ਗੁਰਨਾਮ ਸਿੰਘ ਚੌਹਾਨਪਾਤੜਾਂ, 6 ਜੂਨਹੜ੍ਹ ਦੀ ਸਥਿਤੀ ਤੋਂ ਬਿਨਾਂ ਬਲਾਕ ਪਾਤੜਾਂ ਵਿੱਚ ਵੱਡੀ ਗਿਣਤੀ ਪ੍ਰਾਇਮਰੀ ਅਧਿਆਪਕਾਂ ਦੀਆਂ ਫਲੱਡ ਡਿਊਟੀਆਂ ਲਾਏ ਜਾਣ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ, ਜਿਸ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਵਫ਼ਦ ਨੇ ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਨੂੰ ਮਿਲ ਕੇ ਬੇਲੋੜੀਆਂ ਡਿਊਟੀਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਐੱਸਡੀਐੱਮ ਨੇ ਉਨ੍ਹਾਂ ਨੂੰ ਫਲੱਡ ਡਿਊਟੀਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਖ਼ਤੀ ਨਾ ਕਰਨ ਅਤੇ ਫਲੱਡ ਡਿਊਟੀਆਂ ਦੇ ਫ਼ੈਸਲੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਨਰ ਵਿਚਾਰ ਕਰਨ ਦਾ ਭਰੋਸਾ ਦੁਆਇਆ ਗਿਆ।ਜਥੇਬੰਦੀ ਦੇ ਬਲਾਕ ਪ੍ਰਧਾਨ ਰਾਜੀਵ ਕੁਮਾਰ ਅਤੇ ਜ਼ਿਲ੍ਹਾ ਸਕੱਤਰ ਜਸਪਾਲ ਖਾਂਗ ਨੇ ਦੱਸਿਆ ਕਿ ਫਲੱਡ ਡਿਊਟੀਆਂ ਦੇ ਵਾਜਿਬ ਹੱਲ ਲਈ ਪਹਿਲਾਂ ਤਹਿਸੀਲਦਾਰ ਪਾਤੜਾਂ ਨੂੰ ਮਿਲਿਆ ਗਿਆ ਸੀ ਪਰ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀਆਂ ਫਲੱਡ ਡਿਊਟੀਆਂ ਸਿਰਫ਼ ਪਾਤੜਾਂ ਬਲਾਕ ਵਿੱਚ ਹੀ ਲਾਈਆਂ ਜਾ ਰਹੀਆਂ ਹਨ ਜਦੋਂ ਕਿ ਜ਼ਿਲ੍ਹੇ ਪਟਿਆਲਾ ਵਿੱਚ ਪਾਤੜਾਂ ਟੇਲ ’ਤੇ ਸਥਿਤ ਇਲਾਕਾ ਹੈ। ਹੜ੍ਹ ਦੇ ਪਾਣੀ ਦੀ ਮਾਰ ਪਾਤੜਾਂ ਤੋਂ ਪਹਿਲਾਂ ਪਟਿਆਲਾ, ਦੇਵੀਗੜ੍ਹ ਰਾਜਪੁਰਾ ਅਤੇ ਘਨੌਰ ਬਲਾਕ ਵਿੱਚ ਪੈਂਦੀ ਹੈ ਪਰ ਇਨ੍ਹਾਂ ਬਲਾਕਾਂ ਵਿੱਚ ਅਜਿਹੀ ਕੋਈ ਡਿਊਟੀ ਨਹੀਂ ਲਗਾਈ ਜਾ ਰਹੀ, ਇਸ ਲਈ ਅਧਿਆਪਕਾਂ ਦੀਆਂ ਬੇਲੋੜੀਆਂ ਤੇ ਗ਼ੈਰ-ਵਿੱਦਿਅਕ ਡਿਊਟੀਆਂ ਲਗਾਉਣ ਦਾ ਸਖ਼ਤ ਵਿਰੋਧ ਕੀਤਾ ਗਿਆ। ਹੜ੍ਹ ਦੀ ਸੰਭਾਵਨਾ ਵਿੱਚ ਵੀ ਸਬੰਧਤ ਵਿਭਾਗਾਂ ਦੀਆਂ ਹੀ ਫਲੱਡ ਡਿਊਟੀਆਂ ਲਗਾਈਆਂ ਜਾਣ ਅਤੇ ਲੋੜ ਪੈਣ ’ਤੇ ਹੀ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਨਾਲ ਅਨੁਪਾਤਕ ਰੂਪ ਵਿੱਚ ਹੀ ਅਧਿਆਪਕਾਂ ਦੀਆਂ ਫਲੱਡ ਡਿਊਟੀਆਂ ਲਗਾਈਆਂ ਜਾਣ। ਇਸ ਮੌਕੇ ਡੀਟੀਐੱਫ ਤੋਂ ਸੂਬਾਈ ਆਗੂ ਅਤਿੰਦਰ ਘੱਗਾ, ਹਰਬੰਸ ਲਾਲ, ਵਿਨੋਦ ਕੁਮਾਰ, ਜਸਪਾਲ ਰਾਮ ਅਤੇ ਮਹਿੰਦਰ ਸਿੰਘ ਹੈਲਪਰ ਹਾਜ਼ਰ ਸਨ।