For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

04:08 AM Mar 30, 2025 IST
ਡਾਕ ਐਤਵਾਰ ਦੀ
Advertisement
ਦੂਸ਼ਿਤ ਪਾਣੀ ਦਾ ਕਹਿਰ

ਐਤਵਾਰ, 23 ਮਾਰਚ ਦੇ ਅੰਕ ’ਚ ਸਫ਼ਾ ਨੰਬਰ ਦਸ ’ਤੇ ਮੋਗੇ ਤੋਂ ਛਪੀ ਖ਼ਬਰ ‘ਕਲੋਰੀਨ ਨਾ ਹੋਣ ਕਾਰਨ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ’ ਦਿਨੋਂ ਦਿਨ ਵਧ ਰਹੇ ਪਾਣੀ ਦੇ ਪ੍ਰਦੂਸ਼ਣ ਅਤੇ ਦੂਸ਼ਿਤ ਪਾਣੀ ਪੀਣ ਨਾਲ ਲੋਕਾਂ ਨੂੰ ਆ ਰਹੀਆਂ ਸਿਹਤ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ। ਸ਼ਹਿਰ ਦੇ ਵਾਰਡ ਨੰਬਰ ਚੌਵੀ ਵਿੱਚ ਪਾਣੀ ਦੇ ਨਮੂਨੇ ਫੇਲ੍ਹ ਹੋਣ ਤੋਂ ਜਾਪਦਾ ਹੈ ਕਿ ਪ੍ਰਸ਼ਾਸਨ ਲੋਕਾਂ ਦੀ ਸਿਹਤ ਪ੍ਰਤੀ ਸੁਹਿਰਦ ਨਹੀਂ। ਸਥਾਨਕ ਅਧਿਕਾਰੀਆਂ ਤੋਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਉਹ ਤਨਖ਼ਾਹ ਕਿਸ ਕੰਮ ਦੀ ਲੈਂਦੇ ਹਨ? ਲੋਕਤੰਤਰ ਦੇ ਅਖੌਤੀ ਰਾਖਿਆਂ ਨੂੰ ਲੋਕਤੰਤਰ ਦੀ ਮਰਿਆਦਾ ਵੀ ਕਾਇਮ ਰੱਖਣੀ ਚਾਹੀਦੀ ਹੈ। ਆਜ਼ਾਦੀ ਤੋਂ ਅਠੱਤਰ ਸਾਲ ਬਾਅਦ ਵੀ ਲੋਕਾਂ ਦੇ ਨੁਮਾਇੰਦੇ ਆਮ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਉਪਲਬਧ ਨਹੀਂ ਕਰਵਾ ਸਕੇ। ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀਆਂ ਬੁਨਿਆਦੀ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਹੋਣ।
ਰਜਵਿੰਦਰ ਪਾਲ ਸ਼ਰਮਾ, ਈ-ਮੇਲ

Advertisement

ਵਾਤਾਵਰਨ ਸੰਕਟ

ਐਤਵਾਰ, 16 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਸੋਚ ਸੰਗਤ’ ਪੰਨੇ ਉੱਤੇ ਛਪਿਆ ਰਾਮਚੰਦਰ ਗੁਹਾ ਦਾ ਲੇਖ ‘ਭਾਰਤ ਦਾ ਵਾਤਾਵਰਨ ਸੰਕਟ’ ਭਾਰਤ ਦੀ ਆਰਥਿਕ ਮੰਦੀ ਦਾ ਵਿਸਥਾਰ ਨਾਲ ਵੇਰਵਾ ਦੇਣ ਵਾਲਾ ਅਤੇ ਆਮ ਲੋਕਾਂ ਨਾਲ ਜੁੜਿਆ ਲੱਗਿਆ। ਦੇਸ਼ ਵਿੱਚ ਬੇਰੁਜ਼ਗਾਰੀ, ਸਮੱਸਿਆਵਾਂ, ਸਿਆਸੀ ਵਾਅਦੇ ਅਤੇ ਨਿਰਾਸ਼ਾ ਵਿੱਚ ਦੂਜੇ ਮੁਲਕਾਂ ਨੂੰ ਭੱਜਦੇ ਨੌਜਵਾਨਾਂ ਦੇ ਹਾਲਾਤ ਦਿਲਾਂ ’ਤੇ ਚੋਟ ਕਰਨ ਵਾਲੇ ਹਨ। ਰੁੱਖਾਂ ਦੀ ਕਟਾਈ ਅਤੇ ਧਰਤੀ ਦੇ ਗ਼ੈਰ-ਕਾਨੂੰਨੀ ਖਣਨ ਨੂੰ ਰੋਕਣਾ ਅਤੇ ਆਰਥਿਕ, ਵਾਤਾਵਰਨਕ ਅਤੇ ਸਿਹਤ ਸੰਕਟ ਤੋਂ ਲੋਕਾਂ ਦਾ ਬਚਾਅ ਦੇਸ਼ ਦੇ ਰਹਿਨੁਮਾਵਾਂ ਦਾ ਫਰਜ਼ ਹੈ।
ਅਨਿਲ ਕੌਸ਼ਿਕ, ਕਿਊੜਕ (ਕੈਥਲ ਹਰਿਆਣਾ)

