ਡਾਕਟਰਾਂ ਦੀ ਹੜਤਾਲ ਕਾਰਨ ਸੇਵਾਵਾਂ ਪ੍ਰਭਾਵਿਤ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਜੂਨ
ਅੱਜ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਗੌਰਮਿੰਟ ਮੈਡੀਕਲ ਕਾਲਜ, ਪਟਿਆਲਾ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਲਈ ਓਪੀਡੀ, ਓਟੀ ਅਤੇ ਹੋਰ ਸਾਰੀਆਂ ਨਾਜ਼ੁਕ ਸੇਵਾਵਾਂ ਨੂੰ ਬੰਦ ਕਰ ਕੇ ਅੱਜ ਫਿਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਫੇਰ ਹੜਤਾਲ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡਾ. ਰਮਨਦੀਪ ਸਿੰਘ ਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਹੜਤਾਲ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਮੰਗਾਂ ਦੀ ਕੀਤੀ ਜਾ ਰਹੀ ਅਣਦੇਖੀ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਅਰਸਾ ਬੀਤਣ ਤੋਂ ਬਾਅਦ ਦੋ ਸਾਲ ਦੀ ਲਾਜ਼ਮੀ ਸਰਵਿਸ ਬਾਂਡ ਅਤੇ ਰੈਜ਼ੀਡੈਂਟਸ ਲਈ ਘੱਟ ਸਟੀਪੈਂਡ ਨੂੰ ਵਧਾਉਣ ਆਦਿ ਮੰਗਾਂ ਹਨ। ਸਰਕਾਰ ਕੋਲ ਕਈ ਵਾਰੀ ਮੰਗਾਂ ਪੇਸ਼ ਕਰਨ ਦੇ ਬਾਵਜੂਦ ਸਟੀਪੈਂਡ ਕਈ ਮਹੀਨਿਆਂ ਤੋਂ ਵਧਾਇਆ ਨਹੀਂ ਗਿਆ ਹੈ, ਮਹਿੰਗਾਈ ਦੇ ਬਾਵਜੂਦ ਇੰਟਰਨ ਅਤੇ ਰੈਜ਼ੀਡੈਂਟਸ ਲਈ ਪੰਜਾਬ ਵਿੱਚ ਦਿੱਤਾ ਜਾਣ ਵਾਲਾ ਸਟੀਪੈਂਡ ਦੇਸ਼ ਵਿੱਚ ਰਾਸ਼ਟਰੀ ਮਾਪਦੰਡਾਂ ਤੋਂ ਕਾਫ਼ੀ ਘੱਟ ਹੈ । ਇਸ ਤੋਂ ਇਲਾਵਾ ਸਰਕਾਰ ਵੱਲੋਂ ਹਾਲ ਹੀ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਫ਼ੀਸ 10 ਲੱਖ ਕਰ ਦਿੱਤੀ ਗਈ ਹੈ, ਜੋ ਕਿ ਵਿਦਿਆਰਥੀਆਂ ਉੱਤੇ ਵੱਡਾ ਆਰਥਿਕ ਭਾਰ ਪਾਇਆ ਜਾ ਰਿਹਾ ਹੈ। ਇੱਕ ਪਾਸੇ ਵਧੀਆਂ ਹੋਈਆਂ ਫ਼ੀਸਾਂ ਤੇ ਦੂਜੇ ਪਾਸੇ ਘੱਟ ਸਟੀਪੈਂਡ ਇਹ ਮਾਮਲਾ ਪੰਜਾਬ ਵਿੱਚ ਸਿਹਤ ਵਿਭਾਗ ਦੇ ਭਵਿੱਖ ਉੱਤੇ ਪ੍ਰਸ਼ਨ ਚਿੰਨ੍ਹ ਲਾ ਰਿਹਾ ਹੈ। ਬਾਵਜੂਦ ਇਸ ਦੇ ਕਿ ਕਈ ਵਾਰੀ ਮੰਗੀਆਂ ਗਈਆਂ ਮੰਗਾਂ ਮੰਨਣ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਵੀ ਸਰਕਾਰ ਵੱਲੋਂ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ, ਜਿਸ ਕਰਕੇ ਡਾਕਟਰਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਿਆ। ਇਹ ਪ੍ਰਦਰਸ਼ਨ ਡਾ. ਰਮਨਦੀਪ ਸਿੰਘ, ਡਾ. ਮਿਲਨ, ਡਾ. ਮਹਿਤਾਬ ਸਿੰਘ, ਡਾ. ਅਕਸ਼ੈ ਅਤੇ ਡਾ. ਗੁਰਭਗਤ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ।