ਡੀਐੱਸਪੀ ਦੇ ਭਰੋਸੇ ਮਗਰੋਂ ਜਥੇਬੰਦੀਆਂ ਦਾ ਧਰਨਾ ਸਮਾਪਤ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 31 ਜਨਵਰੀ
ਡੀਐੱਸਪੀ ਗੋਇੰਦਵਾਲ ਦੇ ਦਫ਼ਤਰ ਬਾਹਰ ਬੀਤੇ ਤਿੰਨ ਦਿਨ ਤੋਂ ਜਨਤਕ ਜਥੇਬੰਦੀਆਂ ਦਾ ਧਰਨਾ ਅੱਜ ਪੁਲੀਸ ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣ ਦੇ ਵਿਸ਼ਵਾਸ ਉਪਰੰਤ ਸਮਾਪਤ ਕਰ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨ ਤੋਂ ਜਨਤਕ ਜਥੇਬੰਦੀਆਂ ਹਲਕੇ ਵਿੱਚ ਵੱਧ ਰਹੇ ਨਸ਼ਿਆਂ ਦੇ ਕਹਿਰ ਅਤੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆ ਸ਼ਿਕਾਇਤਾਂ ਦੇ ਨਿਬੇੜੇ ਲਈ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਅਤੇ ਜਥੇਬੰਦੀਆਂ ਦਰਮਿਆਨ ਤਲਖੀ ਭਰਿਆ ਮਾਹੌਲ ਬਣਿਆ ਰਿਹਾ, ਜਿਸ ਦੌਰਾਨ ਜਨਤਕ ਜਥੇਬੰਦੀਆਂ ਵੱਲੋਂ ਡੀਐੱੱਸਪੀ ਗੋਇੰਦਵਾਲ ਅਤੁਲ ਸੋਨੀ ਦੇ ਦਫ਼ਤਰ ਬਾਹਰ ਪਿਛਲੇ ਤਿੰਨ ਦਿਨ ਤੋਂ ਧਰਨਾ ਦਿੱਤਾ ਜਾ ਰਿਹਾ ਸੀ, ਜੋ ਅੱਜ ਡੀਐੱਸਪੀ ਅਤੁਲ ਸੋਨੀ ਦੇ ਦਖ਼ਲ ਉਪਰੰਤ ਸਮਾਪਤ ਹੋ ਗਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸੁਖਜਿੰਦਰ ਸਿੰਘ, ਮਜਹੂਰੀ ਕਿਸਾਨ ਸਭਾ ਦੇ ਆਗੂ ਰੇਸ਼ਮ ਸਿੰਘ ਫੈਲੋਕੇ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ ਆਦਿ ਨੇ ਆਖਿਆ ਕਿ ਜਥੇਬੰਦੀ ਦੀਆਂ ਮੰਗਾਂ ਨੂੰ ਲੈ ਕੇ ਪੁਲੀਸ ਪ੍ਰਸ਼ਾਸਨ ਨੇ ਗੱਲਬਾਤ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਮੀਟਿੰਗ ਦੌਰਾਨ ਡੀਐੱਸਪੀ ਅਤੁਲ ਸੋਨੀ ਨੇ ਆਖਿਆ ਕਿ ਜਥੇਬੰਦੀਆਂ ਨੇ ਜਿਨ੍ਹਾ ਸ਼ਿਕਾਇਤਾਂ ਦੇ ਮਾਮਲੇ ਹੱਲ ਕਰਨ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ, ਉਨ੍ਹਾ ਨੂੰ ਜਲਦ ਹੱਲ ਕਰਵਾਉਣ ਲਈ ਜਥੇਬੰਦੀਆਂ ਦੇ ਆਗੂਆ ਨੂੰ ਵਿਸ਼ਵਾਸ ਦੁਆਇਆ ਗਿਆ ਹੈ।