ਡੀਓਏ ਅਤੇ ਸੀਐੱਨਆਈ ਨੇ ਸ਼ਾਂਤੀ ਮਾਰਚ ਕੱਢਿਆ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਈਸਾਈ ਭਾਈਚਾਰੇ ਨੇ ਡਾਇਓਸਿਸ ਆਫ ਅੰਮ੍ਰਿਤਸਰ (ਡੀਓਏ) ਅਤੇ ਚਰਚ ਆਫ ਨੌਰਥ ਇੰਡੀਆ (ਸੀਐਨਆਈ) ਦੀ ਅਗਵਾਈ ਹੇਠ ਪਾਮ ਸੰਡੇ ਨੂੰ ਸਮਰਪਿਤ ਸ਼ਾਂਤੀ ਮਾਰਚ ਕੀਤਾ ਗਿਆ। ਪਾਮ ਸੰਡੇ ਨੂੰ ਹਰ ਸਾਲ ਡਾਇਓਸਿਸ ਦੁਆਰਾ ‘ਸ਼ਾਂਤੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਖਜੂਰ ਦੀਆਂ ਟਾਹਣੀਆਂ ਅਤੇ ਖਜੂਰ ਦੇ ਪੱਤਿਆਂ ਤੋਂ ਬਣੀਆਂ ਸਲੀਬਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸ਼ਹਿਰ ਦੇ ਬਜਾਰਾਂ ਵਿਚੋਂ ਨਾਅਰੇ ਲਗਾਉਂਦੇ ਹੋਏ ਲੰਘੇ । ਇਸ ਪਾਮ ਸੰਡੇ ਸ਼ਾਂਤੀ ਮਾਰਚ ਤੋਂ ਪਹਿਲਾਂ ਅੰਮ੍ਰਿਤਸਰ, ਅਜਨਾਲਾ, ਬਟਾਲਾ, ਖੇਮਕਰਨ, ਤਰਨਤਾਰਨ, ਅਟਾਰੀ ਅਤੇ ਭਿੰਡੀ ਸੈਦਾਂ ਸਮੇਤ ਵੱਖ-ਵੱਖ ਥਾਵਾਂ ’ਤੇ ਸਥਿਤ ਗਿਰਜਾਘਰਾਂ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਕੀਤੀਆਂ। ਇਸ ਤੋਂ ਬਾਅਦ ਸਥਾਨਕ ਕੋਆਰਡੀਨੇਟਰਾਂ ਦੀ ਅਗਵਾਈ ਵਿੱਚ ਇਨ੍ਹਾਂ ਚਰਚਾਂ ਦੇ ਮੈਂਬਰਾਂ ਨੇ ਜਲੂਸ ਵਿੱਚ ਹਿੱਸਾ ਲਿਆ। ਬਿਸ਼ਪ ਮਨੋਜ ਚਰਨ ਨੇ ਦੱਸਿਆ ਕਿ ਪਾਮ ਸੰਡੇ ਸਲੀਬ ’ਤੇ ਚੜ੍ਹਾਏ ਜਾਣ ਤੋਂ ਪਹਿਲਾਂ ਯਰੂਸ਼ਲਮ ਵਿੱਚ ਯਸ਼ੂ ਮਸੀਹ ਦੇ ਜੇਤੂ ਪ੍ਰਵੇਸ਼ ਦਾ ਪ੍ਰਤੀਕ ਹੈ। -ਟ੍ਰਿਬਿਊਨ ਨਿਊਜ਼ ਸਰਵਿਸ