ਡਾਕ ਐਤਵਾਰ ਦੀ
ਆਵਾਜ਼ ਦੇ ਕਹਾਂ ਹੈ!
ਕਰਨਲ ਸੋਫੀਆ ਕੁਰੈਸ਼ੀ ਦੇ ਮਾਮਲੇ ’ਚ ਮੁਲਕ ਦੇ ਸਿਰਮੌਰ ਅਹੁਦਿਆਂ ’ਤੇ ਬੈਠੇ ਜਾਂ ਅਹੁਦੇਦਾਰਾਂ ਤੱਕ ਪਹੁੰਚ ਰੱਖਦੇ ਸਿਆਸੀ ਨੇਤਾਵਾਂ ਦੀ ਭਾਸ਼ਾ ਅਤੇ ਭੱਦੀ ਸਰੀਰਕ ਭਾਸ਼ਾ ਨੇ ਦੇਸ਼ ਭਰ ਦੀਆਂ ਰਾਜਨੀਤਕ, ਨਿਆਂਇਕ, ਸਮਾਜਿਕ, ਤਰਕਸ਼ੀਲ, ਵਿਗਿਆਨਕ, ਜਮਹੂਰੀ, ਗਹਿਰ ਗੰਭੀਰ, ਬੌਧਿਕ ਅਤੇ ਚਿੰਤਨਸ਼ੀਲ ਹਿੱਸਿਆਂ ਦਾ ਧਿਆਨ ਖਿੱਚਿਆ ਹੈ। ਅਜਿਹੇ ਵਰਤਾਰੇ ਪ੍ਰਤੀ ਖ਼ਾਮੋਸ਼ੀ ਕਿਸੇ ਵੀ ਤਰਕਸੰਗਤ, ਗੌਰਵਮਈ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਸਮਾਜ ਦੀ ਵੈਰੀ ਹੁੰਦੀ ਹੈ। ਦੁਨੀਆ ਦੇ ਕਿਸੇ ਵੀ ਕੋਨੇ ’ਚ ਵਸਦੇ ਸਮਾਜ ਦੀ ਪਛਾਣ-ਕਸਵੱਟੀ ਉਸ ਸਮਾਜ ਅੰਦਰ ਔਰਤ ਦਾ ਰੁਤਬਾ ਅਤੇ ਔਰਤ ਪ੍ਰਤੀ ਨਜ਼ਰੀਆ ਹੁੰਦੀ ਹੈ। ਚੜ੍ਹਦੀ ਜਵਾਨੀ ਦੇ ਬੁੱਲ੍ਹਾਂ ’ਤੇ ਥਿਰਕਦੇ ਗੀਤ ਹੁੰਦੇ ਹਨ। ਅਜਿਹੇ ਹਾਲਾਤ ਵਿੱਚ ਹਰ ਜਾਗਦੀ ਜ਼ਮੀਰ ਨੂੰ ਵੀ ਤਿੱਖੜਾ ਸਵਾਲ ਹੈ ਕਿ ਜਦੋਂ ਮੱਧ ਪ੍ਰਦੇਸ਼ ਦਾ ਮੰਤਰੀ ਵਿਜੈ ਸ਼ਾਹ, ਕਰਨਲ ਸੋਫ਼ੀਆ ਕੁਰੈਸ਼ੀ ਬਾਰੇ ਅੱਡੀਆਂ ਚੁੱਕ ਚੁੱਕ ਕੇ ਇਹ ਕਹਿ ਰਿਹਾ ਸੀ, ‘‘ਜਿਨਹੋਂ ਨੇ ਹਮਾਰੀ ਬੇਟੀਓਂ ਕੇ ਸਿੰਧੂਰ ਉਜਾੜੇ ਥੇ, ਹਮਨੇ ਉਨਹੀਂ ਕੀ ਬਹਿਨ ਭੇਜ ਕੇ ਉਨਕੀ ਐਸੀ ਤੈਸੀ ਕਰਵਾਈ ਹੈ। ਏਕ ਬਾਰ ਮੋਦੀ ਜੀ ਕੇ ਲੀਏ ਤਾਲੀਆਂ ਹੋ ਜਾਏਂ’’ ਇਸ ਦਾ ਸਾਡੀਆਂ ਸੰਸਥਾਵਾਂ, ਸਾਡੇ ਪਰਿਵਾਰਾਂ ਅਤੇ ਅਸੀਂ ਖ਼ੁਦ ਕੀ ਨੋਟਿਸ ਲਿਆ ਹੈ? ਮੰਤਰੀ ਨੇ ਅਸ਼ਲੀਲ ਭਾਸ਼ਾ ਵਰਤਦਿਆਂ ਕਿਹਾ, ‘‘ਮੋਦੀ ਜੀ ਕੱਪੜੇ ਤੋ ਨਹੀਂ ਉਤਾਰ ਸਕਤੇ ਥੇ। ਇਸ ਲੀਏ ਉਨਕੇ ਸਮਾਜ ਕੀ ਬਹਿਨ ਕੋ ਭੇਜਾ ਕਿ ਤੁਮਨੇ ਹਮਾਰੀ ਬਹਿਨੋ ਕੋ ਅਗਰ ਵਿਧਵਾ ਕੀਆ ਹੈ ਔਰ ਤੁਮਹਾਰੇ ਸਮਾਜ ਕੀ ਬਹਿਨ ਆ ਕੇ ਤੁਮ ਲੋਗੋਂ ਕੋ ਨੰਗਾ ਕਰ ਕੇ ਛੋੜੇਗੀ।’’
ਇਉਂ ਹੀ ਮੱਧ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਜਗਦੀਸ਼ ਦੇਵੜਾ ਵੱਲੋਂ ਛੱਡੇ ਬੇਤੁਕੇ ਜ਼ਹਿਰੀਲੇ ਬਾਣ ਵੀ ਮੁਲਕ ਦੀਆਂ ਪ੍ਰਵਾਨਿਤ ਨੈਤਿਕ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਰਨ ਵਾਲੇ ਸਨ।
ਕਈ ਲੋਕ ਬਾਤਾਂ ਪਾਉਂਦੇ ਹਨ ਕਿ ਸ਼ਹੀਦ ਭਗਤ ਸਿੰਘ ਅਤੇ ਬੀ.ਕੇ. ਦੱਤ ਵੱਲੋਂ ਬੋਲਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੈ, ਪਰ ਕੀ ਉਨ੍ਹਾਂ ਨੂੰ ਅਜਿਹੀ ਜ਼ਹਿਰ ਭਰੀ ਆਵਾਜ਼ ਸੁਣਾਈ ਨਹੀਂ ਦਿੰਦੀ ਜਾਂ ‘ਦੜ ਵੱਟ ਜ਼ਮਾਨਾ ਕੱਟ’ ਦਾ ਵਾਕ ਮਨਭਾਉਂਦਾ ਰਾਗ ਜਾਪਣ ਲੱਗ ਪਿਆ ਹੈ? ਲੀਡਰਾਂ ਨੂੰ ਅਜਿਹੇ ਮਾਮਲਿਆਂ ’ਚ ਚੁੱਪ ਹੀ ਵਾਰਾ ਖਾਂਦੀ ਹੈ, ਪਰ ਇਸ ਸਭ ਦੇ ਬਾਵਜੂਦ ਇਹ ਸਾਰੇ ਸਵਾਲ ਤਾਂ ਜਵਾਬ ਮੰਗਦੇ ਹੀ ਰਹਿਣਗੇ।
ਇਹ ਸਾਡੇ ਸਮਿਆਂ ਦਾ ਪ੍ਰਮੁੱਖਤਾ ਵਾਲਾ ਸਵਾਲ ਹੈ ਕਿ ਅਸੀਂ ‘ਬੋਲ ਕਿ ਲਬ ਆਜ਼ਾਦ ਹੈਂ ਤੇਰੇ’ ਵਰਗੇ ਗੀਤ ਗਾਉਣ ਵਾਲੇ ਵੀ ਖ਼ਾਮੋਸ਼ੀ ਵੱਟ ਜਾਂਦੇ
ਹਾਂ। ਫਿਜ਼ਾ ਵਿੱਚ ਇਹ ਨਗ਼ਮਾ ਆਵਾਜ਼ ਦਿੰਦਾ ਰਹਿੰਦਾ ਹੈ,
ਆਵਾਜ਼ ਦੇ ਕਹਾਂ ਹੈ!
ਅਮੋਲਕ ਸਿੰਘ, ਈ-ਮੇਲ
ਕੁਝ ਹੋਰ ਤੱਥ
ਐਤਵਾਰ 18 ਮਈ ਨੂੰ ਹਰਪ੍ਰੀਤ ਕੌਰ ਦਾ ਟੂਰ ਸਬੰਧੀ ਲੇਖ ‘ਸ਼ੁਕਰਾਨ ਦੁਬਈ...’ ਪੜ੍ਹਿਆ। ਇਸ ਦੇ ਨਾਲ ਹੀ ਖ਼ੁਦ ਵੱਲੋਂ ਗਰੁੱਪ ਟੂਰ ਵਿੱਚ ਦੁਬਈ ਵਿੱਚ ਗੁਜ਼ਾਰੇ ਸੱਤ ਦਿਨਾਂ ਵੀ ਚੇਤੇ ਆਏ। ਸੁਭਾਵਿਕ ਹੀ ਕੁਝ ਥਾਵਾਂ ਜਿਹੜੀਆਂ ਲੇਖਕ ਨੇ ਨਹੀਂ ਦੇਖੀਆਂ, ਉਹ ਸਾਂਝੀਆਂ ਕਰਨਾ ਚਾਹਾਂਗਾ। ਪਹਿਲੀ ਗਲੋਬਲ ਵਿਲੇਜ ਜਿਸ ਵਿੱਚ ਸੰਸਾਰ ਦੇ 36 ਦੇਸ਼ਾਂ ਦੇ ਮੰਡਪ ਸਨ। ਦੂਜੀ ਯੂਏਈ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜੋ ਇੱਕ ਸੀਮਾ ਤੋਂ ਦਿਖਾਉਂਦੇ ਹਨ। ਤੀਜੀ ਜੁਮੇਰਾ ਬੀਚ। ਚੌਥੀ ਮਿਰਾਕਲ ਗਾਰਡਨ। ਪੰਜਵੀਂ ਮੋਨੋ ਰੇਲ। ਗੱਲ ਕੀ ਦੁਬਈ ਮਾਣਨ ਵਾਲਾ ਦੇਸ਼ ਹੈ ਜਿੱਥੇ 200 ਤੋਂ ਵੱਧ ਕੌਮਾਂ ਦੇ ਲੋਕ ਰਹਿੰਦੇ ਹਨ। ਸਭ ਤੋਂ ਵੱਧ ਭਾਰਤੀ 28 ਫ਼ੀਸਦੀ ਹਨ ਅਤੇ ਫਿਰ ਪਾਕਿਸਤਾਨੀ 17 ਫ਼ੀਸਦੀ। ਇਸ ਤੋਂ ਬਾਅਦ ਵੱਖ ਵੱਖ ਕੌਮਾਂ ਦੇ ਲੋਕਾਂ ਦੀ ਗਿਣਤੀ ਹੈ। ਸਾਫ਼ ਸਫ਼ਾਈ ਦਾ ਮਿਆਰ ਬਹੁਤ ਉੱਚਾ ਹੈ। ਕਾਰਾਂ ਇਉਂ ਚਮਕਦੀਆਂ ਹਨ ਜਿਵੇਂ ਹੁਣੇ ਹੀ ਸ਼ੋਅਰੂਮ ਵਿੱਚੋਂ ਲਿਆਂਦੀਆਂ ਹੋਣ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਪਹਿਲਗਾਮ ਦੇ ਸਬਕ
ਐਤਵਾਰ ਚਾਰ ਮਈ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ਰਾਮਚੰਦਰ ਗੁਹਾ ਦਾ ਲੇਖ ‘ਅਵਾਮ ਲਈ ਪਹਿਲਗਮ ਦੇ ਸਬਕ’ ਪੜ੍ਹਿਆ। ਦਿਲ ’ਤੇ ਚੋਟ ਕਰਨ ਵਾਲਾ ਸੀ। ਪਹਿਲਗਾਮ ਵਿੱਚ ਬੇਕਸੂਰ ਲੋਕਾਂ ਨੂੰ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨਾ ਪਿਆ। ਭਾਰਤ ਦੀ ਸਹਿਣਸ਼ੀਲਤਾ ਇਸ ਦੀ ਕਮਜ਼ੋਰੀ ਨਹੀਂ ਅਤੇ ਜੰਗ ਇਸ ਦੀ ਸਖ਼ਤੀ ਦੀ ਪ੍ਰੀਖਿਆ ਹੈ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
ਪਹਿਲਕਦਮੀ
ਐਤਵਾਰ 20 ਅਪਰੈਲ ਦੇ ਅੰਕ ਵਿੱਚ ਆਪਣੇ ਲੇਖ ‘ਉਰਦੂ ਹੈ ਜਿਸ ਕਾ ਨਾਮ...’ ਰਾਹੀਂ ਅਰਵਿੰਦਰ ਜੌਹਲ ਨੇ ਉਰਦੂ ਜਿਹੀ ਮਿੱਠੀ ਬੋਲੀ ਨੂੰ ਨਫ਼ਰਤ ਦੀ ਬਲੀ ਚੜ੍ਹਨ ਤੋਂ ਬਚਾਉਣ ਲਈ ‘ਹਾਅ ਦਾ ਨਾਅਰਾ’ ਮਾਰਨ ਦੀ ਪਹਿਲਕਦਮੀ ਕੀਤੀ ਹੈ। ਅਜੋਕੇ ਸਮੇਂ ਵਿੱਚ ਜਦੋਂ ਫ਼ਿਰਕਾਪ੍ਰਸਤੀ ਦੀ ਜ਼ਹਿਰ ਘੋਲੀ ਜਾ ਰਹੀ ਹੋਵੇ, ਉਸ ਸਮੇਂ ਅਜਿਹੇ ਲੇਖਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਆਜ਼ਾਦੀ ਤੋਂ ਪਹਿਲਾਂ ਉਰਦੂ ਜ਼ੁਬਾਨ ਨੂੰ ਹਿੰਦੋਸਤਾਨੀ ਜ਼ੁਬਾਨ ਦੇ ਤੌਰ ’ਤੇ ਜਾਣਿਆ ਜਾਂਦਾ ਸੀ ਜਿਸ ਨੂੰ ਹੋਰ ਭਾਰਤੀ ਭਾਸ਼ਾਵਾਂ ਦੇ ਲੋਕ ਆਸਾਨੀ ਨਾਲ ਸਮਝ ਲੈਂਦੇ ਸਨ। ਮੈਂ ਕਿਤੇ ਇਹ ਵੀ ਸੁਣਿਆ ਸੀ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਭਾਸ਼ਾਵਾਂ ਨੂੰ ਮਾਨਤਾ ਦੇਣ ਦੇ ਸੰਬੰਧ ਵਿੱਚ ਜਿਹੜੀ ਕਮੇਟੀ ਬਣਾਈ ਸੀ ਉਸ ਵੱਲੋਂ ਪੇਸ਼ ਕੀਤੀ ਰਿਪੋਰਟ ਵਿੱਚ ਉਰਦੂ ਦਾ ਨਾਂ ਸ਼ਾਮਲ ਨਹੀਂ ਸੀ, ਪਰ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਦਲੀਲ ਨੂੰ ਸਵੀਕਾਰ ਕਰਦਿਆਂ ਉਰਦੂ ਨੂੰ ਵੀ ਹੋਰ ਭਾਸ਼ਾਵਾਂ ਦੇ ਨਾਲ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿੱਚ ਸ਼ਾਮਲ ਕਰ ਲਿਆ ਗਿਆ ਸੀ।
ਕੁਲਵਿੰਦਰ ਸਿੰਘ ਮਲੋਟ, ਮਲੋਟ (ਸ੍ਰੀ ਮੁਕਤਸਰ ਸਾਹਿਬ)
ਮਾਂ-ਬੋਲੀ ਪ੍ਰਤੀ ਫ਼ਰਜ਼ ਨਿਭਾਈਏ
ਐਤਵਾਰ 13 ਅਪਰੈਲ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਦਾ ਲੇਖ ‘ਆਪਣੀ ਬੋਲੀ ਆਪਣੇ ਲੋਕ’ ਪੜ੍ਹਿਆ, ਵਧੀਆ ਲੱਗਾ। ਉਨ੍ਹਾਂ ਨੇ ਅੱਜ ਦੇ ਨਿਜ਼ਾਮ ’ਤੇ ਬੜੀ ਕਰਾਰੀ ਚੋਟ ਕੀਤੀ ਹੈ। ਦੇਸ਼ ਨੂੰ ਆਜ਼ਾਦ ਹੋਇਆਂ ਸਤੱਤਰ ਸਾਲ ਹੋ ਗਏ, ਪਰ ਅਜੇ ਤੱਕ ਉੱਚ ਪੱਧਰ ਦੀ ਵਿਦਿਆ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਨਹੀਂ ਦਿੱਤੀ ਜਾਂਦੀ। ਬ੍ਰਿਟਿਸ਼ ਸਰਕਾਰ ਵੇਲੇ ਤਾਂ ਸਾਡੀ ਮਜਬੂਰੀ ਸੀ ਕਿ ਹਰ ਕੰਮ ਅੰਗਰੇਜ਼ੀ ਭਾਸ਼ਾ ਵਿੱਚ ਹੁੰਦਾ ਸੀ ਪਰ ਆਜ਼ਾਦ ਹੋਣ ਤੋਂ ਬਾਅਦ ਤਾਂ ਨਿਜ਼ਾਮ ਆਪਣੀ ਮਰਜ਼ੀ ਕਰ ਸਕਦਾ ਸੀ। ਜ਼ਫ਼ਰ ਹੋਰਾਂ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਹਾਲਾਂਕਿ ਅੰਗਰੇਜ਼ੀ ਵਿੱਚ ਕੀਤੀ ਅਤੇ ਨੌਕਰੀ ਦੌਰਾਨ ਸਾਰਾ ਦਫ਼ਤਰੀ ਕੰਮਕਾਜ ਵੀ ਅੰਗਰੇਜ਼ੀ ਵਿੱਚ ਕੀਤਾ ਪਰ ਪੰਜਾਬੀ ਮਾਂ ਬੋਲੀ ਦਾ ਮੋਹ ਨਹੀਂ ਤਿਆਗਿਆ ਅਤੇ ਚੋਟੀ ਦੇ ਗ਼ਜ਼ਲਗੋ ਬਣੇ, ਅਨੇਕਾਂ ਕਿਤਾਬਾਂ ਲਿਖੀਆਂ। ਕੁੱਲ ਮਿਲਾ ਕੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਪੂਰੀ ਵਾਹ ਲਾਈ। ਖ਼ੁਦ ਇਸ ਪੱਤਰ ਦੇ ਲੇਖਕ ਨੇ ਵੀ ਬੈਂਕ ਦੀ ਛੱਤੀ ਸਾਲ ਦੀ ਸੇਵਾ ਨਿਭਾਈ। ਲਗਪਗ ਸਾਰਾ ਕੰਮ ਅੰਗਰੇਜ਼ੀ ਵਿੱਚ ਕੀਤਾ ਅਤੇ ਥੋੜ੍ਹਾ ਬਹੁਤ ਸਰਕਾਰੀ ਹੁਕਮਾਂ ਅਨੁਸਾਰ ਹਿੰਦੀ ਵੀ ਅਪਣਾਈ। ਸਾਰੀ ਸਰਵਿਸ ਪੰਜਾਬ ਵਿੱਚ ਕੀਤੀ, ਪੰਜਾਬੀਆਂ ਨਾਲ ਵਾਹ ਪਿਆ ਤੇ ਉਨ੍ਹਾਂ ਨਾਲ ਪੰਜਾਬੀ ਵਿੱਚ ਹੀ ਵਾਰਤਾਲਾਪ ਕੀਤਾ ਪਰ ਬੈਂਕਾਂ ਨੇ ਘੱਟੋ-ਘੱਟ ਪੰਜਾਬ ਦੇ ਬੈਂਕਾਂ ਵਿੱਚ ਪੰਜਾਬੀ ਲਾਗੂ ਨਹੀਂ ਕੀਤੀ। ਹੁਣ ਥੋੜ੍ਹਾ ਬਹੁਤ ਪਰਚੇ, ਨੋਟਿਸ ਬੋਰਡ ਪੋਸਟਰ ਤੇ ਰੋਜ਼ਾਨਾ ਵਰਤੋਂ ਦੇ ਕਾਗਜ਼ ਪੱਤਰ ਪੰਜਾਬੀ ਵਿੱਚ ਕੀਤੇ ਹਨ। ਮੈਂ ਵੀ ਬੈਂਕ ਦੀ ਨੌਕਰੀ ਕਰਦੇ ਹੋਏ ਪੰਜਾਬੀ ਦਾ ਮੋਹ ਨਹੀਂ ਛੱਡਿਆ। ਸੇਵਾਮੁਕਤੀ ਤੋਂ ਬਾਅਦ ਮਾਂ-ਬੋਲੀ ਵਿੱਚ ਲਿਖਣਾ ਸ਼ੁਰੂ ਕੀਤਾ। ਦੋ ਪੁਸਤਕਾਂ ਛਪ ਚੁੱਕੀਆਂ ਹਨ ਤੇ ਦੋ ਕਿਤਾਬਾਂ ਹੋਰ ਛਪ ਰਹੀਆਂ ਹਨ। ਹਰ ਪੰਜਾਬ ਵਾਸੀ ਦਾ ਫਰਜ਼ ਬਣਦਾ ਹੈ ਕਿ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਵੱਧ ਤੋਂ ਵੱਧ ਯੋਗਦਾਨ ਪਾਵੇ।
ਸੁਰਿੰਦਰ ਸ਼ਰਮਾ ਨਾਗਰਾ