For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

04:10 AM Apr 13, 2025 IST
ਡਾਕ ਐਤਵਾਰ ਦੀ
Advertisement

ਮਨ ਨੂੰ ਬਲ ਮਿਲਿਆ

ਐਤਵਾਰ, 6 ਅਪਰੈਲ ਦੇ ਅੰਕ ਰਾਹੀਂ 30 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਯਾਦ ਨੂੰ ਸਮਰਪਿਤ ਪ੍ਰੇਮ ਪ੍ਰਕਾਸ਼ ਦੀਆਂ ਆਪਣੀਆਂ ਰਚਨਾਵਾਂ ਅਤੇ ਉਨ੍ਹਾਂ ਦੇ ਮਿੱਤਰ ਸੁਰਜੀਤ ਹਾਂਸ ਦੇ ਸ਼ਬਦਾਂ ਜ਼ਰੀਏ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਨ੍ਹਾਂ ਸ਼ਬਦਾਂ ਰਾਹੀਂ ਪ੍ਰੇਮ ਪ੍ਰਕਾਸ਼ ਦੀ ਜੀਵਨ ਜਾਚ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੂੰ ਮੈਂ ਪਹਿਲਾਂ ਵੀ ਕੁਝ ਜਾਣਿਆ ਤੇ ਮਿਲਿਆ ਸਾਂ। ਹੁਣ ਹੋਰ ਜਾਣ ਕੇ ਮੈਨੂੰ ਮਨੁੱਖੀ ਜੀਵਨ ਜਾਚ ਦੀ ਜਾਣਕਾਰੀ ਮਿਲੀ ਹੈ, ਜਿਸ ਵਿੱਚ ਖ਼ਾਸ ਤੌਰ ਉੱਤੇ ਜਨਮ ਸਥਾਨ ਤੇ ਕਰਮ ਭੂਮੀ ਤੋਂ ਇਲਾਵਾ ਸਮਾਜਿਕ ਤੇ ਸੱਭਿਆਚਾਰਕ ਸਰੋਕਾਰਾਂ ਸਮੇਤ ਜਨਮ-ਮੌਤ ਬਾਰੇ ਸਮੀਖਿਆ ਵਰਗੀ ਸਿੱਖਿਆ ਤੇ ਸੇਧ ਮਿਲੀ ਹੈ।
‘ਚਿੱਠੀਆਂ ਦੇ ਵੱਡੇ ਜਿਗਰੇ’ ਸਿਰਲੇਖ ਹੇਠ ਗੁਰਪ੍ਰੀਤ ਦੇ ਸ਼ਬਦਾਂ ਨੂੰ ਪੜ੍ਹ ਕੇ ਮੈਂ ਵੀ ਆਪਣੇ ਤਣਾਅ ਮੁਕਤ ਬਚਪਨ ਦੇ ਦਿਨਾਂ ਵਿੱਚ ਚਲਾ ਗਿਆ। ਗੁਰਪ੍ਰੀਤ ਦੀ ਦਾਦੀ ਵਾਂਗ ਮੇਰੀ ਮਾਂ ਵੀ ਦਸੀ-ਪੰਜੀ ਕਦੇ ਕਦੇ ਦੇ ਦਿੰਦੀ ਸੀ। ਉਸ ਨਾਲ ਮੈਂ ਵੀ ਆਪਣੇ ਸਕੂਲ ਦੇ ਰਾਹ ਵਿੱਚ ਰੇਹੜੀ ਵਾਲੇ ਤੋਂ ਅੱਧੀ ਛੁੱਟੀ ਵੇਲੇ ਖਟਿਆਈ ਵਾਲੀ ਸ਼ਕਰਕੰਦੀ ਜਾਂ ਮਰੁੰਡਾ ਲੈ ਕੇ ਖਾਂਦਾ ਹੁੰਦਾ ਸੀ। ਜਦੋਂ ਮੇਰਾ ਪਿਉ ਸਾਊਦੀ ਅਰਬ ਚਲਾ ਗਿਆ ਸੀ ਤਾਂ ਗੁਰਪ੍ਰੀਤ ਵਾਂਗੂੰ ਹੀ ਮੈਂ ਵੀ ‘...ਸਤਿ ਸ੍ਰੀ ਅਕਾਲ, ਇੱਥੇ... ਅੱਗੇ ਸਮਾਚਾਰ ਇਹ ਹੈ ਕਿ...’ ਲਿਖ ਕੇ ਨੀਲੇ ਰੰਗ ਦੇ ਲਿਫ਼ਾਫ਼ੇ ਉੱਤੇ ਸ਼ਬਦਾਂ ਦੀ ਸ਼ਕਤੀ ਨਾਲ ਰਿਸ਼ਤਿਆਂ ਦੀ ਸਾਂਝ ਪੁਆਉਂਦਾ ਰਿਹਾ ਹਾਂ। ‘ਪੰਜਾਬੀ ਟ੍ਰਿਬਿਊਨ’ ਦੀਆਂ ਉਪਰੋਕਤ ਲਿਖਤਾਂ ਪੜ੍ਹ ਕੇ ਮੇਰਾ ਪਾਠਕ ਮਨ ਤਕੜਾ ਹੋ ਗਿਆ ਹੈ ਕਿਉਂਕਿ ਪਿਛਲੇ ਮਹੀਨਿਆਂ ਤੋਂ ਟੁੱਟਵਾਂ-ਟੁੱਟਵਾਂ ਪੜ੍ਹਨਾ ਪੈ ਰਿਹਾ ਹੈ ਤੇ ਹੁਣ ਮਹਿਸੂਸ ਕਰਦਾ ਹਾਂ ਕਿ ਲਗਾਤਾਰ ਪੜ੍ਹਨ ਦੇ ਰਾਹ ਪੈ ਜਾਵਾਂਗਾ।
ਜਸਬੀਰ ਕਲਸੀ, ਧਰਮਕੋਟ (ਮੋਗਾ)

Advertisement

... ਤੇ ਗੁਆਚਿਆ ਨਿਆਂ

ਐਤਵਾਰ 6 ਅਪਰੈਲ ਨੂੰ ‘ਸੋਚ ਸੰਗਤ’ ਪੰਨੇ ਉੱਪਰ ਅਰਵਿੰਦਰ ਜੌਹਲ ਦਾ ਲੇਖ ‘ਢਹਿ-ਢੇਰੀ ਹੋਏ ਘਰ ਤੇ ਗੁਆਚਿਆ ਨਿਆਂ’ ਹਰ ਸੁਚੇਤ ਮਨ ਨੂੰ ਝੰਜੋੜਨ ਵਾਲਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਸ਼ਾ ਕਾਰੋਬਾਰੀਆਂ ਨੇ ਹਜ਼ਾਰਾਂ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ। ਨਸ਼ੇ ਦਾ ਧੰਦਾ ਸਿਆਸੀ ਮਿਲੀਭੁਗਤ ਬਿਨਾਂ ਨਹੀਂ ਚੱਲ ਸਕਦਾ। ਪੁਲੀਸ ਵਿੱਚ ਵੀ ਕਈ ਕਾਲੀਆਂ ਭੇਡਾਂ ਮੌਜੂਦ ਹਨ। ਇਸ ਦੀ ਉਦਾਹਰਣ ਬਠਿੰਡਾ ਤੋਂ ਫੜੀ ਗਈ ਹੈੱਡ ਕਾਂਸਟੇਬਲ ਕੁੜੀ ਦੀ ਕਾਲੀ ਥਾਰ ਵਿੱਚੋਂ ਚਿੱਟਾ ਬਰਾਮਦ ਹੋਣਾ ਹੈ। ਇਸ ਤੋਂ ਵੀ ਅੱਗੇ ਇਸ ਕੁੜੀ ਵੱਲੋਂ ਉੱਚ ਅਧਿਕਾਰੀਆਂ ਨਾਲ ਸਬੰਧ ਹੋਣ ਦੀ ਗੱਲ ਕੀਤੀ ਗਈ। ਪੰਜਾਬ ਦੇ ਰਾਜਪਾਲ ਨੇ ਪੈਦਲ ਯਾਤਰਾ ਕਰਕੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਜਿੱਥੋਂ ਤੱਕ ਬੁਲਡੋਜ਼ਰ ਦਾ ਸੁਆਲ ਹੈ, ਪੰਜਾਬ ਦੇ ਲੋਕਾਂ ਨੇ ਅਜੇ ਤੱਕ ਕੋਈ ਵਿਰੋਧ ਨਹੀਂ ਕੀਤਾ। ਯੂਪੀ ਤੇ ਪੰਜਾਬ ਦੇ ਬੁਲਡੋਜ਼ਰ ਨੂੰ ਭਾਵੇਂ ਵੱਖ ਵੱਖ ਦਰਸਾਇਆ ਜਾ ਰਿਹਾ ਹੈ ਪਰ ਸਜ਼ਾ ਸਿਰਫ਼ ਗੁਨਾਹਗਾਰ ਨੂੰ ਹੀ ਮਿਲਣੀ ਚਾਹੀਦੀ ਹੈ, ਕਿਸੇ ਵੀ ਬੇਗੁਨਾਹ ਨੂੰ ਨਹੀਂ। ਕਿਸੇ ਬੇਗੁਨਾਹ ਨੂੰ ਸਜ਼ਾ ਮਿਲਣ ਨਾਲ ਮਨੁੱਖਤਾ ਸ਼ਰਮਸਾਰ ਹੁੰਦੀ ਹੈ। ਕਿਸੇ ਬੇਗੁਨਾਹ ਨਾਲ ਹੁੰਦੀ ਵਧੀਕੀ ਦਾ ਅੰਦਾਜ਼ਾ ਆਪਣਿਆਂ ਜਾਂ ਖ਼ੁਦ ਨਾਲ ਵਧੀਕੀ ਹੋਣ ਦੇ ਅਹਿਸਾਸ ਨਾਲ ਹੀ ਲਾਇਆ ਜਾ ਸਕਦਾ ਹੈ।
ਬਲਦੇਵ ਸਿੰਘ ਚੀਮਾ, ਲਹਿਰਾਗਾਗਾ (ਸੰਗਰੂਰ)

Advertisement
Advertisement

ਸਬਕ ਸਿੱਖਣ ਦੀ ਲੋੜ

ਐਤਵਾਰ 30 ਮਾਰਚ ਨੂੰ ਅਰਵਿੰਦਰ ਜੌਹਲ ਦਾ ਲੇਖ ‘ਇਨਸਾਫ਼! ... ਹਾਜ਼ਰ ਜਾਂ ਗ਼ੈਰਹਾਜ਼ਰ’ ਡੂੰਘੇ ਮੰਥਨ ਵਾਲਾ ਸੀ। ਜਸਟਿਸ ਯਸ਼ਵੰਤ ਵਰਮਾ ਦੇ ਮਾਮਲੇ ਤੋਂ ਹਰ ਇਨਸਾਨ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ’ਚ ਸਬਰ, ਸੰਤੋਖ ਤੇ ਸ਼ੁਕਰਾਨਾ ਦੇ ਫਲਸਫ਼ੇ ਨੂੰ ਅਪਣਾਉਣਾ ਕਿਉਂ ਤੇ ਕਿੰਨਾ ਜ਼ਰੂਰੀ ਹੈ। ਇਨਸਾਫ਼ ਦੇਣ ਵਾਲਿਆਂ ਦੇ ਘਰੋਂ ਨੋਟਾਂ ਦੀਆਂ ਬੋਰੀਆਂ ਮਿਲਣ ਤੋਂ ਜਾਪਦਾ ਹੈ ਕਿ ਨਿਆਂਪਾਲਿਕਾ ’ਚ ਇਨਸਾਫ਼ ਗ਼ੈਰਹਾਜ਼ਰ ਹੈ। ਭ੍ਰਿਸ਼ਟਾਚਾਰ ਦੇ ਦੌਰ ’ਚ ਇਨਸਾਫ਼ ਦੀ ਕੀ ਆਸ ਹੈ?
ਸੁਖਪਾਲ ਕੌਰ, ਚੰਡੀਗੜ੍ਹ

