ਪੱਤਰ ਪ੍ਰੇਰਕ/ਪਰਮਜੀਤ ਸਿੰਘ ਕੁਠਾਲਾਪਟਿਆਲਾ/ਮਾਲੇਰਕੋਟਲਾ, 28 ਜੂਨਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ), ਮਲੇਰਕੋਟਲਾ ਦੇ ਦਫ਼ਤਰ ਵਿਖੇ ਤਾਇਨਾਤ ਕਲਰਕ ਵਿਕਾਸ ਜਿੰਦਲ ਨੂੰ ਇੱਕ ਅਧਿਆਪਕ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਵਿਜੀਲੈਂਸ ਬਿਊਰੋ ਵੱਲੋਂ ਇੱਥੋਂ ਜਾਰੀ ਬਿਆਨ ਮੁਤਾਬਕ ਮੁਲਜ਼ਮ ਕਲਰਕ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਬਾਗੜੀਆਂ ਦੇ ਸ਼ਿਕਾਇਤਕਰਤਾ ਅਧਿਆਪਕ ਤੋਂ ਡੀਈਓ ਦਫ਼ਤਰ ਵਿੱਚ ਉਸ ਦੇ ਬਕਾਇਆ ਭੱਤੇ ਜਾਰੀ ਕਰਨ ਬਦਲੇ 30,000 ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਕਲਰਕ ਪਹਿਲਾਂ ਹੀ ਉਸ ਕੋਲੋਂ 10,000 ਰੁਪਏ ਰਿਸ਼ਵਤ ਲੈ ਚੁੱਕਾ ਹੈ ਅਤੇ ਬਾਕੀ ਦੀ ਰਕਮ ਮੰਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਉਪਰੰਤ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20000 ਰੁਪਏ ਲੈਂਦਿਆਂ ਕਾਬੂ ਕਰ ਲਿਆ ਅਤੇ ਰਿਸ਼ਵਤ ਵਾਲੀ ਰਕਮ ਦੇ ਰੰਗੇ ਹੋਏ ਨੋਟ ਮੌਕੇ ’ਤੇ ਹੀ ਬਰਾਮਦ ਕਰ ਲਏ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।