Advertisement
Advertisement

ਧੜੇਬੰਦੀ ਨਹੀਂ, ਏਕਤਾ ਲੋੜੀਂਦੀ

ਐਤਵਾਰ, 16 ਮਾਰਚ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਜਗਤਾਰ ਸਿੰਘ ਦਾ ਲੇਖ ‘ਅਕਾਲੀਆਂ ਵਿੱਚ ਧੜੇਬੰਦਕ ਲੜਾਈ ਅਤੇ ਸਿੱਖ ਸੰਸਥਾਵਾਂ’ ਪੜ੍ਹ ਕੇ ਅਕਾਲੀ ਦਲ ਤੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਵਰਤਮਾਨ ਸਥਿਤੀ ਦੀ ਜਾਣਕਾਰੀ ਮਿਲੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ‘ਸਭ ਅੱਛਾ ਨਹੀਂ’ ਹੈ। ਤਖਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਸ਼ਕਤੀਆਂ ਅਤੇ ਚੋਣ ਸਬੰਧੀ ਨਿਯਮਾਂਵਲੀ ਬਣਾਉਣ ਦੀ ਸਖ਼ਤ ਲੋੜ ਹੈ ਕਿਉਂਕਿ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਅਕਾਲ ਤਖਤ ਸਰਬਉੱਚ ਹੈ ਅਤੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਮਿੰਟ ਵਿੱਚ ਬਦਲ ਦਿੱਤਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਧੜੇ ਕਿਸੇ ਤੋਂ ਗੁੱਝੇ ਨਹੀਂ। ਲੋੜ ਹੈ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਦਿਆਂ ਆਪਸੀ ਧੜੇਬੰਦੀ ਖ਼ਤਮ ਕਰਕੇ ਏਕਤਾ ਕੀਤੀ ਜਾਵੇ ਅਤੇ ਤਖ਼ਤ ਸਾਹਿਬਾਨ ਦਾ ਮਾਣ ਕਾਇਮ ਰੱਖਣਾ ਚਾਹੀਦਾ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

ਔਰਤਾਂ ਬਾਰੇ ਸੰਵੇਦਨਸ਼ੀਲ ਲੇਖ

ਔਰਤਾਂ ਦੇਸ਼ ਦੀ ਅੱਧੀ ਆਬਾਦੀ ਹਨ। ਇਨ੍ਹਾਂ ਤੋਂ ਬਿਨਾਂ ਅਸੀਂ ਸਮਾਜ ਦੀ ਕਲਪਨਾ ਵੀ ਨਹੀਂ ਕਰ ਸਕਦੇ। ਐਤਵਾਰ 9 ਮਾਰਚ ਦੇ ‘ਸੋਚ ਸੰਗਤ’ ਪੰਨੇ ’ਤੇ ਔਰਤਾਂ ਬਾਰੇ ਛਪੀਆਂ ਦੋਵੇਂ ਰਚਨਾਵਾਂ ਬਹੁਤ ਹੀ ਸੰਵੇਦਨਸ਼ੀਲ ਮੁੱਦੇ ’ਤੇ ਚਾਨਣ ਪਾਉਂਦੀਆਂ ਹਨ। ਪਹਿਲੀ ਰਚਨਾ ‘ਜ਼ਿੰਦਗੀ ਦੇ ਰਾਹ ਬਦਲੇ ਪਰ...’ ਵਿੱਚ ਅਰਵਿੰਦਰ ਜੌਹਲ ਨੇ ਕੰਮਕਾਜੀ ਔਰਤਾਂ ਨੂੰ ਰੋਜ਼-ਮੱਰਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਕਈ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਇਹ ਮਰਦਾਂ ਨਾਲੋਂ ਕਿਤੇ ਵੱਧ ਘਰੇਲੂ ਕੰਮਕਾਜਾਂ ਵਿੱਚ ਸਾਰੀ ਉਮਰ ਰੁੱਝੀਆਂ ਰਹਿੰਦੀਆਂ ਹਨ ਅਤੇ ਨੌਕਰੀ ਵੀ ਕਰਦੀਆਂ ਹਨ। ਹਰ ਰੋਜ਼ ਇਹ ਸ਼ਾਮ ਨੂੰ ਕੰਮ ਤੋਂ ਵਾਪਸ ਕੰਮ ’ਤੇ ਹੀ ਪਰਤਦੀਆਂ ਹਨ। ਇਹ ਦੂਹਰੀ ਚੱਕੀ ਪੀਂਹਦੀਆਂ ਹਨ। ਇਸ ਘਾਲਣਾ ਦੇ ਬਾਵਜੂਦ ਭਾਰਤੀ ਔਰਤ ਨੂੰ ਸਮਾਜ ਵਿੱਚ ਬਣਦਾ ਮਾਣ ਸਨਮਾਨ ਅਜੇ ਤੱਕ ਨਹੀਂ ਮਿਲਿਆ।
ਇਸੇ ਪੰਨੇ ’ਤੇ ਦੂਜੀ ਰਚਨਾ ‘ਗੁੰਮ ਹੋਈਆਂ ਧੀਆਂ’ (ਅਮਨਦੀਪ ਕੌਰ ਦਿਓਲ) ਸੱਚਮੁੱਚ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਆਪਣੇ ਆਪ ਨੂੰ ਵਿਸ਼ਵ ਗੁਰੂ ਅਖਵਾਉਣ ਵਾਲਾ ਭਾਰਤ ਔਰਤਾਂ ਨੂੰ ਗਾਇਬ ਕਰਨ ਵਿੱਚ 140ਵੇਂ ਨੰਬਰ ’ਤੇ ਹੈ। ਇਹ ਵਰਤਾਰਾ ਅਤਿ ਨਿੰਦਣ ਯੋਗ ਹੈ। ਇਹ ਸਾਡੇ ਲੋਕਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਸਾਡੇ ਰਿਗਵੇਦ ਵਿੱਚ ਇੱਕ ਸ਼ਲੋਕ ਹੈ ਕਿ ‘ਯੱਤਰ ਨਾਰਯਸਤੂ ਪੂਜਯੰਤੇ, ਰਮੰਤੇ ਤੱਤਰ ਦੇਵਤਾ’। ਭਾਵ ਇਹ ਹੈ ਕਿ ਜਿੱਥੇ ਨਾਰੀ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ। ਇਸ ਮੁਲਕ ਵਿੱਚ ਕਈ ਦਹਾਕਿਆਂ ਤੋਂ ਸਰਕਾਰਾਂ ਪੱਬਾਂ ਭਾਰ ਹੋਈਆਂ ਫਿਰਦੀਆਂ ਹਨ ਕਿ ‘ਬੇਟੀ ਬਚਾਓ ਬੇਟੀ ਪੜ੍ਹਾਓ’। ਇਹ ਸਿਰਫ਼ ਇੱਕ ਜੁਮਲਾ ਹੀ ਹੈ। ਚੇਤਨਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਓ ਆਪਾਂ ਸਾਰੇ ਧੀਆਂ-ਭੈਣਾਂ ਦੀ ਮਨੁੱਖੀ ਤਸਕਰੀ ਰੋਕਣ ਪ੍ਰਤੀ ਬਣਦਾ ਯੋਗਦਾਨ ਕਰੀਏ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

ਔਰਤ ਦੀ ਆਜ਼ਾਦੀ?

ਐਤਵਾਰ 9 ਮਾਰਚ ਦੇ ‘ਸੋਚ ਸੰਗਤ’ ਪੰਨੇ ’ਤੇ ਅਮਨਦੀਪ ਕੌਰ ਦਿਓਲ ਦਾ ਲੇਖ ‘ਗੁੰਮ ਹੋਈਆਂ ਧੀਆਂ’ ਪੜ੍ਹ ਕੇ ਦਿਲ ਕੰਬ ਉੱਠਿਆ। ਲੇਖਕਾ ਨੇ ਖੋਜ ਭਰਪੂਰ ਅੰਕੜਿਆਂ ਰਾਹੀਂ ਚਾਨਣਾ ਪਾਇਆ ਕਿ ਕਿਵੇਂ ਹਜ਼ਾਰਾਂ ਦੀ ਤਾਦਾਦ ਵਿੱਚ ਕੁੜੀਆਂ ਨੂੰ ਬਾਜ਼ਾਰ ਵਿੱਚ ਵਸਤਾਂ ਵਾਂਗ ਖਰੀਦਿਆ ਤੇ ਵੇਚਿਆ ਜਾਂਦਾ ਹੈ, ਬਲਾਤਕਾਰ ਕਰਕੇ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਸਾਰੀ ਉਮਰ ਲਈ ਮਾਨਸਿਕ ਤੇ ਸਰੀਰਕ ਤੌਰ ’ਤੇ ਸਦੀਵੀ ਦੁੱਖ ਝੱਲਣ ਲਈ ਛੱਡ ਦਿੱਤਾ ਜਾਂਦਾ ਹੈ। ਇਸ ਪ੍ਰਤੀ ਮਾਪੇ, ਸਮਾਜ ਅਤੇ ਸਿਆਸੀ ਆਗੂ ਕੋਈ ਹਮਦਰਦੀ ਵਾਲਾ ਵਤੀਰਾ ਨਹੀਂ ਰੱਖਦੇ। ਬਹੁਤੇ ਮਾਮਲਿਆਂ ਵਿੱਚ ਅਜਿਹੇ ਅਪਰਾਧਾਂ ਦੇ ਦੋਸ਼ੀਆਂ ਨੂੰ ਬਣਦੀ ਸਜ਼ਾ ਨਹੀਂ ਮਿਲਦੀ। ਬਸ, ਮਹਿਲਾ ਦਿਵਸ ਮਨਾ ਕੇ ਡੰਗ ਟਪਾ ਲਿਆ ਜਾਂਦਾ ਹੈ। ਵਿਗਿਆਨਕ ਯੁੱਗ ਵਿੱਚ ਵੀ ਮਰਦਾਂ ਵੱਲੋਂ ਔਰਤ ਦੀ ਸੋਚ, ਚਾਹਤ ਤੇ ਆਜ਼ਾਦੀ ਉੱਪਰ ਆਪਣਾ ਕਬਜ਼ਾ ਜਮਾਉਣਾ ਜਾਰੀ ਹੈ।
ਜਸਬੀਰ ਕੌਰ, ਅੰਮ੍ਰਿਤਸਰ

