ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਠੱਪ
ਗੁਰਬਖਸ਼ਪੁਰੀ
ਤਰਨ ਤਾਰਨ, 30 ਜਨਵਰੀ
ਜ਼ਿਲ੍ਹੇ ਅੰਦਰ ਆਰਟੀਓ (ਰੀਜਨਲ ਟਰਾਂਸਪੋਰਟ ਅਧਿਕਾਰੀ) ਦੇ ਦਫ਼ਤਰ ਵਿੱਚ ਡਰਾਈਵਿੰਗ ਲਾਈਸੈਂਸਾਂ ਦਾ ਕੰਮ ਬੀਤੇ ਇਕ ਮਹੀਨੇ ਤੋਂ ਠੱਪ ਰਹਿਣ ਕਰਕੇ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਆਮ ਲੋਕਾਂ ਦੇ ਕਈ ਤਰ੍ਹਾਂ ਦੇ ਕੰਮ ਰੁਕੇ ਪਏ ਹਨ। ਟਰਾਂਸਪੋਰਟ ਵਿਭਾਗ ਨੇ ਇਹ ਲਾਈਸੈਂਸ ਬਣੀਉਣ ਲਈ ਬਣਦੀ ਫੀਸ ਆਦਿ ਵਸੂਲ ਕਰਨ ਲਈ ਪ੍ਰਾਈਵੇਟ ਤੌਰ ’ਤੇ ਕੈਫ਼ੇ ਤੋਂ ਮੁਲਾਕਾਤ ਦਾ ਕੰਮ ਖੁੱਲ੍ਹਾ ਰੱਖਿਆ ਹੈ, ਜਿਸ ਤਹਿਤ ਆਮ ਲੋਕ ਉੱਥੇ ਬਣਦੀ ਫੀਸ ਆਦਿ ਜਮ੍ਹਾਂ ਕਰਵਾ ਕੇ ਦਫ਼ਤਰ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਜਾਂਦੇ ਹਨ ਤਾਂ ਉਥੇ ਕੰਮ ਠੱਪ ਦੇਖ ਕੇ ਬਿਨਾਂ ਕੰਮ ਕਰਵਾਏ ਘਰਾਂ ਨੂੰ ਵਾਪਸ ਆ ਜਾਂਦੇ ਹਨ। ਸਮਾਜ ਸੇਵੀ ਹੀਰਾ ਸਿੰਘ ਕੰਡਿਆਂਵਾਲਾ ਅਤੇ ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਕਿ ਹਕੀਕਤ ਵਿੱਚ ਵਿਭਾਗ ਨੇ ਡਰਾਈਵਿੰਗ ਲਾਈਸੈਂਸ ਬਣਾਉਣ ਲਈ ਟਰੈਕ ’ਤੇ ਟੈਸਟ ਲੈਣ ਅਤੇ ਇਸ ਲਾਈਸੈਂਸ ਦੀ ਪ੍ਰਿੰਟਿੰਗ ਕਰਵਾਉਣ ਲਈ ਜਿਸ ਕੰਪਨੀ ਨੂੰ ਠੇਕਾ ਦਿੱਤਾ ਸੀ ਉਸ ਦਾ ਠੇਕਾ 31 ਦਸੰਬਰ ਤੋਂ ਖਤਮ ਹੋ ਜਾਣ ’ਤੇ ਉਸ ਨੂੰ ਫਿਰ ਤੋਂ ਕਿਸੇ ਕੰਪਨੀ ਨੂੰ ਅੱਜ ਤੱਕ ਵੀ ਨਾ ਦਿੱਤੇ ਜਾਣ ਕਰਕੇ ਇਹ ਸਥਿਤੀ ਪੈਦਾ ਹੋਈ ਹੈ। ਦਸੰਬਰ ਮਹੀਨੇ ਦੌਰਾਨ ਜਿਹੜੇ ਵਿਅਕਤੀਆਂ ਨੇ ਟਰੈਕ ’ਤੇ ਟੈਸਟ ਦਿੱਤੇ ਉਨ੍ਹਾਂ ਨੂੰ ਵੀ ਡਰਾਈਵਿੰਗ ਲਾਈਸੈਂਸ ਨਹੀਂ ਮਿਲ ਰਹੇ ਅਤੇ ਨਾ ਹੀ ਹੋਰ ਨਵੇਂ ਲਾਈਸੈਂਸ ਬਣਾਏ ਜਾ ਰਹੇ ਹਨ। ਸਮਾਜ ਸੇਵੀਆਂ ਨੇ ਦੱਸਿਆ ਕਿ ਇਸ ਨਾਲ ਲੋਨ ਤੇ ਵਾਹਨਾਂ ਦੇ ਮਾਲਕਾਂ ਨੂੰ ਵੀ ਵਿੱਤੀ ਅਦਾਰਿਆਂ ਨੂੰ ਕਿਸ਼ਤਾਂ ਦਾ ਭੁਗਤਾਨ ਕਰਨ ’ਤੇ ਵੀ ਇਸ ਨੂੰ ਸਰਕਾਰੀ ਰਿਕਾਰਡ ਵਿੱਚ ਐਂਟਰੀ ਕਰਵਾਉਣ ਵਿੱਚ ਮੁਸ਼ਕਲ ਆ ਰਹੀ ਹੈ।
ਸਥਿਤੀ ਬਾਰੇ ਸਰਕਾਰ ਨੂੰ ਜਾਣਕਾਰੀ ਹੈ: ਜੂਨੀਅਰ ਸਹਾਇਕ
ਦਫ਼ਤਰ ਦੇ ਅਧਿਕਾਰੀ ਗੁਰਦੇਵ ਸਿੰਘ ਜੂਨੀਅਰ ਸਹਾਇਕ ਨੇ ਇਸ ਕੰਮ ਦੇ ਠੱਪ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਥਿਤੀ ਬਾਰੇ ਸਰਕਾਰ ਨੂੰ ਜਾਣਕਾਰੀ ਹੈ ਪਰ ਕਿਸੇ ਕੰਪਨੀ ਨੂੰ ਠੇਕਾ ਨਾ ਦਿੱਤੇ ਜਾਣ ਕਰਕੇ ਲੋਕ ਲਾਇਸੈਂਸ ਬਣਾਉਣ ਦੀ ਫੀਸ ਦਾ ਭੁਗਤਾਨ ਕਰਨ ’ਤੇ ਦਫਤਰ ਆ ਕੇ ਮੁਲਾਜ਼ਮਾਂ ਨਾਲ ਤਕਰਾਰ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਪੈ ਰਿਹਾ ਹੈ।