ਡਾਕ ਐਤਵਾਰ ਦੀ
ਮਾਂ ਦੀਆਂ ਯਾਦਾਂ
ਐਤਵਾਰ, 11 ਮਈ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ਥਰਿਟੀ ਈ. ਭਰੂਚਾ ਦੀ ਲਿਖਤ ਦਾ ਲਵਲੀਨ ਜੌਲੀ ਵੱਲੋਂ ਕੀਤਾ ਪੰਜਾਬੀ ਅਨੁਵਾਦ ‘ਬਸ ਇੱਕ ਸਵਾਲ ਮਾਂ’ ਮਾਤ ਦਿਵਸ ’ਤੇ ਮਾਂ ਦੀਆਂ ਯਾਦਾਂ ਤਾਜ਼ਾ ਕਰਾਉਣ ਵਾਲਾ ਲੱਗਾ। ਅੱਜ ਦੇ ਸਮੇਂ ਵਿੱਚ ਸੰਤਾਨ ਕੋਲ ਆਪਣੇ ਮਾਪਿਆਂ ਲਈ ਸਮੇਂ ਦੀ ਘਾਟ ਹੈ। ਸਾਡੇ ਸੰਸਕਾਰਾਂ-ਪਰੰਪਰਾਵਾਂ ਨੂੰ ਭੁਲਾ ਕੇ ਬਜ਼ੁਰਗਾਂ ਨਾਲ ਰੁੱਖਾ ਵਿਹਾਰ ਕੀਤਾ ਜਾਂਦਾ ਹੈ। ਮਾਂ ਦੀ ਤਕਲੀਫ਼ ਨੂੰ ਉਸ ਦੀਆਂ ਧੀਆਂ ਹੀ ਸਮਝ ਸਕਦੀਆਂ ਹਨ। ਮਾਂ ਦੀ ਸੇਵਾ ਤਾਂ ਰੱਬ ਦੀ ਸੇਵਾ ਸਮਝੀ ਜਾਂਦੀ ਹੈ ਜਿਸ ਨੂੰ ਕੋਈ ਸਰਵਣ ਜਿਹਾ ਆਗਿਆਕਾਰੀ ਪੁੱਤ ਹੀ ਜਾਣ ਸਕਦਾ ਹੈ। ਮਾਂ ਦਾ ਕਰਜ਼ ਮਨੁੱਖ ਸੱਤ ਜਨਮਾਂ ਵਿੱਚ ਵੀ ਨਹੀਂ ਉਤਾਰ ਸਕਦਾ।
ਅਨਿਲ ਕੌਸ਼ਿਕ, ਕਿਓੜਕ (ਕੈਥਲ, ਹਰਿਆਣਾ)
ਰਿਸ਼ਤਿਆਂ ਦੀ ਅਹਿਮੀਅਤ ਦੱਸਦੀ ਕਹਾਣੀ
ਐਤਵਾਰ, ਚਾਰ ਮਈ ਦੇ ‘ਦਸਤਕ’ ਅੰਕ ਦੇ ਔਨਲਾਈਨ ਪੰਨੇ ’ਤੇ ਜਗਦੀਸ਼ ਕੌਰ ਮਾਨ ਦੀ ਕਹਾਣੀ ‘ਸੱਚ ਬਨਾਮ ਸੱਚ’ ਪੜ੍ਹੀ। ਅਜਿਹੇ ਸੰਵੇਦਨਸ਼ੀਲ ਵਿਸ਼ੇ ’ਤੇ ਲੇਖਿਕਾ ਨੇ ਨਪੇ-ਤੁਲੇ ਤੇ ਭਾਵਪੂਰਤ ਸ਼ਬਦਾਂ ਵਿੱਚ ਔਰਤ ਦੀ ਹੋਣੀ ਬਿਆਨ ਕੀਤੀ ਹੈ। ਇਸ ਕਹਾਣੀ ਦਾ ਅੰਤ ਸੁਖਾਵਾਂ ਕੀਤਾ ਗਿਆ ਹੈ, ਪਰ ਅਸਲ ਜ਼ਿੰਦਗੀ ਵਿੱਚ ਅਜਿਹੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਆਪਸੀ ਸੰਵਾਦ ਨਾਲ ਸੁਲਝਾ ਲੈਣਾ ਚਾਹੀਦਾ ਹੈ ਤਾਂ ਕਿ ਬਿਨਾਂ ਕਿਸੇ ਆਧਾਰ ਵਾਲੀਆਂ ਬੇਤੁਕੀਆਂ ਪਰੰਪਰਾਵਾਂ ਨਾਲ ਕਿਸੇ ਦੇ ਸਨਮਾਨ ਨੂੰ ਠੇਸ ਨਾ ਪਹੁੰਚਾਈ ਜਾਵੇ। ਹੁਣ ਜ਼ਮਾਨਾ ਬਹੁਤ ਅੱਗੇ ਚਲਾ ਗਿਆ ਹੈ, ਇਸ ਲਈ ਸਾਨੂੰ ਔਰਤਾਂ ਪ੍ਰਤੀ ਅਜਿਹੀਆਂ ਧਾਰਨਾਵਾਂ ਨੂੰ ਤਿਆਗ ਦੇਣਾ ਚਾਹੀਦਾ ਹੈ। ਹੁਣ ਉਹ ਸਿਰਫ਼ ਘਰ ਦੀ ਚਾਰਦੀਵਾਰੀ ਤੱਕ ਹੀ ਸੀਮਤ ਨਹੀਂ ਹਨ, ਸਗੋਂ ਹਰ ਖੇਤਰ ਵਿੱਚ ਅੱਗੇ ਹੋ ਕੇ ਮੱਲਾਂ ਮਾਰ ਰਹੀਆਂ ਹਨ।
ਜਗਮੀਤ ਸਿੰਘ, ਕਪੂਰਥਲਾ
ਨੰਗੇ ਪੈਰਾਂ ਦਾ ਸਫ਼ਰ
ਐਤਵਾਰ, 4 ਮਈ ਨੂੰ ‘ਦਸਤਕ’ ਅੰਕ ’ਚ ਦਲਜੀਤ ਰਾਏ ਕਾਲੀਆ ਦਾ ਲੇਖ ‘ਨੰਗੇ ਪੈਰਾਂ ਦੇ ਸਫ਼ਰ ਵਾਲੀ ਦਲੀਪ ਕੌਰ ਟਿਵਾਣਾ’ ਪੜ੍ਹਿਆ। ਇਸ ਲੇਖ ’ਚ ਲੇਖਕ ਨੇ ਦਲੀਪ ਕੌਰ ਟਿਵਾਣਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਡਾਕਟਰ ਟਿਵਾਣਾ ਪੰਜਾਬੀ ਸਾਹਿਤ ਦੀ ਪ੍ਰਸਿੱਧ ਲੇਖਿਕਾ ਸੀ। ਉਹ ਵੱਕਾਰੀ ਸਰਸਵਤੀ ਸਨਮਾਨ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬੀ ਲੇਖਿਕਾ ਸੀ। ਉਨ੍ਹਾਂ ਆਪਣਾ ਅਧਿਆਪਕ ਜੀਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੈਕਚਰਾਰ ਤੋਂ ਲੈ ਕੇ ਵਿਭਾਗ ਮੁਖੀ ਅਤੇ ਡੀਨ ਵਜੋਂ ਨਿਭਾਇਆ। ਉਨ੍ਹਾਂ ਦੀਆਂ ਰਚਨਾਵਾਂ ’ਚ ਨਾਵਲ, ਕਹਾਣੀ-ਸੰਗ੍ਰਹਿ, ਆਲੋਚਨਾ, ਸਵੈ-ਜੀਵਨੀ ਅਤੇ ਬੱਚਿਆਂ ਲਈ ਸਾਹਿਤ ਸ਼ਾਮਿਲ ਹਨ। ਉਨ੍ਹਾਂ ਦੀਆਂ ਲਿਖਤਾਂ ਵਿੱਚ ਨਾਰੀ ਚੇਤਨਾ, ਸਮਾਜਿਕ ਅਨਿਆਂ ਅਤੇ ਮਨੁੱਖੀ ਸੰਵੇਦਨਾਵਾਂ ਪ੍ਰਤੀ ਗਹਿਰਾਈ ਮਿਲਦੀ ਹੈ। ਉਹ ਪੰਜਾਬੀ ਅਕਾਦਮੀ ਲੁਧਿਆਣਾ ਦੀ ਪ੍ਰਧਾਨ ਬਣਨ ਵਾਲੀ ਪਹਿਲੀ ਔਰਤ ਸੀ। 2015 ਵਿੱਚ ਉਨ੍ਹਾਂ ਪਦਮ ਸ੍ਰੀ ਵਾਪਸ ਕਰਕੇ ਆਪਣੇ ਵਿਚਾਰਾਂ ਲਈ ਡਟ ਕੇ ਖੜ੍ਹੇ ਹੋਣ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਅਟੁੱਟ ਹਿੱਸਾ ਹਨ।
ਗੁਰਿੰਦਰ ਪਾਲ ਸਿੰਘ, ਰਾਜਪੁਰਾ
ਜਾਣਕਾਰੀ ਭਰਪੂਰ ਰਚਨਾਵਾਂ
ਐਤਵਾਰ, 4 ਮਈ ਦਾ ‘ਦਸਤਕ’ ਅੰਕ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਹੈ। ਭਾਰਤ-ਪਾਕਿਸਤਾਨ ਸਬੰਧਾਂ ’ਚ ਬਣੇ ਤਣਾਅ ਦੇ ਮੱਦੇਨਜ਼ਰ ਰਾਮਚੰਦਰ ਗੁਹਾ ਦਾ ਲੇਖ ‘ਅਵਾਮ ਲਈ ਪਹਿਲਗਾਮ ਦੇ ਸਬਕ’ ਇਕਜੁੱਟਤਾ ਦਾ ਸਾਰਥਕ ਸੁਨੇਹਾ ਅਤੇ ਫ਼ਿਰਕਾਪ੍ਰਸਤੀ ਤੋਂ ਬਚਣ ਦੀ ਸਲਾਹ ਦਿੰਦਾ ਹੈ। ਸਰਹੱਦ ਪਾਰ ਤੋਂ ਹੋਏ ਹਮਲਿਆਂ ਖ਼ਿਲਾਫ਼ ਭਾਰਤ ਸਰਕਾਰ ਭਾਵੇਂ ਜੋ ਵੀ ਕਾਰਵਾਈ ਕਰੇ ਪਰ ਆਪਸੀ ਸਾਂਝ ਕਾਇਮ ਰਹਿਣੀ ਚਾਹੀਦੀ ਹੈ। ਦੇਸ਼ ਦੇ ਅੰਦਰ ਹੀ ਜੇ ਧਰਮ ਅਤੇ ਜਾਤਪਾਤ ਦੇ ਨਾਂ ’ਤੇ ਵੰਡੀਆਂ ਪਾਈਆਂ ਜਾਣਗੀਆਂ ਤਾਂ ਇਸ ਨਾਲ ਸਾਡਾ ਆਪਣਾ ਹੀ ਨੁਕਸਾਨ ਹੋਵੇਗਾ। ਅਤਿਵਾਦੀ ਹਮਲਿਆਂ ਨੂੰ ਕੋਈ ਵੀ ਜਾਇਜ਼ ਨਹੀਂ ਠਹਿਰਾਉਂਦਾ ਤੇ ਇਸ ਦਾ ਸਖ਼ਤ ਜਵਾਬ ਦਿੱਤਾ ਜਾਣਾ ਬਣਦਾ ਹੈ ਪਰ ਇਸ ਨੂੰ ਕਿਸੇ ਇੱਕ ਖ਼ਾਸ ਫ਼ਿਰਕੇ ਨਾਲ ਜੋੜ ਕੇ ਉਸ ਦੇ ਬੇਦੋਸ਼ੇ ਵਿਅਕਤੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।
ਇਸ ਦੇ ਨਾਲ ਹੀ ਸੁਰਿੰਦਰ ਸਿੰਘ ਤੇਜ ਵੱਲੋਂ ਏ.ਐੱਸ. ਦੁੱਲਟ ਦੀ ਕਿਤਾਬ ਬਾਰੇ ‘ਦੋਸਤੀ ਮੁੱਖ ਮੰਤਰੀ ਅਤੇ ਜਾਸੂਸ ਦੀ’ ਹੇਠ ਕੀਤੀ ਪਰਖ ਪੜਚੋਲ ਕਾਫ਼ੀ ਦਿਲਚਸਪ ਜਾਣਕਾਰੀ ਦਿੰਦੀ ਹੈ। ਇਹ ਕਿਤਾਬ ਕਾਫ਼ੀ ਚਰਚਾ ’ਚ ਹੈ ਅਤੇ ਇਸ ਬਾਰੇ ਇਹ ਰਚਨਾ ਬਿਲਕੁਲ ਢੁੱਕਵੇਂ ਸਮੇਂ ’ਤੇ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਨਾਲ ਪਾਠਕਾਂ ਦੀ ਜਗਿਆਸਾ ਕਾਫ਼ੀ ਹੱਦ ਤੱਕ ਸ਼ਾਂਤ ਹੁੰਦੀ ਹੈ ਅਤੇ ਨਾਲ ਹੀ ਇਸ ਕਿਤਾਬ ਨੂੰ ਮੁਕੰਮਲ ਪੜ੍ਹਨ ਦਾ ਦਿਲ ਕਰਦਾ ਹੈ। ‘ਪੰਜਾਬੀ ਟ੍ਰਿਬਿਊਨ’ ਨੂੰ ਸਮੇਂ ਸਮੇਂ ’ਤੇ ਅਜਿਹੀਆਂ ਰਚਨਾਵਾਂ ਛਾਪਦੇ ਰਹਿਣਾ ਚਾਹੀਦਾ ਹੈ। ਸ੍ਰੀ ਤੇਜ ਦੀ ਭਾਸ਼ਾ ਤੇ ਪੇਸ਼ਕਾਰੀ ਵੀ ਰਚਨਾ ਨੂੰ ਦਿਲਚਸਪ ਬਣਾਉਂਦੀ ਹੈ ਜਿਵੇਂ ਉਹ ਲਿਖਦੇ ਹਨ, ‘‘ਉਹ (ਦੁੱਲਟ) ਆਪਣੀ ਕਿਤਾਬ ਨੂੰ ਡਾ. ਫਾਰੂਕ ਦੀ ਸ਼ਖ਼ਸੀਅਤ ਦੀ ਖ਼ੂਬਸੂਰਤ ਤਸਵੀਰ ਦੱਸਦੇ ਹਨ। ਇਹ ਹੈ ਵੀ ਤਸਵੀਰ। ਉਹ ਤਸਵੀਰ ਜੋ ਸ਼ਖ਼ਸੀ ਖ਼ੂਬਸੂਰਤੀ ਨਿਖਾਰ ਕੇ ਸਾਹਮਣੇ ਲਿਆਉਂਦੀ ਹੈ ਅਤੇ ਦਾਗਾਂ, ਛਾਈਆਂ ਤੇ ਮੱਸਿਆਂ ਨੂੰ ਫੋਟੋੋਸ਼ਾਪ ਦੀ ਮਦਦ ਨਾਲ ਬੇਹੱਦ ਮੱਧਮ ਬਣਾ ਦਿੰਦੀ ਹੈ।’’
ਹਰਪ੍ਰੀਤ ਸਿੰਘ, ਈ-ਮੇਲ
ਮਰ ਰਹੀ ਹੈ ਮੇਰੀ ਭਾਸ਼ਾ
ਐਤਵਾਰ 20 ਅਪਰੈਲ ਦੇ ਅੰਕ ਵਿੱਚ ਲੇਖ ‘ਉਰਦੂ ਹੈ ਜਿਸ ਕਾ ਨਾਮ’ ਪੜ੍ਹਿਆ। ਇਸ ਤੋਂ ਜਾਪਿਆ ਕਿ ਮਿੱਠੀ ਜ਼ੁਬਾਨ ਉਰਦੂ ਖ਼ਿਲਾਫ਼ ਨਫ਼ਰਤੀ ਤੰਦਾਂ ਦਾ ਤਾਣਾ ਬੁਣਨ ਦੀ ਇੱਕ ਚਾਲ ਸੀ। ਮਾਣਯੋਗ ਅਦਾਲਤਾਂ ਨੇ ਫ਼ਿਰਕਾਪ੍ਰਸਤੀ ਨੂੰ ਨੱਥ ਪਾ ਕੇ ਸਾਨੂੰ ਭਾਸ਼ਾਈ ਨਫ਼ਰਤ ਦੇ ਸੰਘਣੇ ਹਨੇਰੇ ਵਿੱਚੋਂ ਗਰਕਣ ਤੋਂ ਬਚਾ ਲਿਆ। ਖ਼ੂਬਸੂਰਤ ਨਜ਼ਮ ਵੀ ਪੜ੍ਹੀ ਗਈ:
‘‘ਉਰਦੂ ਹੈ ਮੇਰਾ ਨਾਮ, ਮੈਂ ਖੁਸਰੋ ਕੀ ਪਹੇਲੀ,
ਕਿਉਂ ਮੁਝਕੋ ਬਨਾਤੇ ਹੋ ਤੁਅੱਸਬ ਕਾ ਨਿਸ਼ਾਨਾ,
ਮੈਨੇ ਤੋਂ ਕਭੀ ਖ਼ੁਦ ਕੋ ਮੁਸਲਮਾਨ ਨਹੀਂ ਮਾਨਾ,
ਦੇਖਾ ਥਾ ਕਭੀ ਮੈਨੇ ਭੀ ਖ਼ੁਸ਼ੀਓ ਕਾ ਜ਼ਮਾਨਾ,
ਅਪਨੇ ਹੀ ਵਤਨ ਮੇਂ ਹੂੰ ਮਗਰ ਆਜ ਅਕੇਲੀ।’’
