ਡਰ ਦੀ ਮਾਰ
ਪਿਆਰਾ ਸਿੰਘ ਗੁਰਨੇ ਕਲਾਂ
ਸ਼ਹਿਰ ਗਿਆ, ਇੱਕ ਸੇਠ ਨਾਲ ਗੱਲੀਂ ਪੈ ਗਿਆ। ਉਹ ਕਹਿਣ ਕਿ ਬੰਦੇ ਦੀ ਸੁਰੱਖਿਆ ਜ਼ੀਰੋ ਹੋ ਗਈ ਹੈ। ਦਿਲ ਨੂੰ ਧੁੜਕੂ ਜਿਹਾ ਲੱਗਿਆ ਰਹਿੰਦਾ ਕਿ ਕੋਈ ਲੁੱਟ, ਖੋਹ ਜਾਂ ਚੋਰੀ ਨਾ ਕਰ ਲਵੇ। ਲੁੱਟ ਤਾਂ ਛੱਡੋ, ਕਿਤੇ ਸੱਟ-ਫੇਟ ਮਾਰ ਕੇ ਸਾਰੀ ਉਮਰ ਦਾ ਰੋਗੀ ਨਾ ਕਰ ਦੇਵੇ। ਮੂੰਹ ਹਨੇਰਾ ਹੋਣ ’ਤੇ ਦੁਕਾਨ ਨੂੰ ਜਿੰਦਰਾ ਮਾਰ ਕੇ ਸਿੱਧਾ ਘਰੇ ਜਾ ਵੜੀਦਾ। ਵੱਧ ਕਮਾਈਆਂ ਕੀ ਕਰਾਂਗੇ ਜੇ ਸਰੀਰ ਦਾ ਨੁਕਸਾਨ ਕਰਵਾ ਬੈਠੇ।
ਇੱਕ ਪਿੰਡ ਦਾ ਇੱਕ ਬੰਦਾ ਜੋ ਸ਼ਹਿਰ ਵਿੱਚ ਕਟਿੰਗ ਦਾ ਕੰਮ ਕਰਦਾ, ਕਹਿਣ ਲੱਗਾ ਕਿ ਭਲੇ ਵੇਲੇ ਸੀ ਕਿ ਰਾਤ ਦੇ 9-10 ਵਜੇ ਕਟਿੰਗ ਕਰ ਕੇ ਪਿੰਡ ਜਾਂਦੇ ਸੀ। ਸ਼ਹਿਰੀ ਗਾਹਕ 8 ਵਜੇ ਸੱਦਦੇ। ਚਾਰ ਪੈਸੇ ਵੀ ਵੱਧ ਬਣਦੇ ਪਰ ਹੁਣ ਲੁੱਟ ਤੇ ਸੱਟ ਦੇ ਡਰੋਂ ਚਾਨਣੇ ਹੀ ਪਿੰਡ ਨੂੰ ਲੰਘ ਜਾਈਦਾ। ਸੁੰਨਾ ਰਾਹ ਹੈ। ਲੁੱਟ ਤਾਂ ਕਰਦੇ ਹੀ ਹਨ, ਕਸੂਤੀ ਸੱਟ ਵੀ ਮਾਰ ਜਾਂਦੇ ਹਨ। ਉਹਦੀਆਂ ਗੱਲਾਂ ਵਿੱਚੋਂ ਦਰਦ ਸਾਫ ਝਲਕ ਰਿਹਾ ਸੀ।
ਇੱਕ ਬੰਦਾ ਰਾਤ ਨੂੰ ਖੇਤੋਂ ਪਾਣੀ ਲਾ ਕੇ ਆ ਰਿਹਾ ਸੀ। ਰਾਹ ਵਿੱਚ ਦੋ ਬੰਦਿਆਂ ਨੇ ਘੇਰ ਲਿਆ। ਕਹਿੰਦੇ, ਕੱਢ ਜੋ ਹੈਗਾ। ਉਹਨੇ ਸੁੱਚਾਂ ਆਲਾ ਫੋਨ ਝੱਟ ਕੱਢ ਕੇ ਫੜਾ ਦਿੱਤਾ। ਹੋਰ ਉਹਦੇ ਕੋਲ ਕੁਝ ਨਹੀਂ ਸੀ। ਉਨ੍ਹਾਂ ਵਿੱਚੋਂ ਇੱਕ ਨੇ 5-6 ਥੱਪੜ ਉਹਦੇ ਜੜ ਦਿੱਤੇ। ਉਸ ਕਿਹਾ- ਬਾਈ ਥੱਪੜ ਕਿਉਂ ਮਾਰੇ? ਉਹ ਕਹਿੰਦੇ- ਸ਼ੁਕਰ ਮਨਾ, ਥੱਪੜ ਹੀ ਮਾਰੇ; ਜੇ ਦਾਤ ਨਾਲ ਬਾਂਹ ਵੱਢ ਦਿੰਦੇ, ਫਿਰ ਕੀ ਕਰ ਲੈਂਦਾ।
ਪਹਿਲਾਂ ਪਿੰਡਾਂ ਵਿੱਚ ਸ਼ਾਮ ਨੂੰ ਰੋਟੀ ਖਾ ਕੇ ਲੋਕ ਦਰਵਾਜ਼ਿਆਂ ’ਚ ਖੜ੍ਹ ਜਾਂਦੇ। ਗੱਲਾਂ ਮਾਰਦੇ, ਹਾਸਾ ਠੱਠਾ ਕਰਦੇ। ਹੁਣ ਮੂੰਹ ਹਨੇਰਾ ਹੋਣ ਤੋਂ ਪਹਿਲਾਂ ਹੀ ਦਰਵਾਜ਼ਿਆਂ ਨੂੰ ਜਿੰਦਾ ਲਾ ਦਿੱਤਾ ਜਾਂਦਾ। ਜੇ ਕੋਈ ਦਰਵਾਜ਼ਾ ਖੜਕਾ ਵੀ ਦਿੰਦਾ ਤਾਂ ਖੋਲ੍ਹਦੇ ਨਹੀਂ। ਜੇ ਖੋਲ੍ਹਦੇ ਵੀ ਹਨ ਤਾਂ ਪੂਰਾ ਪਤਾ ਕਰ ਕੇ। ਲੁੱਟਾਂ-ਖੋਹਾਂ ਤੇ ਸੱਟਾਂ ਦੀ ਪਿੰਡਾਂ ਵਿੱਚ ਵੀ ਆਮਦ ਹੋ ਚੁੱਕੀ ਹੈ।
ਕੋਈ ਸਮਾਂ ਸੀ, ਲੋਕ ਗਹਿਣੇ ਸ਼ੌਕ ਨਾਲ ਪਹਿਨਦੇ ਸਨ। ਸੋਨੇ ਨਾਲ ਲੱਦੀਆਂ ਮੁਟਿਆਰਾਂ ਆਮ ਦਿਸਦੀਆਂ। ਕੁਝ ਸਮੇਂ ਤੋਂ ਕੰਨਾਂ ਵਿੱਚੋਂ ਵਾਲੀਆਂ ਖਿੱਚਣ ਦੀਆਂ ਘਟਨਾਵਾਂ ਬਹੁਤ ਵਧ ਗਈਆਂ ਹਨ। ਹੁਣ ਹਾਲਾਤ ਇਹ ਹਨ ਕਿ ਸੋਨਾ ਪਾ ਕੇ ਇਕੱਲੀ ਔਰਤ ਕਿਤੇ ਜਾ ਨਹੀਂ ਸਕਦੀ। ਕੈਨੇਡਾ ਤੋਂ ਆ ਕੇ ਕਿਸੇ ਨੇ 5 ਲੱਖ ਦਾ ਸੋਨਾ ਲਿਆ, ਕਹਿਣ ਲੱਗਾ- ਪਾਵਾਂਗੇ ਕੈਨੇਡਾ ਜਾ ਕੇ।
ਸੜਕਾਂ ’ਤੇ ਮੌਤ ਨੱਚਦੀ ਹੈ। ਘਰੋਂ ਗਿਆ ਕੋਈ ਜੀਅ ਜਿੰਨਾ ਸਮਾਂ ਮੁੜਦਾ ਨਹੀਂ, ਦਿਲ ਨੂੰ ਧੁੜਕੂ ਲੱਗਿਆ ਰਹਿੰਦਾ। ਸੜਕਾਂ ਖੂਨ ਦੀਆਂ ਪਿਆਸੀਆਂ ਬਣ ਰਹੀਆਂ ਹਨ। ਟਰੈਫਿਕ ਨਿਯਮਾਂ ਦੀ ਕੋਈ ਪਾਲਣਾ ਨਹੀਂ। ਗ਼ਲਤ ਸਾਈਡ ਜਾਣਾ ਆਮ ਵਰਤਾਰਾ ਹੈ। ਕੋਈ ਡਰਾਈਵਿੰਗ ਲਾਇਸੈਂਸ ਨਹੀਂ, ਨਾ ਕੋਈ ਹੋਰ ਕਾਗ਼ਜ਼-ਪੱਤਰ। ਕਈ ਕਹਿਣਗੇ- ਆਬਾਦੀ ਜ਼ਿਆਦਾ। ਫਿਰ ਚੰਡੀਗੜ੍ਹ ਕਿਵੇਂ ਸਾਰੇ ਤੱਕਲੇ ਵਾਂਗ ਸਿੱਧੇ ਹੋ ਜਾਂਦੇ!
ਇਹ ਘਟਨਾਵਾਂ ਪੰਜਾਬ ਦਾ ਰੋਜ਼ ਦਾ ਵਰਤਾਰਾ ਬਣ ਗਈਆਂ ਹਨ। ਇਨ੍ਹਾਂ ਵਿੱਚ ਦਰਦ, ਸਹਿਮ ਅਤੇ ਡਰ ਵਹਿੰਦਾ। ਡਰ ਨਾਲ ਸਹਿਮੇ ਲੋਕ ਪਰਵਾਸ ਕਰ ਰਹੇ ਹਨ। ਸਿਸਟਮ ਨੇ ਤੈਅ ਕਰਨਾ ਕਿ ਥਾਂ ਰਹਿਣਯੋਗ ਹੈ ਜਾਂ ਨਹੀਂ। ਸੁਰੱਖਿਆ ਮੁੱਖ ਹੈ। ਜਿੰਨਾ ਸਮਾਂ ਇਹ ਸਪਸ਼ਟ ਨਹੀਂ ਹੁੰਦਾ ਕਿ ਇਹ ਥਾਂ ਸੁਰੱਖਿਅਤ ਹੈ, ਓਨਾ ਸਮਾਂ ਨਾ ਕਾਰੋਬਾਰ ਨੇ ਆਉਣਾ, ਨਾ ਰੁਜ਼ਗਾਰ ਨੇ। ਰੁਜ਼ਗਾਰ ਵਾਲੀ ਥਾਂ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ।
ਕੈਨੇਡਾ ਵਿੱਚ ਦਰਵਾਜ਼ਿਆਂ ਨੂੰ ਜਿੰਦਰੇ ਨਹੀਂ ਵੱਜਦੇ। ਰਾਤ ਦੇ 12 ਵਜੇ ਕੁੜੀਆਂ ਆਮ ਫਿਰਦੀਆਂ। ਸੋਨਾ ਪਹਿਨੋ, ਕੋਈ ਡਰ ਨਹੀਂ। ਨਾ ਕਿਸੇ ਦਾ ਡਰ ਨਾ ਭੈਅ। ਤੁਹਾਡੀ ਜਿ਼ੰਦਗੀ ਵਿੱਚ ਬਿਨਾਂ ਮਤਲਬ ਸਰਕਾਰ ਵੀ ਦਖ਼ਲ ਨਹੀਂ ਦੇ ਸਕਦੀ, ਬੰਦਾ ਤਾਂ ਦੂਰ ਦੀ ਗੱਲ ਹੈ। ਟਰੈਫਿਕ ਨਿਯਮ ਬੜੀ ਸਖਤੀ ਨਾਲ ਲਾਗੂ ਕੀਤੇ ਜਾਂਦੇ। ਟਰੈਫਿਕ ਨਿਯਮ ਤੋੜ ਕੇ ਦੇਖੋ ਤਾਂ ਸਹੀ, ਜੇ ਨਾਨੀ ਯਾਦ ਨਾ ਆ ਜਾਵੇ। ਕੋਈ ਬੰਦਾ ਸਟਾਪ ਸਾਈਨ ’ਤੇ ਨਾ ਰੁਕਿਆ। ਸਿੱਧਾ ਜੁਰਮਾਨਾ।... ਜੁਰਮਾਨੇ ਵਾਲਾ ਸੋਚਦਾ- ਮੇਰੇ ਪਿਓ ਦੇ ਪਿਓ ਦੀ ਤੋਬਾ ਕਿ ਅੱਗੇ ਤੋਂ ਗ਼ਲਤੀ ਕਰਾਂ।
ਸੋ, ਸਭ ਕੁਝ ਅਮਲੀ ਰੂਪ ਵਿੱਚ ਲਾਗੂ ਕਰੋ। ਫਿਰ ਹੀ ਪਰਵਾਸ ਰੁਕੇਗਾ ਅਤੇ ਪੰਜਾਬ ਸੋਨੇ ਦੀ ਚਿੜੀ ਬਣੇਗਾ।
ਸੰਪਰਕ: 99156-21188