ਡਿਫੈਂਸ ਜਗਾਧਰੀ ਵਿੱਚ ਐੱਨਸੀਸੀ ਕੈਂਪ ਸ਼ੁਰੂ
ਪੱਤਰ ਪ੍ਰੇਰਕ
ਯਮੁਨਾਨਗਰ, 7 ਜੂਨ
ਇੱਥੇ 14 ਹਰਿਆਣਾ ਬਟਾਲੀਅਨ ਐੱਨਸੀਸੀ ਯਮੁਨਾਨਗਰ ਦਾ ਐੱਨਸੀਸੀ ਕੈਂਪ ਸੀਏਟੀਸੀ-119 ਕਰੀਅਰ ਡਿਫੈਂਸ ਜਗਾਧਰੀ ਵਿੱਚ ਆਰੰਭ ਹੋਇਆ । ਇਸ ਕੈਂਪ ਵਿੱਚ ਕੁੱਲ 525 ਕੈਡੇਟ ਹਿੱਸਾ ਲੈ ਰਹੇ ਹਨ, ਜਿਸ ਦਾ ਉਦੇਸ਼ ਕੈਡੇਟਾਂ ਵਿੱਚ ਅਨੁਸ਼ਾਸਨ, ਲੀਡਰਸ਼ਿਪ ਹੁਨਰ ਅਤੇ ਵਿਸ਼ਵਾਸ ਪੈਦਾ ਕਰਨਾ ਹੈ । ਕੈਂਪ ਕਮਾਂਡੈਂਟ ਕਰਨਲ ਜਰਨੈਲ ਸਿੰਘ ਅਤੇ ਡਿਪਟੀ ਕੈਂਪ ਕਮਾਂਡੈਂਟ ਕਰਨਲ ਜਤਿੰਦਰ ਦਹੀਆ ਦੀ ਨਿਗਰਾਨੀ ਹੇਠ ਐਸੋਸੀਏਟ ਐੱਨਸੀਸੀ ਅਫਸਰ (ਏਐਨਓ) ਮੇਜਰ ਗੀਤਾ ਸ਼ਰਮਾ, ਸੈਕਿੰਡ ਅਫਸਰ ਨੀਰਜ ਕੁਮਾਰ, ਥਰਡ ਅਫਸਰ ਵਿਨੋਦ ਕੁਮਾਰ ਅਤੇ ਰਾਹੁਲ ਗੌਤਮ ਲਗਾਤਾਰ ਕੈਡੇਟਾਂ ਨੂੰ ਸਿਖਲਾਈ ਦੇ ਰਹੇ ਹਨ। ਉਨ੍ਹਾਂ ਨੂੰ ਭਾਰਤੀ ਫੌਜ ਦੇ ਸਥਾਈ ਨਿਰਦੇਸ਼ਕ ਸਟਾਫ ਵੱਲੋਂ ਸਮਰਥਨ ਪ੍ਰਾਪਤ ਹੈ। ਅੰਬਾਲਾ ਤੋਂ ਏਆਰਓ ਪ੍ਰਤੀਨਿਧੀ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਕੈਡੇਟਾਂ ਨੂੰ ਐੱਨਸੀਸੀ ਸਬੰਧੀ ਜਾਣਕਾਰੀ ਅਤੇ ਗਿਆਨ ਦਿੱਤਾ ਗਿਆ। ਕਰਨਲ ਜਰਨੈਲ ਸਿੰਘ ਨੇ ਦੱਸਿਆ ਕਿ ਐੱਨਸੀਸੀ ਕੈਂਪ ਸਿਖਲਾਈ ਪ੍ਰੋਗਰਾਮ ਦਾ ਜ਼ਰੂਰੀ ਹਿੱਸਾ ਹੁੰਦੇ ਹਨ, ਜੋ ਕੈਡੇਟਾਂ ਨੂੰ ਵਿਹਾਰਕ ਤਜਰਬਾ ਅਤੇ ਕੈਂਪ ਜੀਵਨ ਦਾ ਅਨੁਭਵ ਪ੍ਰਦਾਨ ਕਰਦੇ ਹਨ । ਇਨ੍ਹਾਂ ਕੈਂਪਾਂ ਦਾ ਉਦੇਸ਼ ਕੈਡੇਟਾਂ ਵਿੱਚ ਲੀਡਰਸ਼ਿਪ ਗੁਣ, ਟੀਮ ਵਰਕ ਅਤੇ ਸਵੈ-ਨਿਰਭਰਤਾ ਵਿਕਸਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ 1450 ਤੋਂ ਵੱਧ ਕੈਂਪਾਂ ਦੇ ਨਾਲ, ਐੱਨਸੀਸੀ ਨੌਜਵਾਨਾਂ ਨੂੰ ਹੁਨਰ ਤੇ ਚਰਿੱਤਰ ਨੂੰ ਵਿਕਸਤ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਸਾਰੇ ਕੈਡੇਟਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ।