ਗੁਰਦੀਪ ਸਿੰਘ ਟੱਕਰਮਾਛੀਵਾੜਾ, 29 ਨਵੰਬਰਸਥਾਨਕ ਪੁਲੀਸ ਥਾਣਾ ਵਿੱਚ ਬਹਾਦਰ ਸਿੰਘ ਵਾਸੀ ਕਾਤਰੋ, ਜ਼ਿਲ੍ਹਾ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਹਿਲਾ ਟਰੈਵਲ ਏਜੰਟ ਨੈਨਸੀ ਅਤੇ ਗੁਰਜੀਤ ਸਿੰਘ ਵਾਸੀ ਸ਼ੇਰਪੁਰ ਬਸਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬਹਾਦਰ ਸਿੰਘ ਨੇ ਐੱਸ.ਐੱਸ.ਪੀ. ਸੰਗਰੂਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਆਪਣੇ ਲੜਕਿਆਂ ਲਵਪ੍ਰੀਤ ਸਿੰਘ ਤੇ ਧਰਮਪ੍ਰੀਤ ਸਿੰਘਨੂੰ ਯੂਕੇ ਭੇਜਣ ਲਈ ਆਪਣੇ ਕਿਸੇ ਰਿਸ਼ਤੇਦਾਰ ਰਾਹੀਂ ਟਰੈਵਲ ਏਜੰਟ ਨੈਨਸੀ ਤੇ ਗੁਰਜੀਤ ਸਿੰਘ ਨਾਲ ਸੰਪਰਕ ਕੀਤਾ। ਉਕਤ ਟਰੈਵਲ ਏਜੰਟਾਂ ਨੇ ਦਸਤਾਵੇਜ਼ ਲੈ ਕਿ ਭਰੋਸਾ ਦਿਵਾਇਆ ਕਿ ਉਹ ਦੋਵੇਂ ਲੜਕਿਆਂ ਨੂੰ ਵਿਦੇਸ਼ ਭੇਜ ਦੇਣਗੇ। ਸ਼ਿਕਾਇਤਕਰਤਾ ਅਨੁਸਾਰ ਉਕਤ ਟਰੈਵਲ ਏਜੰਟਾਂ ਨੇ ਉਸ ਕੋਲੋਂ 2 ਲੱਖ ਰੁਪਏ ਨਕਦ ਅਤੇ 4.50-4.50 ਲੱਖ ਰੁਪਏ ਦੇ ਦੋ ਚੈੱਕ ਲਏ। ਉਸ ਨੇ ਦੱਸਿਆ ਕਿ ਟਰੈਵਲ ਏਜੰਟ ਗੁਰਜੀਤ ਸਿੰਘ ਤੇ ਨੈਨਸੀ ਦੇ ਖਾਤੇ ਵਿੱਚ ਕਈ ਬੈਂਕ ਖਾਤਿਆਂ ਰਾਹੀਂ ਕੁਲ 36 ਲੱਖ ਰੁਪਏ ਟਰਾਂਸਫਰ ਕੀਤੇ ਗਏ।ਕਰੀਬ 3 ਮਹੀਨਿਆਂ ਬਾਅਦ ਟਰੈਵਲ ਏਜੰਟਾਂ ਨੇ ਲਵਪ੍ਰੀਤ ਸਿੰਘ ਨੂੰ ਯੂਐੱਸਏ ਭੇਜਣ ਦੀ ਗੱਲ ਆਖ ਕੇ ਜੁਲਾਈ 2023 ਵਿੱਚ ਵੀਯਤਨਾਮ ਭੇਜ ਦਿੱਤਾ ਤੇ ਕਈ ਦੇਸ਼ਾਂ ਵਿੱਚ ਧੱਕੇ ਖਾਂਦਾ ਹੋਇਆ ਲਵਪ੍ਰੀਤ ਭਾਰਤ ਮੁੜ ਆਇਆ। ਇਸ ਮਗਰੋਂ ਧਰਮਪ੍ਰੀਤ ਸਿੰਘ ਨੂੰ ਯੂਐੱਸਏ ਭੇਜਣ ਦੀ ਗੱਲ ਕਹਿ ਕੇ ਰੂਸ ਭੇਜਿਆ ਗਿਆ ਜਿਥੇ ਡੌਂਕੀ ਲਾਉਣ ਵਾਲਿਆਂ ਨੇ ਉਸ ਨੂੰ ਕੈਦ ਕਰ ਲਿਆ ਤੇ ਵੀਡੀਓ ਕਾਲ ਕਰ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਗਰੋਂ ਟਰੈਵਲ ਏਜੰਟ ਗੁਰਜੀਤ ਸਿੰਘ ਨੇ ਪਟਿਆਲਾ ਦੇ ਇੱਕ ਏਜੰਟ ਰਾਹੀਂ 8 ਲੱਖ ਰੁਪਏ ਭਿਜਵਾ ਕੇ ਧਰਮਪ੍ਰੀਤ ਸਿੰਘ ਨੂੰ ਛੁਡਵਾਇਆ ਤੇ ਭਾਰਤ ਲਿਆਂਦਾ। ਇਸ ਸਬੰਧ ਵਿੱਚ ਮਾਛੀਵਾੜਾ ਪੁਲੀਸ ਨੇ ਨੈਨਸੀ ਤੇ ਗੁਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।