ਡੀਐੱਸਪੀ ਦਫ਼ਤਰ ਦੇ ਬਾਹਰ ਡਟੀਆਂ ਜਨਤਕ ਜਥੇਬੰਦੀਆਂ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 30 ਜਨਵਰੀ
ਇਥੇ ਜਨਤਕ ਜਥੇਬੰਦੀਆਂ ਵੱਲੋਂ ਡੀਐੱਸਪੀ ਗੋਇੰਦਵਾਲ ਦੇ ਦਫ਼ਤਰ ਦੇ ਬਾਹਰ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਮਾਰਕਸਵਾਦੀ ਪਾਰਟੀ ਦੇ ਆਗੂ ਚਮਨ ਲਾਲ ਦਰਾਜਕੇ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸੁਖਜਿੰਦਰ ਸਿੰਘ ਜਮਹੂਰੀ ਕਿਸਾਨ ਸਭਾ ਦੇ ਆਗੂ ਰੇਸ਼ਮ ਸਿੰਘ ਫੈਲੋਕੇ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ ਆਦਿ ਨੇ ਰੋਸ ਜਤਾਉਂਦਿਆ ਆਖਿਆ ਕਿ ਸੰਘਰਸ਼ੀਲ ਜਥੇਬੰਦੀਆਂ ਦੋ ਦਿਨ ਤੋਂ ਹਲਕੇ ਵਿੱਚ ਵੱਧ ਰਹੇ ਨਸ਼ਿਆ ਦੇ ਕਹਿਰ ਅਤੇ ਲੋਕ ਮਸਲਿਆ ਨੂੰ ਲੈਕੇ ਡੀਐੱਸਪੀ ਗੋਇੰਦਵਾਲ ਦੇ ਦਫ਼ਤਰ ਦਾ ਘਿਰਾਓ ਕਰ ਰਹੀਆਂ ਹਨ ਪਰ ਪੁਲੀਸ ਪ੍ਰਸ਼ਾਸਨ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ। ਇਸ ਧਰਨੇ ਵਿੱਚ ਬੈਠੇ ਜਥੇਬੰਦੀਆਂ ਦੇ ਕਾਰਕੁਨਾਂ ਨੇ ਪੂਰੀ ਰਾਤ ਠੰਢ ਵਿੱਚ ਬਿਤਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਪ੍ਰਸ਼ਾਸਨ ਨੂੰ ਸਿਆਸੀ ਤੰਤਰ ਚਲਾ ਰਿਹਾ ਹੈ ਜਿਸ ਦੇ ਚੱਲਦਿਆ ਪੁਲੀਸ ਪ੍ਰਸ਼ਾਸਨ ਨਸ਼ਿਆਂ ਅਤੇ ਹੋਰ ਮੁੱਦਿਆ ’ਤੇ ਗੰਭੀਰ ਨਹੀਂ ਹੈ। ਉਨ੍ਹਾਂ ਆਖਿਆ ਕਿ ਜੇ ਪੁਲੀਸ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦਾ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾਂ। ਇਸ ਮੌਕੇ ਸਰਬਜੀਤ ਸਿੰਘ ਭਰੋਵਾਲ, ਸੁਖਵੰਤ ਸਿੰਘ, ਬਲਵਿੰਦਰ ਸਿੰਘ, ਲਖਵੀਰ ਸਿੰਘ, ਸਵਰਨ ਸਿੰਘ ਜਾਮਾਰਾਏ, ਤਰਸੇਮ ਸਿੰਘ ਢੋਟੀਆਂ ਆਦਿ ਨੇ ਆਖਿਆ ਕਿ ਡੀਐੱਸਪੀ ਅਤੁਲ ਸੋਨੀ ਸਿਆਸੀ ਦਬਾਅ ਦੇ ਚੱਲਦਿਆ ਦੋ ਦਿਨ ਤੋਂ ਬੈਠੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ। ਉਨ੍ਹਾਂ ਆਖਿਆ ਕਿ ਜਿੰਨੀ ਦੇਰ ਪੁਲੀਸ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਣ ਦਾ ਭਰੋਸਾ ਨਹੀਂ ਦਿੰਦਾ ਉਨੀ ਦੇਰ ਧਰਨਾ ਜਾਰੀ ਰਹੇਗਾ। ਇਸ ਮੌਕੇ ਧਰਨਾਕਾਰੀਆਂ ਵੱਲੋਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪੁਲੀਸ ਪ੍ਰਸ਼ਾਸਨ ’ਤੇ ਕੋਈ ਸਿਆਸੀ ਦਬਾਅ ਨਹੀਂ: ਡੀਐੱਸਪੀ
ਡੀਐੱਸਪੀ ਅਤੁਲ ਸੋਨੀ ਨੇ ਆਖਿਆ ਕਿ ਕੁਝ ਆਗੂ ਇਸ ਧਰਨੇ ਦੀ ਆੜ ਵਿੱਚ ਆਪਣੇ ਨਿੱਜੀ ਮੁਫ਼ਾਦ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲੀਸ ਪ੍ਰਸ਼ਾਸਨ ਉੱਪਰ ਕੋਈ ਸਿਆਸੀ ਦਬਾਅ ਨਹੀਂ ਹੈ, ਉਹ ਕਾਨੂੰਨ ਅਨੁਸਾਰ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਜਾਇਜ਼ ਮੰਗਾਂ ਲਈ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ।