ਡਿਪਟੀ ਕਮਿਸ਼ਨਰ ਵੱਲੋਂ ਮਹਿਲ ਕਲਾਂ ’ਚ ਦਫ਼ਤਰਾਂ ਦਾ ਦੌਰਾ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 4 ਜੁਲਾਈ
ਬਰਨਾਲਾ ਦੇ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਵੱਲੋਂ ਅੱਜ ਅਚਾਨਕ ਮਹਿਲ ਕਲਾਂ ਪਹੁੰਚੇ ਅਤੇ ਉਨ੍ਹਾਂ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕੀਤਾ। ਉਨ੍ਹਾਂ ਐੱਸਡੀਐੱਮ ਦਫ਼ਤਰ, ਤਹਿਸੀਲ ਦਫ਼ਤਰ ਅਤੇ ਫ਼ਰਦ ਕੇਂਦਰ ’ਚ ਕੰਮਕਾਰ ਦਾ ਜਾਇਜ਼ਾ ਲਿਆ। ਉਨ੍ਹਾਂ ਦਫ਼ਤਰਾਂ ਵਿੱਚ ਚੱਲ ਰਹੇ ਪ੍ਰਬੰਧਾਂ, ਆਨਲਾਈਨ ਸੇਵਾਵਾਂ ਅਤੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।
ਤਹਿਸੀਲ ਦਫਤਰ ਗੱਲਬਾਤ ਕਰਦਿਆਂ ਡੀਸੀ ਬੈਨਿਥ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਦਫ਼ਤਰਾਂ ਵਿੱਚ ਚੱਲ ਰਹੇ ਪ੍ਰਬੰਧਾਂ, ਆਨਲਾਈਨ ਸੇਵਾਵਾਂ ਅਤੇ ਪਿੰਡਾਂ ਦੇ ਵਿਕਾਸ ਕੰਮਾਂ ਦਾ ਨਿਯਮਿਤ ਤੌਰ ’ਤੇ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਮਹਿਲ ਕਲਾਂ ਦੇ ਐੱਸਡੀਐੱਮ ਦਫਤਰ, ਤਹਿਸੀਲ ਅਤੇ ਫਰਦ ਕੇਂਦਰ ਵਿੱਚ ਕੰਮਕਾਜ ਤੇ ਪ੍ਰਬੰਧਾਂ ’ਤੇ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਦਫਤਰਾਂ ਵਿੱਚ ਆਮ ਲੋਕਾਂ ਦੇ ਕੰਮ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਪਵਨ ਕੁਮਾਰ, ਸੁਪਰਡੈਂਟ ਹਰਵਿੰਦਰ ਸਿੰਘ ਕੁਤਬਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਰਹੇ।