ਡਬਲਿਊਟੀਸੀ ਫਾਈਨਲ: ਦੱਖਣੀ ਅਫਰੀਕਾ ਤੇ ਆਸਟਰੇਲੀਆ ਆਹਮੋ-ਸਾਹਮਣੇ
ਲੰਡਨ, 10 ਜੂਨ
ਦੋ ਸਾਲਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫਾਈਨਲ ਤੱਕ ਪਹੁੰਚੀ ਟੈਂਬਾ ਬਾਵੁਮਾ ਦੀ ਅਗਵਾਈ ਹੇਠਲੀ ਦੱਖਣੀ ਅਫਰੀਕਾ ਦੀ ਟੀਮ ਦੇ ਸਾਹਮਣੇ ‘ਚੌਕਰਜ਼’ (ਦਬਾਅ ਅੱਗੇ ਝੁਕਣ ਵਾਲੇ) ਦਾ ਟੈਗ ਹਟਾਉਣ ਦਾ ਸੁਨਹਿਰੀ ਮੌਕਾ ਹੋਵੇਗਾ ਪਰ ਇਸ ਲਈ ਉਸ ਨੂੰ ਆਈਸੀਸੀ ਟੂਰਨਾਮੈਂਟ ਦੀ ਦਿੱਗਜ ਟੀਮ ਆਸਟਰੇਲੀਆ ਦੇ ਕਿਲ੍ਹੇ ’ਚ ਸੰਨ੍ਹ ਲਾਉਣੀ ਪਵੇਗੀ। ਆਸਟਰੇਲੀਆ ਦੀ ਅਗਵਾਈ ਪੈਟ ਕਮਿਨਸ ਕਰ ਰਿਹਾ ਹੈ। ਆਸਟਰੇਲੀ ਇਕਲੌਤੀ ਟੀਮ ਹੈ, ਜਿਸ ਨੇ ਸਾਰੀਆਂ ਚਾਰ ਆਈਸੀਸੀ ਟਰਾਫੀਆਂ (ਇੱਕ ਰੋਜ਼ਾ ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ, ਟੀ20 ਵਿਸ਼ਵ ਕੱਪ ਅਤੇ ਵਿਸ਼ਵ ਕੱਪ) ਜਿੱਤੀਆਂ ਹਨ। ਗਲੋਬਲ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਉਸ ਨੂੰ ਹਰਾਉਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇਹ ਟੀਮ 13 ਵਾਰ ਆਈਸੀਸੀ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਪਹੁੰਚੀ ਹੈ ਅਤੇ 10 ਵਾਰ ਖਿਤਾਬ ਜਿੱਤਣ ਵਿੱਚ ਸਫਲ ਰਹੀ ਹੈ। ਦੱਖਣੀ ਅਫ਼ਰੀਕਾ ਦੀ ਟੀਮ ਅਹਿਮ ਮੈਚਾਂ ਵਿੱਚ ਜਿੱਤ ਦੇ ਨੇੜੇ ਆਉਣ ਤੋਂ ਬਾਅਦ ਫਿਸਲਣ ਲਈ ਜਾਣੀ ਜਾਂਦੀ ਹੈ। ਟੀਮ ਨੇ ਹੁਣ ਤੱਕ ਸਿਰਫ਼ ਇੱਕ ਆਈਸੀਸੀ ਟੂਰਨਾਮੈਂਟ ਜਿੱਤਿਆ ਹੈ। -ਪੀਟੀਆਈ