ਜਾਣਕਾਰੀ ਭਰਪੂਰ ਲੇਖ

ਐਤਵਾਰ 23 ਫਰਵਰੀ ਦੇ ਅੰਕ ਵਿੱਚ ਅਰਵਿੰਦਰ ਜੌਹਲ ਦਾ ਲੇਖ ‘ਮੌਤ ਦੇ ਰਾਹ ਉੱਤੇ ਸੁਫ਼ਨਿਆਂ ਦੀ ਤਾਬੀਰ’ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋਏ ਭਾਰਤੀਆਂ ਨੂੰ ਵਾਪਸ ਭਾਰਤ ਭੇਜੇ ਜਾਣ ਉਪਰੰਤ ਵਿਦੇਸ਼ ਮੰਤਰੀ ਦੇ ਦੇਸ਼ ਅਤੇ ਵਿਦੇਸ਼ ਵਿੱਚ ਦਿੱਤੇ ਸਪੱਸ਼ਟੀਕਰਨ, ਪ੍ਰਧਾਨ ਮੰਤਰੀ ਦੀ ਰਾਸ਼ਟਰਪਤੀ ਟਰੰਪ ਨਾਲ ਹੋਈ ਗੱਲਬਾਤ ਅਤੇ ਡਿਪੋਰਟ ਹੋਏ ਨੌਜਵਾਨਾਂ ਬਾਰੇ ਚੰਗੀ ਜਾਣਕਾਰੀ ਦਿੰਦਾ ਹੈ। ਇਸ ਵਿਸ਼ੇ ’ਤੇ 5 ਫਰਵਰੀ ਤੋਂ ਬਾਅਦ ਛਪੇ ਲੇਖਾਂ ਬਾਰੇ ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ ਨੇ ਵੱਡਾ ਸਬਕ ਪਾਠਕਾਂ ਦੇ ਸਾਹਮਣੇ ਰੱਖਿਆ ਹੈ। ਵਿਦੇਸ਼ ਮੰਤਰੀ ’ਤੇ ਇਹ ਸ਼ਿਅਰ ਪੂਰਾ ਢੁਕਦਾ ਹੈ: ‘ਤੂ ਇਧਰ ਉਧਰ ਕੀ ਬਾਤ ਨਾ ਕਰ, ਯੇ ਬਤਾ ਕਿ ਕਾਫ਼ਿਲਾ ਲੁਟਾ ਕੈਸੇ।’ ਨਿੱਕੇ ਨਿੱਕੇ ਮੁਲਕ ਆਪਣੇ ਸ਼ਹਿਰੀਆਂ ਨੂੰ ਬੇਇੱਜ਼ਤ ਹੋਣ ਤੋਂ ਬਚਾ ਸਕੇ, ਪਰ ਸਾਡਾ ਕੱਦਾਵਰ ਮੁਲਕ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ। ਉਹ ਕੈਸਾ ਦੋਸਤ ਜਿਹੜਾ ਮੁਸੀਬਤ ਵਿੱਚ ਕੰਮ ਨਾ ਆਵੇ? ਸਾਡੇ ਆਗੂ ਅਸਲ ਮੁੱਦੇ ਨੂੰ ਲਾਂਭੇ ਕਰ ਦਿੰਦੇ ਹਨ ਤੇ ਆਪਣੇ ਵਿਰੋਧੀਆਂ ਨੇ ਉਸ ਮੁੱਦੇ ਨੂੰ ਕਿਵੇਂ ਨਜਿੱਠਿਆ, ਬਾਰੇ ਗੱਲ ਕਰਨ ਲੱਗਦੇ ਹਨ। ਦਰਅਸਲ, ਦੱਸਣਾ ਤਾਂ ਇਹ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਵਿਰੋਧੀਆਂ ਤੋਂ ਕੀ ਵੱਖਰਾ ਕੀਤਾ। ਧਾਰਮਿਕ ਆਗੂਆਂ ਨੂੰ ਦਸਤਾਰ ਉਦੋਂ ਹੀ ਯਾਦ ਆਉਂਦੀ ਹੈ ਜਦੋਂ ਕੋਈ ਇਸ ਨੂੰ ਸਿਰ ਤੋਂ ਲਾਹ ਦਿੰਦਾ ਹੈ- ਇਸ ਨੂੰ ਸਿਰ ’ਤੇ ਸਜਾਈ ਰੱਖਣਾ ਬਹੁਤ ਵੱਡੀ ਘਾਲਣਾ ਅਤੇ ਅਥਾਹ ਸ਼ਰਧਾ ਦੀ ਮੰਗ ਕਰਦਾ ਹੈ, ਪਰ ਅਜਿਹੇ ਵਿਹਾਰ ਦੀ ਨੀਂਹ ਰੱਖਣ ਵਾਲਾ ਸ਼੍ਰੋਮਣੀ ਅਕਾਲੀ ਦਲ ਖ਼ੁਦ ਹਾਸ਼ੀਏ ’ਤੇ ਜਾ ਖੜ੍ਹਾ ਹੋਇਆ ਹੈ। ਇਸ ਦੀ ਵਿਆਖਿਆ ਜਗਤਾਰ ਸਿੰਘ ਨੇ ਬਾਖ਼ੂਬੀ ਕੀਤੀ ਹੈ। ਸਿਆਸੀ ਅਤੇ ਧਾਰਮਿਕ ਖੇਤਰ ਵਿੱਚ ਅੰਤਰ-ਝਾਤ ਮਾਰੇ ਬਗੈਰ ਮਸਲੇ ਹੱਲ ਹੋਣੇ ਮੁਸ਼ਕਿਲ ਹਨ।
ਜਗਰੂਪ ਸਿੰਘ, ਉਭਾਵਾਲ

Advertisement
Author Image

Ravneet Kaur

View all posts

Advertisement