ਡਾ. ਜਾਚਕ ਨੇ ਸਾਹਿਤ ਅਕਾਦਮੀ ਦੇ ਇਤਿਹਾਸ ਦਾ ਖਰੜਾ ਪ੍ਰਬੰਧਕਾਂ ਨੂੰ ਸੌਂਪਿਆ
ਖੇਤਰੀ ਪ੍ਰਤੀਨਿਧ
ਲਧਿਆਣਾ, 9 ਜੂਨ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਸ਼ਾਨਾਮੱਤਾ ਇਤਿਹਾਸ ਹੈ। ਅਕਾਦਮੀ ਦੀ ਸਥਾਪਨਾ 24 ਅਕਤੂਬਰ 1954 ਨੂੰ ਹੋਈ ਸੀ ਤੇ ਪਿਛਲੇ ਸਾਲ ਇਸ ਅਕਾਦਮੀ ਦੇ ਮਾਣਮੱਤੇ ਇਤਿਹਾਸ ਨੂੰ ਲਿਖਣ ਦੀ ਸੇਵਾ ਸਕੱਤਰ ਸਾਹਿਤਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਦੀ ਲਗਾਈ ਸੀ। ਉਨ੍ਹਾਂ ਇਸ ਦੇ ਇਤਿਹਾਸ ਦਾ ਤਿਆਰ ਕੀਤਾ ਖਰੜਾ ਅੱਜ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੂੰ ਪੇਸ਼ ਕੀਤਾ। ਪ੍ਰਬੰਧਕੀ ਬੋਰਡ ਵੱਲੋਂ ਅਕਾਦਮੀ ਦੀਆਂ ਚਾਰ ਪ੍ਰਮੁੱਖ ਸ਼ਖ਼ਸੀਅਤਾਂ ਸਰਦਾਰਾ ਸਿੰਘ ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ ਤੇ ਪ੍ਰੋ. ਰਵਿੰਦਰ ਭੱਠਲ ਨੂੰ ਨਜ਼ਰਸਾਨੀ ਲਈ ਭੇਜਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਤੇ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ.ਗੁਲਜਾਰ ਸਿੰਘ ਪੰਧੇਰ ਨੇ ਅਕਾਦਮੀ ਦੇ ਇਤਿਹਾਸ ਤੇ ਚਾਨਣਾ ਪਾਇਆ ਤੇ ਡਾ. ਜਾਚਕ ਦੀ ਇਸ ਉਦਮ ਲਈ ਸ਼ਲਾਘਾ ਕੀਤੀ। ਡਾ. ਜਾਚਕ ਨੇ ਤਾੜੀਆਂ ਦੀ ਗੂੰਜ ਵਿਚ ਇਸ ਇਤਿਹਾਸ ਨੂੰ ਤਿਆਰ ਕਰਨ ਦੇ ਪਿੱਛੋਕੜ ਬਾਰੇ ਭਾਵਪੂਰਤ ਕਵਿਤਾ ਸੁਣਾਈ। ਇਸ ਮੌਕੇ ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ, ਜਸਪਾਲ ਮਾਨਖੇੜਾ (ਸਾਰੇ ਮੀਤ ਪ੍ਰਧਾਨ) , ਸਾਬਕਾ ਜਨਰਲ ਸਕੱਤਰ ਡਾ. ਅਨੂਪ ਸਿੰਘ, ਦਫਤਰ ਸਕੱਤਰ ਤੇ ਪ੍ਰੈਸ ਸਕੱਤਰ ਜਸਵੀਰ ਝੱਜ, ਵਰਗਿਸ ਸਲਾਮਤ, ਪ੍ਰੇਮ ਸਾਹਿਲ ਦੇਹਰਾਦੂਨ, ਜਨਮੇਜਾ ਜੌਹਲ, ਕੰਵਰਜੀਤ ਭੱਠਲ, ਡਾ. ਸੰਤੋਖ ਸਿੰਘ ਸੁੱਖੀ, ਦੀਪ ਜਗਦੀਪ ਸਿੰਘ ਤੇ ਸੰਜੀਵਨ ਸਿੰਘ ਮੈਂਬਰ ਸ਼ਾਮਲ ਹੋਏ।