ਪੱਤਰ ਪ੍ਰੇਰਕਪਟਿਆਲਾ 30 ਜੂਨਪੁਰਾਣੇ ਬੱਸ ਅੱਡੇ ਨੇੜੇ ਬੱਤੀਆਂ ਵਾਲੇ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਅਤੇ ਨਾਲ ਲੱਗਦੇ ਅੰਬੇਡਕਰ ਪਾਰਕ ਵਿੱਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਨਾਮ ’ਤੇ ਇੱਕ ਲਾਇਬ੍ਰੇਰੀ ਸਥਾਪਤ ਕਰਨ ਸਬੰਧੀ ਭਾਰਤੀ ਵਾਲਮੀਕੀ ਧਰਮ ਸਮਾਜ ਅਤੇ ਵਾਲਮੀਕੀ ਭਾਈਚਾਰੇ ਵੱਲੋਂ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਏਡੀਸੀ (ਜ) ਇਸ਼ਾ ਸਿੰਗਲ ਨੂੰ ਸੌਂਪਿਆ ਗਿਆ।ਇਸ ਤੋਂ ਇਲਾਵਾ ਮੰਗ ਪੱਤਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਨੂੰ ਵੀ ਦਿੱਤਾ ਗਿਆ। ਵੀਰ ਪ੍ਰੇਮ ਖੋੜਾ ਨੇ ਕਿਹਾ ਕਿ ਸੰਵਿਧਾਨ ਭਾਰਤ ਨੂੰ ਇੱਕ ਪ੍ਰਭੂਸੱਤਾ, ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਅਤੇ ਜਮਹੂਰੀ ਗਣਰਾਜ ਸਥਾਪਤ ਕਰਦਾ ਹੈ ਅਤੇ ਨਾਗਰਿਕਾਂ ਨੂੰ ਨਿਆਂ ਸਮਾਨਤਾ ਅਤੇ ਅਜ਼ਾਦੀ ਦਾ ਭਰਪੂਰ ਅਹਿਸਾਸ ਕਰਵਾਉਂਦਾ ਹੈ ਤੇ ਆਪਸੀ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਕਿਸੇ ਵਿਸ਼ੇਸ਼ ਜਾਤੀ ਜਾਂ ਪੰਥ ਨਾਲ ਸਬੰਧਿਤ ਨਹੀਂ ਹੈ ਸਗੋਂ ਦੇਸ਼ ਦੀ ਜਨਸੰਖਿਆ ਨੂੰ ਇੱਕ ਲੜੀ ਵਿੱਚ ਸੰਜੋਣ ਵਾਲਾ ਇੱਕ ਮਾਰਗ ਦਰਸ਼ਕ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਖੁੱਲ੍ਹਣ ਨਾਲ ਸ਼ਹਿਰ ਵਾਸੀ ਅਤੇ ਨੌਜਵਾਨ ਪੀੜ੍ਹੀ ਜਿੱਥੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰੇਗੀ ਉੱਥੇ ਹੀ ਡਾ. ਅੰਬੇਡਕਰ ਦੇ ਵਿਚਾਰਾਂ ਅਤੇ ਸੰਘਰਸ਼ ਤੇ ਸਿੱਖਿਆਵਾਂ ਤੋਂ ਵੀ ਜਾਣੂ ਹੋਵੇਗੀ। ਇਸ ਮੌਕੇ ਸੋਨੂੰ ਭਲਵਾਨ, ਸੀਮਾ ਵੇਦ, ਸਰਸਵਤੀ ਦੇਵੀ, ਸੰਜੇ ਹੰਸ, ਗੁਰਪਾਲ ਸਿੰਘ ਸਿੱਧੂ, ਅਮਰਜੀਤ ਬਿੱਟੂ ਸੋਢੀ, ਅਮਰਜੀਤ ਸਿੰਘ, ਰਾਜਵਿੰਦਰ ਸਿੰਘ ਰਹਿਲ, ਕੁਲਦੀਪ ਸਿੰਘ ਬੱਗੀ, ਬਲਵੀਰ ਚੰਦ, ਗੁਰਪ੍ਰੀਤ ਸਿੰਘ ਬੱਗੀ, ਨਰੇਸ਼ ਮਸੀਹ, ਨੀਰਜ ਕੁਮਾਰ ਅਤੇ ਸੰਜੀਵ ਕੁਮਾਰ ਹਾਜ਼ਰ ਸਨ।