ਡਾਕਟਰ ਭਾਈਚਾਰੇ ਵੱਲੋਂ ਜੀਵਨ ਗੁਪਤਾ ਦੀ ਹਮਾਇਤ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੂਨ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਵੱਲੋਂ ਆਪਣੀ ਚੋਣ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਉਹ ਵੱਖ ਵੱਖ ਇਲਾਕਿਆਂ ਵਿੱਚ ਮੀਟਿੰਗਾਂ ਕਰਕੇ ਵੋਟਰਾਂ ਨਾਲ ਸੰਪਰਕ ਬਣਾ ਰਹੇ ਹਨ।
ਜੀਵਨ ਗੁਪਤਾ ਵੱਲੋਂ ਫਿਰੋਜ਼ਪੁਰ ਰੋਡ ਸਥਿਤ ਮੈਡੀਵੇਜ਼ ਹਸਪਤਾਲ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਡਾਕਟਰੀ ਭਾਈਚਾਰੇ ਨੇ ਜੀਵਨ ਗੁਪਤਾ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸਤੋਂ ਪਹਿਲਾਂ ਪ੍ਰਮੁੱਖ ਸਖ਼ਸ਼ੀਅਤਾਂ ਡਾ. ਸਤੀਸ਼ ਜੈਨ, ਡਾ. ਭਗਵੰਤ ਸਿੰਘ ਅਤੇ ਡਾ. ਰਵਿੰਦਰ ਦੀ ਅਗਵਾਈ ਹੇਠ ਪ੍ਰਮੁੱਖ ਡਾਕਟਰਾਂ ਅਤੇ ਹਸਪਤਾਲ ਦੇ ਸਟਾਫ਼ ਮੈਂਬਰਾਂ ਨੇ ਉਨ੍ਹਾਂ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ। ਜੀਵਨ ਗੁਪਤਾ ਨੇ ਸਿਹਤ ਸੰਭਾਲ ਖੇਤਰ ਦੀਆਂ ਲੋੜਾਂ ਅਤੇ ਹਲਕੇ ਵਿੱਚ ਮੈਡੀਕਲ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਆਪਣੇ ਦ੍ਰਿਸ਼ਟੀਕੋਣ 'ਤੇ ਧਿਆਨ ਕੇਂਦਰਿਤ ਕੀਤਾ। ਇਸ ਮੌਕੇ ਡਾਕਟਰਾਂ ਨੇ ਸਿਹਤ ਖੇਤਰ ਪ੍ਰਤੀ ਆਪਣੀਆਂ ਚਿੰਤਾਵਾਂ ਪ੍ਰਗਟ ਕਰਦਿਆਂ ਕੁੱਝ ਸੁਝਾਅ ਵੀ ਦਿੱਤੇ।
ਇਸ ਮੌਕੇ ਭਾਜਪਾ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਉੱਥੇ ਉਹ ਪੰਜਾਬ ਲਈ ਵੀ ਸੰਜ਼ੀਦਾ ਹਨ। ਉਹ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਿਸ਼ੇਸ਼ ਧਿਆਨ ਦੇ ਰਹੇ ਹਨ। ਇਜ ਮੌਕੇ ਭਾਊ ਭਗਵਾਨ ਸਿੰਘ, ਕੌਂਸਲਰ ਚੌਧਰੀ ਯਸ਼ਪਾਲ, ਨਿਰਮਲ ਸਿੰਘ ਐਸਐਸ ਸਮੇਤ ਕਈ ਆਗੂ ਹਾਜ਼ਰ ਸਨ।
ਬਾਅਦ ਵਿੱਚ ਜੀਵਨ ਗੁਪਤਾ ਨੇ ਅਗਰ ਨਗਰ ਸਥਿਤ ਰਾਜੇਸ਼ ਗਰਗ ਦੀ ਰਿਹਾਇਸ਼ 'ਤੇ ਮੀਟਿੰਗ ਕੀਤੀ ਜਿਸ ਵਿੱਚ ਜੀਵਨ ਗੁਪਤਾ ਨੇ ਪੱਛਮੀ ਹਲਕੇ ਲਈ ਆਪਣਾ ਏਜੰਡਾ ਪੇਸ਼ ਕੀਤਾ, ਜਿਸ ਵਿੱਚ ਸਰਬਪੱਖੀ ਵਿਕਾਸ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਸਥਾਨਕ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਮੌਕੇ ਰਾਜੇਸ਼ ਗਰਗ ਅਤੇ ਮੌਜੂਦ ਸਾਰੇ ਲੋਕਾਂ ਨੇ, ਜੀਵਨ ਗੁਪਤਾ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।