ਡਾਕਟਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ
ਮਹਾਂਵੀਰ ਮਿੱਤਲ
ਜੀਂਦ, 13 ਅਪਰੈਲ
ਹਰਿਆਣਾ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਸੱਦੇ ’ਤੇ ਇੱਥੇ ਜ਼ਿਲ੍ਹਾ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਨੇ ਹਿਸਾਰ ਦੇ ਡਿਪਟੀ ਸਿਵਲ ਸਰਜਨ ਡਾ. ਪ੍ਰਭੁਦਿਆਲ ਦੇ ਮੁਅੱਤਲ ਕਰਨ ਦੇ ਵਿਰੋਧ ਵਿੱਚ ਕਾਲੇ ਬਿੱਲੇ ਲਗਾ ਕੇ ਕੰਮ ਕੀਤਾ। ਐਸੋਸੀਏਸ਼ਨ ਦੇ ਸੱਦੇ ’ਤੇ ਇੱਥੇ ਨਾਗਰਿਕ ਹਸਪਤਾਲ ਵਿੱਚ ਡਾਕਟਰ ਇੱਕਠੇ ਹੋਏ ਅਤੇ ਬੈਠਕ ਕਰਕੇ ਰੋਸ ਪ੍ਰਗਟ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਿਜਿੰਦਰ ਢਾਂਡਾ ਨੇ ਕਿਹਾ ਕਿ ਡਾ. ਪ੍ਰਭੁਦਿਆਲ ਦੀ ਅਗਵਾਈ ਹੇਠ ਹਿਸਾਰ ਵਿੱਚ ਲਿੰਗ ਅਨੁਪਾਤ ਵਿੱਚ ਕਾਫੀ ਵਾਧਾ ਹੋਇਆ ਹੈ। ਸਿਹਤ ਅਧਿਕਾਰੀ ਨੂੰ ਚਾਹੀਦਾ ਸੀ ਕਿ ਪਹਿਲਾਂ ਮਾਮਲੇ ਦੀ ਗਹਿਰਾਈ ਤੱਕ ਜਾਵੇ, ਫਿਰ ਮਾਮਲੇ ਦੀ ਜਾਂਚ ਕਰਕੇ ਉਸ ਦੇ ਅਧਾਰ ਉੱਤੇ ਕਾਰਵਾਈ ਕਰਨ। ਐਸੋਸੀਏਸ਼ਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਿਸਾਰ ਦੇ ਡਿਪਟੀ ਸਿਵਲ ਸਰਜਨ ਨੂੰ ਬਗੈਰ ਕਿਸੇ ਠੋਸ ਜਾਂਚ ਦੇ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦੀ ਐਸੋਸੀਏਸ਼ਨ ਆਲੋਚਨਾਂ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਡਾ. ਪ੍ਰਭੁਦਿਆਲ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇ ਅਤੇ ਜੇ ਡਾ. ਦੀ ਕੋਈ ਖ਼ਾਮੀ ਮਿਲਦੀ ਹੈ ਤਾਂ ਫਿਰ ਐਸੋਸੀਏਸ਼ਨ ਡਾਕਟਰ ਦਾ ਕੋਈ ਸਾਥ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਭੱਵਿਖ ਵਿੱਚ ਇਸ ਪ੍ਰਕਾਰ ਕਿਸੇ ਵੀ ਡਾਕਟਰ ਨੂੰ ਮੁਅੱਤਲ ਨਾ ਕੀਤਾ ਜਾਵੇ, ਕਿਉਂਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਪਹਿਲਾਂ ਹੀ ਘਾਟ ਚੱਲ ਰਹੀ ਹੈ, ਦੂਜੇ ਪਾਸੇ ਡਾਕਟਰਾਂ ਦਾ ਮਨੋਬਲ ਡਿੱਗਦਾ ਹੈ। ਇਸ ਮੌਕੇ ’ਤੇ ਡਾ. ਚੰਦਰ ਮੋਹਨ, ਡਾ. ਵਿਨੀਤਾ, ਡਾ. ਸੰਤ ਲਾਲ, ਡਾ. ਸਕੰਲਪ ਅਤੇ ਡਾ. ਸੋਨਲ ਹਾਜ਼ਰ ਸਨ।