ਡਾ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਜਾਗਰੂਕਤਾ ਰੈਲੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਪਰੈਲ
ਡਾ. ਬੀਆਰ ਅੰਬੇਡਕਰ ਦੇ 134ਵੇਂ ਜਨਮ ਦਿਹਾੜੇ ਮੌਕੇ ਅੱਜ ਪ੍ਰਦੇਸ਼ ਕਾਂਗਰਸ ਐਸਸੀ ਡਿਪਾਰਟਮੈਂਟ ਦੀ ਜ਼ਿਲ੍ਹਾ ਇਕਾਈ ਦੇ ਚੇਅਰਮੈਨ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ ਦੀ ਅਗਵਾਈ ਵਿੱਚ ਸਮਾਜ ਜਾਗਰੂਕਤਾ ਰੈਲੀ ਕਰਵਾਈ ਗਈ। ਸਥਾਨਕ ਘੁਮਾਰ ਮੰਡੀ ਵਿੱੱਚ ਹੋਈ ਇਸ ਰੈਲੀ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਕਾਂਗਰਸ ਪਾਰਟੀ ਦੇ ਹਲਕਾ ਦੱਖਣੀ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸੰਬੋਧਨ ਕਰਦਿਆਂ
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਗ ਅਤੇ ਹਰੇਕ ਧਰਮ ਦਾ ਸਤਿਕਾਰ ਕਰਦੀ ਹੈ। ਡਾ: ਅੰਬੇਦਕਰ ਸਮੁੱਚੀ ਮਾਨਵਤਾ ਦੇ ਰਹਿਬਰ ਹਨ ਜਿਨ੍ਹਾਂ ਨੇ ਭਾਰਤ ਲਈ ਸਭ ਤੋਂ ਮਜ਼ਬੂਤ ਅਤੇ ਸ਼ਕਤੀਸ਼ਾਲੀ ਸੰਵਿਧਾਨ ਦੀ ਰਚਨਾ ਕੀਤੀ ਜਿਸ ਨਾਲ ਅੱਜ ਸਾਰਾ ਦੇਸ਼ ਚੱਲਦਾ ਹੈ। ਉਨ੍ਹਾਂ ਤਾੜਨਾ ਕੀਤੀ ਕਿ ਡਾ. ਅੰਬੇਡਕਰ ਅਤੇ ਭਾਰਤੀ ਸੰਵਿਧਾਨ ਦਾ ਅਪਮਾਨ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਰਾਹੁਲ ਡੁਲਗਚ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਬਾਬਾ ਸਾਹਿਬ ਦੀ ਤਸਵੀਰ ਨੂੰ ਤਾਂ ਦੀਵਾਰਾਂ ਉਤੇ ਟੰਗਦੀ ਹੈ ਪਰ ਬਾਬਾ ਸਾਹਿਬ ਦੇ ਆਦਰਸ਼ਾਂ ਦਾ ਸਭ ਤੋਂ ਜ਼ਿਆਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਅੱਜ ਪੰਜਾਬ ਵਿੱਚ ਥਾਂ ਥਾਂ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਹੋ ਰਹੀ ਹੈ। ਉਨ੍ਹਾਂ ਐੱਸਸੀ ਭਾਈਚਾਰੇ ਵੱਲੋਂ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਪਣਾ ਸਮਰਥਨ ਕਾਂਗਰਸ ਪਾਰਟੀ ਨੂੰ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਭਾਰਤ ਭੂਸ਼ਣ ਆਸ਼ੂ ਅਤੇ ਈਸ਼ਵਰਜੋਤ ਸਿੰਘ ਚੀਮਾ ਨੂੰ ਰਾਹੁਲ ਡੁਲਗਚ ਵੱਲੋਂ ਸਨਮਾਨਿਤ ਕੀਤਾ ਗਿਆ। ਇਸਤੋਂ ਪਹਿਲਾਂ ਈਸ਼ਰਵਜੋਤ ਚੀਮਾ ਵੱਲੋਂ ਪੈਦਲ ਮਾਰਚ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਹ ਪੈਦਲ ਮਾਰਚ ਘੁਮਾਰ ਮੰਡੀ, ਭਾਈ ਬਾਲਾ ਚੌਂਕ ਤੋਂ ਹੁੰਦਾ ਹੋਇਆ ਮਿੰਨੀ ਸਕੱਤਰੇਤ ਵਿੱਖੇ ਬਾਬਾ ਸਾਹਿਬ ਦੇ ਬੁੱਤ ਵਿੱਖੇ ਸਮਾਪਤ ਹੋਇਆ। ਇਸ ਮੌਕੇ ਕੌਂਸਲਰ ਜਸਵਿੰਦਰ ਵੀਰੂ, ਸਤਿੰਦਰ ਲਾਹੌਰੀਆ, ਵਿਵੇਕ ਸੂਦ, ਰਾਮ ਕੁਮਾਰ ਪਾਰਚਾ, ਅਮਿਤ ਰੋਹਤਗੀ, ਸੰਦੀਪ ਢਿਲੋੜ, ਲਖਵਿੰਦਰ ਲੱਕੀ, ਸਾਹਿਬ ਚੌਹਾਨ,ਪ੍ਰਦੀਪ ਲਾਹੌਰ, ਵਿਸ਼ਾਲ, ਲਾਹੌਰੀਆ, ਅਮਨ ਸੋਦੇ, ਅਰੁਣ ਚੰਡਾਲਿਆ, ਮਨਦੀਪ ਹੰਬੜਾਂ, ਵਿਸ਼ਾਲ, ਸ਼ੋਦੇ, ਰਿੰਕੂ ਸੋਦੇ, ਅਰਪਿਤ ਚੁੰਬਰ, ਜਤਿੰਦਰ ਸੋਦਾਈ, ਨੀਰਜ ਸਿਰਸਵਾਲ, ਰੋਹਿਤ ਕੁਮਾਰ, ਗੁਰਰਾਜ ਚੀਮਾ, ਕੁਲਦੀਪ ਬਿਸਤ ਤੇ ਹੋਰ ਹਾਜ਼ਰ ਸਨ।