ਇਸੇ ਤਰਜ਼ ’ਤੇ ਅਸੀਂ ਪੰਜਾਬੀ ਬੋਲੀ ਨੂੰ ਦੇਖੀਏ ਤਾਂ ਇਸ ਦੀ ਵੀ ਆਪਣੇ ਘਰ ਵਿੱਚ ਬੇਇੱਜ਼ਤੀ ਹੋ ਰਹੀ ਹੈ। ਪੰਜਾਬ ਦੀ ਸਕੂਲੀ ਸਿੱਖਿਆ ਵੀ ਕਾਨਵੈਂਟ ਸਕੂਲਾਂ ਨੇ ਗ੍ਰਸ ਦਿੱਤੀ ਹੈ। ਉਰਦੂ ਮਗਰੋਂ ਜਿਸ ਤਰ੍ਹਾਂ ਦਾ ਹਸ਼ਰ ਪੰਜਾਬੀ ਦਾ ਹੋ ਰਿਹਾ ਹੈ ਉਸ ਤਰ੍ਹਾਂ ਦੀ ਉਦਾਹਰਣ ਕੋਈ ਨਹੀਂ ਮਿਲਦੀ। ਪੰਜਾਬੀ ਚਿੰਤਕ ਕਾਫ਼ੀ ਸਮੇਂ ਤੋਂ ਹੋਕਾ ਦੇ ਰਹੇ ਹਨ। ਸੁਰਜੀਤ ਪਾਤਰ ਨੇ ਕਿਹਾ ਸੀ, ‘‘ਮਰ ਰਹੀ ਹੈ ਮੇਰੀ ਭਾਸ਼ਾ...’’। ਆਓ, ਮਾਂ ਬੋਲੀ ਪੰਜਾਬੀ ਬਾਰੇ ਨਫ਼ਰਤੀ ਸੁਰਾਂ ਨੂੰ ਰੋਕ ਕੇ ਇਸ ਮਿੱਠੀ ਜ਼ੁਬਾਨ ਨੂੰ ਮਾਂ ਦੀ ਲੋਰੀ ਸਮਝ ਕੇ ਅਪਣਾਈਏ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ
ਸਿੱਖਿਆ ਕ੍ਰਾਂਤੀ?
ਐਤਵਾਰ 13 ਅਪਰੈਲ ਨੂੰ ਅਰਵਿੰਦਰ ਜੌਹਲ ਨੇ ਸਿੱਖਿਆ ਅਤੇ ਅਧਿਆਪਕਾਂ ਦੇ ਪੱਖ ਵਿੱਚ ਬਹੁਤ ਹੀ ਵਧੀਆ ਲਿਖਿਆ। ਤਸਵੀਰ ਦੇ ਦੂਸਰੇ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ। 25-30 ਸਾਲਾਂ ਦੇ ਮੁਕਾਬਲੇ ਹੁਣ ਸਰਕਾਰੀ ਸਕੂਲਾਂ ਦੇ ਕਾਫ਼ੀ ਅਧਿਆਪਕਾਂ ਵਿੱਚ ਕੰਮ ਕਰਨ ਦੀ ਭਾਵਨਾ ਦੀ ਘਾਟ ਵੀ ਅਸਲ, ਲੁਕਵਾਂ ਤੇ ਵੱਡਾ ਮਸਲਾ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਧੀਆਂ ਪੁੱਤਰਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਨੂੰ ਤਰਜੀਹ ਨਾ ਦੇਣ ਵਾਲੀ ਗੱਲ ਸਮਝਣ ਦੀ ਲੋੜ ਹੈ। ਸਰਕਾਰੀ ਸਕੂਲਾਂ ਵਾਂਗ ਸਰਕਾਰੀ ਹਸਪਤਾਲਾਂ ਬਾਰੇ ਵੀ ਇਸੇ ਤਰ੍ਹਾਂ ਦੀ ਸਮੱਸਿਆ ਹੈ। ਸਰਕਾਰੀ ਮੁਲਾਜ਼ਮਾਂ ਨੂੰ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਦੇਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