For the best experience, open
https://m.punjabitribuneonline.com
on your mobile browser.
Advertisement

ਡਿਜੀਟਲ ਚੁਣੌਤੀ

04:11 AM Jul 02, 2025 IST
ਡਿਜੀਟਲ ਚੁਣੌਤੀ
Advertisement
ਸੰਨ 2015 ਵਿੱਚ ਨਰਿੰਦਰ ਮੋਦੀ ਸਰਕਾਰ ਨੇ ਡਿਜੀਟਲ ਇੰਡੀਆ ਦੀ ਪਹਿਲ ਇਸ ਮੰਤਵ ਨਾਲ ਸ਼ੁਰੂਆਤ ਕੀਤੀ ਸੀ ਕਿ ਤਕਨਾਲੋਜੀ ਦੀ ਵਰਤੋਂ ਰਾਹੀਂ ਹਰੇਕ ਭਾਰਤੀ ਦੀ ਜ਼ਿੰਦਗੀ ਸੁਖਾਲੀ ਬਣਾਈ ਜਾ ਸਕੇ। ਪਿਛਲੇ ਇੱਕ ਦਹਾਕੇ ਦੌਰਾਨ ਇਸ ਅਹਿਮ ਪ੍ਰਾਜੈਕਟ ਨੇ ਨਾਗਰਿਕਾਂ ਨੂੰ ਇੱਕ ਤੋਂ ਵੱਧ ਤਰੀਕਿਆਂ ਰਾਹੀਂ ਮਜ਼ਬੂਤ ਬਣਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਈ ਹੈ; ਖ਼ਾਸ ਤੌਰ ’ਤੇ ਡਿਜੀਟਲ ਅਦਾਇਗੀਆਂ ਦੇਸ਼ ਭਰ ਵਿੱਚ ਲਗਭਗ ਅਣਸਰਦੀ ਲੋੜ ਬਣ ਗਈਆਂ ਹਨ। ਇਸ ਸਬੰਧੀ ਅੰਕੜੇ ਬਹੁਤ ਜ਼ਬਰਦਸਤ ਹਨ: ਇਸ ਸਾਲ ਅਪਰੈਲ ਵਿੱਚ 1860 ਕਰੋੜ ਤੋਂ ਵੱਧ ਯੂਪੀਆਈ ਲੈਣ-ਦੇਣ ਹੋਏ ਸਨ ਜਿਨ੍ਹਾਂ ਦਾ ਮੁੱਲ ਕਰੀਬ 25 ਲੱਖ ਕਰੋੜ ਰੁਪਏ ਬਣਦਾ ਹੈ; 2023 ਵਿੱਚ ਭਾਰਤ ਵਿੱਚ ਗਲੋਬਲ ਰੀਅਲ ਟਾਈਮ ਦੇ 49 ਫ਼ੀਸਦੀ ਲੈਣ-ਦੇਣ ਕੀਤੇ ਗਏ ਸਨ; ਕਰੀਬ 46 ਕਰੋੜ ਲੋਕ ਅਤੇ 6.5 ਵਪਾਰੀ ਕਾਰੋਬਾਰੀ ਯੂਪੀਆਈ ਦਾ ਇਸਤੇਮਾਲ ਕਰ ਰਹੇ ਹਨ।
Advertisement

ਸ਼ਾਸਨ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਗਈਆਂ ਹਨ ਅਤੇ ਇਹ ਹੋਰ ਜ਼ਿਆਦਾ ਪਾਰਦਰਸ਼ੀ ਤੇ ਲੋਕ ਪੱਖੀ ਬਣ ਗਿਆ ਹੈ। ਸਿਹਤ ਸੰਭਾਲ, ਸਿੱਖਿਆ, ਬੈਂਕਿੰਗ ਅਤੇ ਹੋਰਨਾਂ ਸੇਵਾਵਾਂ ਵਿੱਚ ਚੋਖਾ ਸੁਧਾਰ ਹੋਇਆ ਹੈ। ਉਂਝ, ਡਿਜੀਟਲ ਪਾੜਾ ਪੂਰਨ ਦਾ ਮਿਸ਼ਨ ਅਜੇ ਅਧੂਰਾ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਕੰਮ ਚੱਲ ਰਿਹਾ ਹੈ। ਕੰਪਰੀਹੈਂਸਿਵ ਮੌਡਿਊਲਰ ਸਰਵੇ-ਟੈਲੀਕਾਮ 2025 ਜਿਸ ਦੀਆਂ ਲੱਭਤਾਂ ਮਹੀਨਾ ਪਹਿਲਾਂ ਨੈਸ਼ਨਲ ਸਟੈਟਿਸਟਿਕਸ ਆਫਿਸ ਨੇ ਜਾਰੀ ਕੀਤੀਆਂ ਸਨ, ਮੁਤਾਬਿਕ ਪੇਂਡੂ ਖੇਤਰਾਂ ਵਿੱਚ ਰਹਿੰਦੀਆਂ ਕਰੀਬ ਅੱਧੀਆਂ ਔਰਤਾਂ ਕੋਲ ਆਪਣਾ ਕੋਈ ਮੋਬਾਈਲ ਫੋਨ ਨਹੀਂ ਹੈ। ਅੱਖਾਂ ਖੋਲ੍ਹਣ ਵਾਲੀ ਇੱਕ ਹੋਰ ਚੀਜ਼ ਹੈ, ਐਜੂਕੇਸ਼ਨ ਪਲੱਸ ਦੀ ਏਕੀਕ੍ਰਿਤ ਜ਼ਿਲ੍ਹਾ ਸੂਚਨਾ ਪ੍ਰਣਾਲੀ ਦੀ 2023-24 ਦੀ ਰਿਪੋਰਟ, ਜੋ ਸਿੱਖਿਆ ਮੰਤਰਾਲੇ ਦੇ ਅਧੀਨ ਹੈ, ਕਹਿੰਦੀ ਹੈ ਕਿ ਦੇਸ਼ ਵਿਚ ਕੇਵਲ 57.2 ਫ਼ੀਸਦੀ ਸਕੂਲਾਂ ਕੋਲ ਹੀ ਕਾਰਜਸ਼ੀਲ ਕੰਪਿਊਟਰ ਹਨ ਤੇ 53.9 ਫ਼ੀਸਦੀ ਕੋਲ ਹੀ ਇੰਟਰਨੈੱਟ ਹੈ। ਕਾਂਗਰਸ ਨੇ ਉਭਾਰਿਆ ਹੈ ਕਿ ‘ਭਾਰਤਨੈੱਟ’ ਪ੍ਰਾਜੈਕਟ ਤਹਿਤ 6.55 ਲੱਖ ਪਿੰਡਾਂ ਨੂੰ ਬਰੌਡਬੈਂਡ ਕਨੈਕਸ਼ਨ ਦਿੱਤਾ ਜਾਣਾ ਸੀ, ਪਰ ਇਨ੍ਹਾਂ ਵਿੱਚੋਂ ਦੋ-ਤਿਹਾਈ ਅਜੇ ਵੀ ਇਸ ਦੇ ਘੇਰੇ ’ਚੋਂ ਬਾਹਰ ਹਨ। ਪਾਰਟੀ ਨੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ) ਦੇ ਮੰਦੇ ਹਾਲ ਦੀ ਵੀ ਗੱਲ ਕੀਤੀ ਹੈ ਜੋ ਇੱਕ ਤੋਂ ਬਾਅਦ ਇੱਕ ਸਹਾਇਤਾ ਪੈਕੇਜ ਮਿਲਣ ਦੇ ਬਾਵਜੂਦ ਲਗਾਤਾਰ ਪ੍ਰਾਈਵੇਟ ਕੰਪਨੀਆਂ ਤੋਂ ਪੱਛੜ ਰਿਹਾ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਲੰਮੇ ਸਮੇਂ ਤੋਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਕਈ ਵਰ੍ਹੇ ਪਹਿਲਾਂ ਇਸ ਨੇ ਹੀ ਦੇਸ਼ ਵਿੱਚ ਇੰਟਰਨੈੱਟ ਕ੍ਰਾਂਤੀ ਦੀ ਅਗਵਾਈ ਕੀਤੀ ਸੀ, ਪਰ ਪ੍ਰਾਈਵੇਟ ਕੰਪਨੀਆਂ ਨਾਲ ਮਗਰੋਂ ਮੁਕਾਬਲੇ ਦੀ ਦੌੜ ’ਚ ਇਹ ਕਾਫੀ ਪਿੱਛੇ ਰਹਿ ਗਿਆ।

Advertisement
Advertisement

ਕੇਂਦਰ ਸਰਕਾਰ ਕੋਲ ਡਿਜੀਟਲ ਇੰਡੀਆ ਦੀ ਤਰੱਕੀ ਲਈ ਖ਼ੁਦ ਨੂੰ ਸ਼ਾਬਾਸ਼ੀ ਦੇਣ ਦੇ ਕਈ ਕਾਰਨ ਹਨ, ਪਰ ਸਹੀ ਸਲਾਹ ਇਹੀ ਹੋਵੇਗੀ ਕਿ ਕਮੀਆਂ ਤੇ ਖੱਪਿਆਂ ਦਾ ਨੋਟਿਸ ਲਿਆ ਜਾਵੇ ਅਤੇ ਇਨ੍ਹਾਂ ਨੂੰ ਸੁਧਾਰਿਆ ਜਾਵੇ। ਵਿਕਸਿਤ ਭਾਰਤ ਦਾ ਵਿਰਾਟ ਸੁਫਨਾ ਸਾਕਾਰ ਕਰਨ ਵੱਲ ਵਧਣ ਲਈ ਡਿਜੀਟਲ ਢਾਂਚੇ ਅੰਦਰਲੇ ਫ਼ਰਕਾਂ ਨੂੰ ਖ਼ਤਮ ਕਰਨਾ ਪਏਗਾ।

Advertisement
Author Image

Jasvir Samar

View all posts

Advertisement