚ ਹੀ ਐਨਡੀਏ ’ਚ ਲੈਫਟੀਨੈਂਟ ਚੁਣਿਆ ਗਿਆ। ਉਸ ਦੀ ਮਾਤਾ ਰਮਨਪ੍ਰੀਤ ਕੌਰ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਚ ਆਊਟਸੋਰਸਿੰਗ ਕਲਰਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਪਿਤਾ ਰੂਪ ਸਿੰਘ ਟਰਾਈਡੈਂਟ ਵਿੱਚ ਨੌਕਰੀ ਕਰਦੇ ਹਨ। ਏਕਨੂਰ ਸਿੰਘ ਨੇ ਕਿਹਾ ਕਿ ਉਸ ਦਾ ਬਚਪਨ ਤੋਂ ਸੁਫ਼ਨਾ ਸੀ ਕਿ ਉਹ ਫੌਜ ਵਿੱਚ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰੇ।