ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਨ ਸੰਭਾਲ ਲਈ ਹੰਭਲਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜੂਨ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ‘ਏਕ ਪੇੜ ਮਾਂ ਕੇ ਨਾਮ’ ਸਕੀਮ ਤਹਿਤ ਅੱਜ ਜ਼ਿਲ੍ਹੇ ਵਿੱਚ ਬੂਟੇ ਲਾਉਣ ਅਤੇ ਲੱਗੇ ਬੂਟੇ ਸੰਭਾਲਣ ਲਈ ਮਿੱਥੇ ਟੀਚਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਏਡੀਸੀ ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਬੈਠਕ ਕਰ ਕੇ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਅਤੇ ਛੱਪੜਾਂ ਦੀ ਸਫ਼ਾਈ ਦੇ ਕੰਮ ਦਾ ਵੀ ਮੁਲੰਕਣ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 78,300 ਬੂਟੇ ਲਗਾਉਣ ਦੀ ਸ਼ੁਰੂਆਤ ਪੰਜ ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮੌਕੇ ਕੀਤੀ ਜਾਵੇਗੀ। ਉਨ੍ਹਾਂ ਨੇ ਵਣ ਮੰਡਲ ਅਫ਼ਸਰ ਗੁਰਮਨਪ੍ਰੀਤ ਸਿੰਘ, ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਅਫ਼ਸਰ ਮਹਿੰਦਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ, ਸਮੂਹ ਬੀਡੀਪੀਓਜ਼ ਨੂੰ ਹਦਾਇਤ ਕੀਤੀ ਕਿ ਇਸ ਲਈ ਆਮ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰ ਕੇ ਬੂਟੇ ਲਾਉਣ ਅਤੇ ਲਗਾਏ ਬੂਟਿਆਂ ਦੀ ਸੰਭਾਲ ਲਈ ਮੁਹਿੰਮ ਵਿੱਢੀ ਜਾਵੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ’ਚ ਛੇ ਗੁਰੂ ਨਾਨਕ ਬਗ਼ੀਚੀਆਂ ’ਚ 2800 ਬੂਟੇ ਲਗਾਏ ਜਾਣਗੇ ਅਤੇ ਸਕੂਲਾਂ ਤੇ ਹੋਰ ਸੰਸਥਾਵਾਂ ਤੇ ਖਾਲੀ ਪਈਆਂ ਸਰਕਾਰੀ ਜ਼ਮੀਨਾਂ ’ਚ 21,000 ਬੂਟੇ ਲਗਾਏ ਜਾਣਗੇ। 54,500 ਬੂਟੇ ਲੋਕਾਂ ਨੂੰ ਮੁਫ਼ਤ ਵੰਡਣ ਦੀ ਤਜਵੀਜ਼ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਬੀਡੀਪੀਓਜ਼ ਨਾਲ ਬੈਠਕ ਕਰ ਕੇ ਪਿੰਡਾਂ ਵਿੱਚ ਬਰਸਾਤਾਂ ਤੋਂ ਪਹਿਲਾਂ ਛੱਪੜਾਂ ਦੀ ਮੁਕੰਮਲ ਸਫ਼ਾਈ ਦੇ ਕੰਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਪਿੰਡਾਂ ਚ ਹਦਾਇਤ ਕੀਤੀ ਕਿ ਗ਼ੈਰ-ਵਾਹੀਯੋਗ, ਗਲੀਆਂ ਤੇ ਛੱਪੜਾਂ ਵਾਲੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜੇ ਤੁਰੰਤ ਛੁਡਵਾਏ ਜਾਣ।