ਵਿਦਰੋਹੀ ਕਾਵਿ ਦੀ ਆਵਾਜ਼

ਐਤਵਾਰ 30 ਮਾਰਚ ਦੇ ‘ਦਸਤਕ’ ਅੰਕ ’ਚ ਪ੍ਰਿਤਪਾਲ ਸਿੰਘ ਮਹਿਰੋਕ ਦਾ ਲਿਖਿਆ ਲੇਖ ‘ਵਿਦਰੋਹੀ ਸੁਰ ਵਾਲਾ ਸ਼ਾਇਰ ਡਾ. ਜਗਤਾਰ’ ਪੜ੍ਹਿਆ, ਵਧੀਆ ਲੱਗਿਆ। ਡਾ. ਜਗਤਾਰ ਪੰਜਾਬੀ ਕਾਵਿ ਦਾ ਮਹੱਤਵਪੂਰਨ ਨਾਂ ਹੈ, ਜਿਸ ਨੇ ਆਪਣੀ ਕਾਵਿ ਰਚਨਾ ਵਿੱਚ ਗੁਣਾਤਮਕ ਤੇ ਗਿਣਾਤਮਕ ਪੱਖਾਂ ਦੀ ਵਿਲੱਖਣ ਸਾਂਝ ਪਾਈ। ਉਹ ਇਕੱਲਾ ਕਵੀ ਹੀ ਨਹੀਂ ਸਗੋਂ ਗੰਭੀਰ ਚਿੰਤਕ, ਖੋਜੀ, ਅਨੁਵਾਦਕ ਅਤੇ ਸੰਪਾਦਕ ਵੀ ਰਹੇ। ਲਹਿੰਦੇ ਪੰਜਾਬ ਦੇ ਸਾਹਿਤ ’ਤੇ ਖੋਜ ਅਤੇ ਗੁਰਮੁਖੀ ਵਿੱਚ ਲਿਪੀਅੰਤਰ ਕਰਨਾ ਉਨ੍ਹਾਂ ਦੇ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਹੈ। ਫੋਟੋਗ੍ਰਾਫੀ, ਲੋਕਧਾਰਾ, ਭੂਗੋਲ ਅਤੇ ਵਿਦੇਸ਼ੀ ਸੰਸਕ੍ਰਿਤੀਆਂ ਦੀ ਵੀ ਉਨ੍ਹਾਂ ਨੇ ਗਹਿਰੀ ਪੜਚੋਲ ਕੀਤੀ।
ਉਨ੍ਹਾਂ ਦੀ ਕਾਵਿ ਰਚਨਾ ਵਿਦਰੋਹੀ, ਪ੍ਰਗਤੀਸ਼ੀਲ ਅਤੇ ਆਧੁਨਿਕ ਲਹਿਰਾਂ ਦਾ ਹਿੱਸਾ ਰਹੀ। ‘ਲਹੂ ਦੇ ਨਕਸ਼’, ‘ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ’ ਵਰਗੀਆਂ ਪੁਸਤਕਾਂ ਰਾਹੀਂ ਉਨ੍ਹਾਂ ਨੇ ਮਨੁੱਖੀ ਦਰਦ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਉਭਾਰਿਆ। ਉਨ੍ਹਾਂ ਦੀ ਸ਼ਾਇਰੀ ਪ੍ਰਤੀਰੋਧ, ਵਿਅਕਤੀਕਤ ਤਜਰਬਿਆਂ ਅਤੇ ਵਿਦਰੋਹ ਦੀ ਆਵਾਜ਼ ਬਣੀ। ‘ਪੈਰਾਂ ’ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ’ ਵਰਗੀਆਂ ਸਤਰਾਂ ਉਨ੍ਹਾਂ ਦੀ ਜੁਝਾਰੂ ਸੋਚ ਨੂੰ ਦਰਸਾਉਂਦੀਆਂ ਹਨ। ਜਗਤਾਰ ਦਾ ਕਾਵਿ ਸਿਰਫ਼ ਸ਼ਬਦ ਨਹੀਂ ਸਗੋਂ ਸਮਾਜਿਕ ਹਕੀਕਤ ਦੀ ਗੂੰਜ ਹੈ।
ਗੁਰਿੰਦਰ ਪਾਲ ਸਿੰਘ, ਰਾਜਪੁਰਾ (ਪਟਿਆਲਾ)

ਵੱਡਾ ਇਨਾਮ

ਐਤਵਾਰ 2 ਮਾਰਚ ਦੇ ‘ਦਸਤਕ’ ਪੰਨੇ ’ਤੇ ਨਾਵਲਕਾਰ ਤੇ ਕਹਾਣੀਕਾਰ ਜਸਬੀਰ ਭੁੱਲਰ ਨੇ ਆਪਣੇ ਬਚਪਨ ਦੀ ਯਾਦ ਦਾ ਜ਼ਿਕਰ ਕੀਤਾ ਹੈ। ਉਸ ਦੇ ਪਿਤਾ ਨੇ ਕਵਿਤਾ ਲਿਖਣ ਲਈ ਬਾਲ ਜਸਬੀਰ ਨੂੰ ਪ੍ਰੇਰਿਤ ਕਰਨ ਲਈ ਇਨਾਮ ਦਿੱਤਾ। ਬਚਪਨ ਵਿੱਚ ਮਾਪਿਆਂ ਤੋਂ ਮਿਲੀ ਲਿਖਣ ਦੀ ਪ੍ਰੇਰਨਾ ਸਾਰੀ ਉਮਰ ਦੀ ਬੇਸ਼ਕੀਮਤੀ ਦੌਲਤ ਬਣ ਗਈ। ਬਚਪਨ ਤੋਂ ਇਹੋ ਜਿਹੀ ਚੇਟਕ ਲੱਗਣ ਨਾਲ ਉਹ ਭਵਿੱਖ ਦੇ ਸੰਜੀਦਾ ਸਾਹਿਤਕਾਰ ਬਣਦੇ ਵੇਖੇ ਹਨ। ਮੇਰੀ ਗੁਜ਼ਾਰਿਸ਼ ਹੈ ਕਿ ਇਸ ਕਿਸਮ ਦਾ ਕਾਲਮ ਸ਼ੁਰੂ ਕਰੋ ਜਿਸ ਵਿੱਚ ਲੇਖਕ ਆਪਣੇ ਬਚਪਨ ਦੀ ਝਲਕ ਦੇਣ। ਬਲਦੇਵ ਸਿੰਘ ਸੜਕਨਾਮਾ ਦਾ ਪਾਤਰ ਕੌਤਕੀ ਇਸ ਵਾਰ ਲੇਖਕ ਸੜਕਨਾਮਾ ਨੂੰ ਬਹੁਤ ਸਵਾਲ ਕਰ ਗਿਆ। ਸੜਕਨਾਮਾ ਨੇ ਉਨ੍ਹਾਂ ਲੋਕਾਂ ’ਤੇ ਟਕੋਰ ਕੀਤੀ ਹੈ ਜੋ ਜੁਗਾੜਬੰਦੀ ਕਰਕੇ ਆਲਮੀ ਕਾਨਫਰੰਸਾਂ ਵਿੱਚ ਜਾਂਦੇ ਹਨ। ਲਿਖਤ ਬਹੁਤ ਦਿਲਚਸਪ ਹੈ। ਲੇਖਕ ਨੇ ਟਕਸਾਲੀ ਪਾਤਰ ਕੌਤਕੀ ਰਾਹੀਂ ਸੰਜੀਦਾ ਮਸਲਿਆਂ ’ਤੇ ਉਂਗਲ ਰੱਖੀ ਹੈ। ਪ੍ਰੋ. ਪ੍ਰੀਤਮ ਸਿੰਘ ਦੇ ਲੇਖ ‘ਮਾਂ-ਬੋਲੀ ਤੇ ਅਸੀਂ’ ਵਿੱਚ ਬਹੁਤ ਮਿਆਰੀ ਤੇ ਚਿੰਤਨਮਈ ਗੱਲਾਂ ਕੀਤੀਆਂ ਹਨ। ਪੰਜਾਬੀ ਲੋਕ ਆਪਣੀ ਮਾਂ-ਬੋਲੀ ਦਾ ਤਿਆਗ ਕਰਕੇ ਹੋਰ ਬੋਲੀਆਂ ਨੂੰ ਤਰਜੀਹ ਦੇਣ ਲੱਗ ਪਏ ਹਨ। ਇਸ ਰੁਝਾਨ ਦੀ ਚਿੰਤਾ ਪੰਜਾਬੀ ਸਾਹਿਤਕ ਭਾਈਚਾਰੇ ਵਿੱਚ ਆਮ ਹੈ। ਅਜੋਕੇ ਸਾਰੇ ਪੰਜਾਬੀ ਕਲਮਕਾਰ ਸਰਕਾਰੀ ਸਕੂਲਾਂ ਦੀ ਪੈਦਾਵਾਰ ਹਨ ਜਿਨ੍ਹਾਂ ਨੂੰ ਤੱਪੜਾਂ ਵਾਲੇ ਸਕੂਲ ਕਿਹਾ ਜਾਂਦਾ ਰਿਹਾ ਹੈ। ਮੈਂ ਖ਼ੁਦ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਲੇਖ ਨਾਲ ਲਾਈ ਤਖਤੀ ’ਤੇ ਗੁਰਮੁਖੀ ਅੱਖਰ ਲਿਖਦਾ ਰਿਹਾ ਹਾਂ। ਮੇਰਾ ਮਾਣ ਗੁਰਮੁਖੀ ਹੈ। ਗੁਰੂ ਸਾਹਿਬਾਨ ਦੀ ਵਰੋਸਾਈ ਇਹ ਗੁਰਮੁਖੀ ਪੈਂਤੀ ਨਾਲ ਮੁਹੱਬਤ ਪਾਈ ਰੱਖਣ ਵਿੱਚ ਹੀ ਭਲਾ ਹੈ। ਪੰਜਾਬੀ ਨੂੰ ਪਿੱਛੇ ਪਾਉਣ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਕੇਂਦਰੀ ਬੋਰਡ ਦੇ ਸਕੂਲ ਖੁੱਲ੍ਹਣਾ ਹੈ। ਜਿਸ ਵੀ ਸਿਆਸਤਦਾਨ ਨੇ ਪੰਜਾਬ ਵਿੱਚ ਇਹ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ, ਉਹ ਸਾਡੇ ਬੱਚਿਆਂ ਨੂੰ ਪੰਜਾਬੀ ਨਾਲੋਂ ਤੋੜਨ ਦਾ ਜ਼ਿੰਮੇਵਾਰ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

Advertisement
Author Image

Ravneet Kaur

View all posts

Advertisement