ਡਾ. ਕੇਹਰ ਸਿੰਘ ਯਾਦਗਾਰੀ ਕੈਂਪ ਸਿੱਧਵਾਂ ਬੇਟ ’ਚ 13 ਨੂੰ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਜੂਨ
ਸਿੱਧਵਾਂ ਬੇਟ ਦੇ ਸਰਕਾਰੀ ਹਸਪਤਾਲ ਵਿੱਚ ਪੀਡੀ ਜੈਨ ਚੈਰੀਟੇਬਲ ਟਰੱਸਟ ਵੱਲੋਂ 13 ਜੂਨ ਨੂੰ ਕੈਂਸਰ ਸਬੰਧੀ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਮਹਿੰਗੇ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਡਾ. ਕੇਹਰ ਸਿੰਘ ਯਾਦਗਾਰੀ ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਵੀ ਪਹੁੰਚ ਰਹੇ ਹਨ ਜੋ ਮੁਫ਼ਤ ਵਿੱਚ ਅੱਖਾਂ ਦਾ ਨਿਰੀਖਣ ਕਰਨਗੇ ਤੇ ਐਨਕਾਂ ਬਿਨਾਂ ਕੋਈ ਰੁਪਏ ਲਏ ਤੋਂ ਦਿੱਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਆਮ ਰੋਗਾਂ ਦਾ ਨਿਰੀਖਣ ਕਰਕੇ ਵੀ ਦਵਾਈਆਂ ਦਿੱਤੀਆਂ ਜਾਣਗੀਆਂ। ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਏਐੱਸ ਆਟੋਮੋਬਾਈਲਜ਼ ਦੇ ਐੱਮਡੀ ਗੁਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਿਸ ਤਰ੍ਹਾਂ ਬੇਟ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਖ਼ਰਾਬ ਹੋ ਰਿਹਾ ਹੈ ਅਤੇ ਲੋਕਾਂ ਵਿੱਚ ਕੈਂਸਰ ਵੱਧ ਰਿਹਾ ਹੈ ਉਸ ਦੇ ਮੱਦੇਨਜ਼ਰ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦਾ ਇਲਾਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਇਸ ਲਈ ਸਭ ਲੋੜਵੰਦ ਕੈਂਪ ਵਿੱਚ ਪਹੁੰਚ ਕੇ ਟੈਸਟ ਜ਼ਰੂਰ ਕਰਵਾਉਣਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਡਾ. ਕੁਲਵੰਤ ਸਿੰਘ ਧਾਲੀਵਾਲ ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਕੈਂਪ ਵਿੱਚ ਪਹੁੰਚ ਰਹੇ ਹਨ। ਸਾਬਕਾ ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਵੀ ਕੈਂਪ ਵਿੱਚ ਪਹੁੰਚਣਗੇ ਜਿਹੜੇ ਇਹ ਕੈਂਪ ਲਾਉਣ ਲਈ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਅੱਜ ਇਕ ਮੀਟਿੰਗ ਹੋਈ ਜਿਸ ਵਿੱਚ ਰਜਿੰਦਰ ਜੈਨ, ਰਵੀ ਗੋਇਲ, ਅਰੁਣ ਗੋਇਲ, ਬਿੰਦਰ ਮਨੀਲਾ, ਰਾਜ ਕੁਮਾਰ ਭੱਲਾ ਆਦਿ ਸ਼ਾਮਲ ਹੋਏ ਤੇ ਕੈਂਪ ਦੀ ਤਿਆਰੀ ਦਾ ਜਾਇਜ਼ਾ ਲਿਆ।