ਡੀਏਪੀ ਤੇ ਯੂਰੀਆ ਦੀ ਕਮੀ ਕਾਰਨ ਸਾਉਣੀ ਦੀ ਫ਼ਸਲ ਦੀ ਬਿਜਾਈ ਪੱਛੜਨ ਦਾ ਖ਼ਦਸ਼ਾ
ਪ੍ਰਭੂ ਦਿਆਲ
ਸਿਰਸਾ, 2 ਜੁਲਾਈ
ਲੋਕ ਪੰਚਾਇਤ ਦੇ ਆਗੂ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਭਾਜਪਾ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ’ਤੇ ਤੁਲੀ ਹੋਈ ਹੈ। ਡੀਏਪੀ ਤੇ ਖੂਰੀਆ ਖਾਦ ਦਾ ਸੰਕਟ ਜਾਣਬੁਝ ਕੇ ਖੜ੍ਹਾ ਕੀਤਾ ਗਿਆ ਹੈ। ਕਿਸਾਨਾਂ ਨੂੰ ਖਾਦ ਨਾ ਮਿਲਣ ਕਾਰਨ ਸਾਉਣੀ ਦੀ ਫ਼ਸਲ ਦੀ ਬਿਜਾਈ ਪਛੜਣ ਦਾ ਖ਼ਦਸ਼ਾ ਹੈ। ਇਸ ਦਾ ਪੈਦਾਵਾਰ ’ਤੇ ਵੀ ਅਸਰ ਪਵੇਗਾ। ਉਹ ਅੱਜ ਲੋਕ ਪੰਚਾਇਤ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਹ ਮੀਟਿੰਗ ਰਾਣੀਆਂ ਸਥਿਤ ਨਾਮਧਾਰੀ ਗੁਰਦੁਆਰਾ ’ਚ ਬੂਟਾ ਸਿੰਘ ਮਹੰਤ ਪ੍ਰਤਾਪ ਨਗਰ ਦੀ ਪ੍ਰਧਾਨਗੀ ਹੇਠ ਹੋਈ।
ਸ੍ਰੀ ਵਿਕਰ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਦੇ ਲੋਕ ਪ੍ਰੇਸ਼ਾਨ ਹਨ। ਸਰਕਾਰ ਦੀਆਂ ਲੋਕ ਵਿਰੋਧ ਨੀਤੀਆਂ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਆਗਾਮੀ 9 ਜੁਲਾਈ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ’ਚ ਲੋਕ ਪੰਚਾਇਤ ਵੱਧ ਚੜ੍ਹ ਕੇ ਹਿੱਸਾ ਲਵੇਗੀ। ਉਨ੍ਹਾਂ ਕਿਹਾ ਕਿ ਸ਼ਿਵਪੁਰੀ ਦੀ ਉਸਾਰੀ ’ਚ ਕਥਿਤ ਘੁਟਾਲੇ ਦੀ ਤੁਰੰਤ ਜਾਂਚ ਕੀਤੀ ਜਾਏ ਤੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਏ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਟੁੱਟੀਆਂ ਸਾਰੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ।