ਡਿਪਟੀ ਕਮਿਸ਼ਨਰ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਜੂਨ
ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਕੌਮਾਂਤਰੀ ਯੋਗ ਦਿਵਸ ਦੇ ਮੱਦੇਨਜ਼ਰ ਕੁਰੂਕਸ਼ੇਤਰ ਵਿੱਚ ਪਿੱਪਲੀ ਗੀਤਾ ਦੁਆਰ ਤੋਂ ਸਫ਼ਾਈ ਮੁਹਿੰਮ ਦਾ ਉਦਘਾਟਨ ਕੀਤਾ। ਇਸ ਦੌਰਾਨ ਨਗਰ ਕੌਂਸਲ ਦੀ ਟੀਮ ਨੇ ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੀਤੇ ਅਤੇ ਦੁਕਾਨਦਾਰਾਂ ਵਲੋਂ ਸੜਕਾਂ ’ਤੇ ਰੱਖੇ ਸਾਮਾਨ ਨੂੰ ਜ਼ਬਤ ਕੀਤਾ। ਇਸ ਦੌਰਾਨ ਡੀਸੀ ਨੇ ਪਿੱਪਲੀ ਚੌਕ ਦੇ ਆਲੇ ਦੁਆਲੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਮੁਹਿੰਮ ਦੌਰਾਨ ਜਦੋਂ ਡਿਪਟੀ ਕਮਿਸ਼ਨਰ ਨੇਹਾ ਸਿੰਘ ਸੜਕਾਂ ਤੋਂ ਇਕ-ਇਕ ਲਿਫਾਫਾ ਇਕੱਠਾ ਕਰਕੇ ਟਿੱਪਰ ਵਿਚ ਪਾ ਰਹੇ ਸਨ ਤਾਂ ਲੋਕ ਬਹੁਤ ਪ੍ਰਭਾਵਿਤ ਹੋਏ। ਕਈ ਵਿਅਕਤੀ ਤਾਂ ਉਨ੍ਹਾਂ ਨੂੰ ਦੇਖ ਆਪ ਮੁਹਾਰੇ ਲਿਫ਼ਾਫੇ ਸੜਕਾਂ ਤੋਂ ਚੁੱਕਣ ਲੱਗ ਪਏ। ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੰਦਰਭ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਹੁਕਮਾਂ ’ਤੇ ਪਿੱਪਲੀ ਗੀਤਾ ਦੁਆਰ ਤੋਂ ਇਕ ਵਿਸ਼ਾਲ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੌਰਾਨ ਉਨਾਂ ਨੇ ਖੁਦ ਪਿੱਪਲੀ ਗੀਤਾ ਦੁਆਰ ਦੇ ਆਲੇ ਦੁਆਲੇ ਸੜਕਾਂ ਦੇ ਕਿਨਾਰਿਆਂ ਤੋਂ ਸਵੈ ਇੱਛਾ ਨਾਲ ਪੌਲੀਥੀਨ ਇੱਕਠਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਫਲ ਵਿਕਰੇਤਾਵਾਂ, ਦੁਕਾਨਦਾਰਾਂ ਆਦਿ ਨੂੰ ਪੌਲੀਥੀਨ ਨਾ ਰਖੱਣ ਦੀ ਚਿਤਾਵਨੀ ਦਿੱਤੀ ਅਤੇ ਸੜਕਾਂ ’ਤੇ ਗੰਦਗੀ ਫੈਲਾਉਣ ਵਾਲਿਆਂ ਖਿਲਾਫ ਸਿੱਧੀ ਕਾਰਵਾਈ ਕਰਦੇ ਹੋਏ 8 ਚਲਾਨ ਵੀ ਕੱਟੇ। ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਕੁਰੂਕਸ਼ੇਤਰ ਦੀ ਧਰਤੀ ’ਤੇ ਮਨਾਇਆ ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹੋਰ ਪਤਵੰਤੇ ਹਿੱਸਾ ਲੈਣਗੇ। ਇਸ ਪ੍ਰੋਗਰਾਮ ਤੋਂ ਪਹਿਲਾਂ ਸਫਾਈ ਮੁਹਿੰਮ ਚਲਾਈ ਗਈ ਹੈ। ਨਾਗਰਿਕਾਂ ਨੂੰ ਗੰਦਗੀ ਨਾ ਫੈਲਾਉਣ ਦੀ ਅਪੀਲ ਕੀਤੀ। ਡੀਐੱਮਸੀ ਸਤੇਂਦਰ ਸਿਵਾਚ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਸਫਾਈ ਅਭਿਆਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ। ਡੀਸੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਦੇ ਵਿਚਕਾਰ ਡਿਵਾਈਡਰ ’ਤੇ ਪੌਦਿਆਂ ਦੀ ਦੇਖਭਾਲ ਕੀਤੀ ਜਾਵੇ ਤੇ ਪੇਟਿੰਗ ਦਾ ਕੰਮ ਲੋਕ ਨਿਰਮਾਣ ਵਿਭਾਗ ਵਲੋਂ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਕਿਹਾ ਹੈ ਕਿ ਐੱਨਐੱਚ 44 ਪਿਪਲੀ ਚੌਕ ਦੇ ਆਲੇ ਦੁਆਲੇ ਸੜਕਾਂ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।