For the best experience, open
https://m.punjabitribuneonline.com
on your mobile browser.
Advertisement

‘ਠੱਗੀ’ ਦੀ ਸ਼ਿਕਾਰ ਵਿਧਵਾ ਦੇ ਹੱਕ ’ਚ ਨਿੱਤਰੇ ਲੋਕ

05:29 AM Jul 05, 2025 IST
‘ਠੱਗੀ’ ਦੀ ਸ਼ਿਕਾਰ ਵਿਧਵਾ ਦੇ ਹੱਕ ’ਚ ਨਿੱਤਰੇ ਲੋਕ
ਜੈਤੋ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਰੋਸ ਮਾਰਚ ਕਰਦੇ ਹੋਏ ਲੋਕ।
Advertisement

ਸ਼ਗਨ ਕਟਾਰੀਆ
ਜੈਤੋ, 4 ਜੁਲਾਈ
ਗਰੀਬ ਵਿਧਵਾ ਵੀਰਪਾਲ ਕੌਰ ਨੂੰ ਇਨਸਾਫ਼ ਦੁਆਉਣ ਲਈ ਵੱਡੀ ਲੋਕਾਂ ਨੇ ਅੱਜ ਇੱਥੇ ਬਾਜ਼ਾਰ ਵਿੱਚ ਰੋਸ ਮੁਜ਼ਾਹਰਾ ਕਰਕੇ ਨਿਆਂ ਦੇ ਰਾਹ ’ਚ ਕਥਿਤ ਅੜਿੱਕਾ ਬਣਨ ਵਾਲਿਆਂ ਦੀ ਅਰਥੀ ਫੂਕੀ।
ਰੋਸ ਮਾਰਚ ਤੋਂ ਪਹਿਲਾਂ ਇੱਥੇ ਨਹਿਰੂ ਪਾਰਕ ਵਿੱਚ ਇਕੱਠੇ ਹੋਏ ਵਿਖਾਵਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਵੀਰਪਾਲ ਕੌਰ ਨਾਲ ‘ਧੋਖਾਧੜੀ’ ਕਰਨ ਵਾਲੇ ਤਿੰਨੇ ਮੁਲਜ਼ਮਾਂ ਦੀ ਉੱਚੀ ਪਹੁੰਚ ਹੋਣ ਕਰਕੇ ਐਫਆਈਆਰ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੇ ਕੁਝ ਅਖੌਤੀ ਪੱਤਰਕਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਸ਼ਹਿ ਦਿੰਦੇ ਹੋਏ, ਝੂਠਾ ਬਿਰਤਾਂਤ ਖੜ੍ਹਾ ਕਰਨ ਦੇ ਕੋਝੇ ਯਤਨ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਜੱਕੋ-ਤੱਕੀ ਨੂੰ ਤਿਆਗ ਕੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰੇ, ਨਹੀਂ ਤਾਂ ਬੇਮਿਆਦੀ ਧਰਨਾ ਸ਼ੁਰੂ ਕੀਤਾ ਜਾਵੇਗਾ।
ਪਿੰਡ ਕਰੀਰਵਾਲੀ ਵਾਸੀ ਪੀੜਤ ਮਹਿਲਾ ਵੀਰਪਾਲ ਕੌਰ ਨੇ ਦੱਸਿਆ ਕਿ 27 ਜੂਨ ਨੂੰ ਜੈਤੋ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਸ਼ਾਦੀ ਜਸਕਰਨ ਸਿੰਘ ਨਾਲ 2016 ਵਿੱਚ ਹੋਈ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਕੈਂਸਰ ਤੋਂ ਪੀੜਤ ਜਸਕਰਨ ਸਿੰਘ 2022 ਵਿੱਚ ਸਦੀਵੀਂ ਵਿਛੋੜਾ ਦੇ ਗਿਆ। ਦੱਸਣ ਮੁਤਾਬਿਕ ਜਸਕਰਨ ਸਿੰਘ ਨੇ ਬੈਂਕ ਤੋਂ ਕਰਜ਼ਾ ਲੈ ਕੇ ਅਤੇ ਡਾਊਨ ਰਕਮ ਅਦਾ ਕਰ ਕੇ ਸੋਨਾਲੀਕਾ ਨਵਾਂ ਟਰੈਕਟਰ ਖ਼ਰੀਦਿਆ ਸੀ। ਬੀਮਾ ਹੋਇਆ ਹੋਣ ਕਰਕੇ ਜਸਕਰਨ ਦੀ ਮੌਤ ਤੋਂ ਬਾਅਦ ਬੀਮਾ ਕੰਪਨੀ ਨੇ ਬੈਂਕ ਦੇ ਕਰਜ਼ੇ ਦੀ ਅਦਾਇਗੀ ਕਰ ਦਿੱਤੀ। ਆਪਣੇ ਪਤੀ ਦੀ ਵਾਰਿਸ ਹੋਣ ਦੀ ਹੈਸੀਅਤ ’ਚ ਵੀਰਪਾਲ ਕੌਰ ਨੇ ਟਰੈਕਟਰ ਆਪਣੇ ਨਾਂਅ ਕਰਾਉਣ ਲਈ ਜਸਕਰਨ ਦੇ ਮਾਮੇ ਪਰਮਜੀਤ ਸਿੰਘ ਨਾਲ ਗੱਲ ਕੀਤੀ। ਪਰਮਜੀਤ ਨੇ ਕਿਹਾ ਕਿ ਉਸ ਦੀ ਤਹਿਸੀਲ ਕੰਪਲੈਕਸ ਜੈਤੋ ਵਿੱਚ ਟਾਈਪਿਸਟ ਹੁਕਮ ਚੰਦ ਨਾਂਅ ਦੇ ਵਿਅਕਤੀ ਨਾਲ ਜਾਣ-ਪਛਾਣ ਹੈ ਅਤੇ ਉਸ ਦੀ ਅੱਗੇ ਆਰਟੀਏ ਦਫ਼ਤਰ ਵਿੱਚ ਜਾਣ ਪਛਾਣ ਹੋਣ ਕਰਕੇ ਆਪਣਾ ਕੰਮ ਕਰਵਾ ਦੇਵੇਗਾ।
ਵੀਰਪਾਲ ਮੁਤਾਬਿਕ 4-5 ਮਹੀਨੇ ਪਹਿਲਾਂ ਉਹ ਆਪਣੇ ਸਹੁਰੇ, ਸੱਸ ਅਤੇ ਮਾਮੇ ਸਮੇਤ ਜੈਤੋ ਪਹੁੰਚ ਕੇ ਹੁਕਮ ਚੰਦ ਨੂੰ ਮਿਲੇ, ਤਾਂ ਉਸ ਨੇ ਟਰੈਕਟਰ ਵੀਰਪਾਲ ਕੌਰ ਦੇ ਨਾਂਅ ਕਰਨ ਦਾ ਭਰੋਸਾ ਦਿੱਤਾ। ਮੌਕੇ ’ਤੇ ਉਸ ਵੱਲੋਂ ਲੋੜੀਂਦੇ ਦਸਤਾਵੇਜ਼ ਦੱਸੇ ਜਾਂਦੇ ਪੇਪਰਾਂ ’ਤੇ ਵੀਰਪਾਲ ਸਣੇ ਉਸ ਦੇ ਸੱਸ ਤੇ ਸਹੁਰੇ ਦੇ ਦਸਤਖ਼ਤ ਕਰਵਾਏ। ਸ਼ਿਕਾਇਤ ਮੁਤਾਬਿਕ ਇਸ ਤੋਂ ਬਾਅਦ ਹੁਕਮ ਚੰਦ ਕੋਲ ਜਾ ਕੇ ਕਈ ਵਾਰੀ ਟਰੈਕਟਰ ਦੀ ਰਜਿਸਟ੍ਰੇਸ਼ਨ ਕਾਪੀ ਮੰਗੀ ਗਈ, ਤਾਂ ਉਹ ‘ਲਾਰੇ’ ਲਾਉਂਦਾ ਰਿਹਾ। ਵੀਰਪਾਲ ਕੌਰ ਨੇ ਦੱਸਿਆ ਕਿ ਹੈਰਾਨੀ ਤਾਂ ਉਦੋਂ ਹੋਈ ਜਦੋਂ ਪਤਾ ਲੱਗਾ ਕਿ ਟਰੈਕਟਰ ਤਾਂ ਕਿਸੇ ਅਣਪਛਾਤੇ ਵਿਅਕਤੀ ਹਰਸ਼ਦੀਪ ਸਿੰਘ ਵਾਸੀ ਮਲੋਟ ਦੇ ਨਾਂਅ ਕਰ ਦਿੱਤਾ ਗਿਆ।
ਉਧਰ ਥਾਣਾ ਜੈਤੋ ਦੇ ਐੱਸਐੱਚਓ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਵੀਰਪਾਲ ਦੀ ਸ਼ਿਕਾਇਤ ’ਤੇ ਭਾਰਤੀ ਨਿਆਂਏ ਸਹਿਤਾ ਦੀ ਧਾਰਾ 318(4) ਅਤੇ 61(2) ਤਹਿਤ ਜੈਤੋ ਦੇ ਹੁਕਮ ਚੰਦ, ਰੋੜੀਕਪੂਰਾ ਪਿੰਡ ਦੇ ਪਰਮਜੀਤ ਸਿੰਘ ਅਤੇ ਮਲੋਟ ਦੇ ਹਰਸ਼ਦੀਪ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Advertisement

ਸੰਘਰਸ਼ ਲਈ ਐਕਸ਼ਨ ਕਮੇਟੀ ਕਾਇਮ
ਸੰਘਰਸ਼ ਨੂੰ ਸਿਰੇ ਚੜ੍ਹਾਉਣ ਲਈ ਇਕੱਠੇ ਹੋਏ ਲੋਕਾਂ ਨੇ ਸਰਬਸੰਮਤੀ ਨਾਲ 11 ਮੈਂਬਰੀ ਐਕਸ਼ਨ ਕਮੇਟੀ ਗਠਿਤ ਕੀਤੀ ਗਈ। ਫੈਸਲਾ ਹੋਇਆ ਕਿ ਭਵਿੱਖੀ ਅੰਦੋਲਨ ਦੀ ਅਗਵਾਈ ਹੁਣ ਇਹ ਕਮੇਟੀ ਕਰੇਗੀ। ਇਸ ਕਮੇਟੀ ਵਿੱਚ ਖੁਦ ਪੀੜਤ ਮਹਿਲਾ ਵੀਰਪਾਲ ਕੌਰ, ਪਿੰਡ ਕਰੀਰਵਾਲੀ ਦੇ ਸਰਪੰਚ ਜਸਪਾਲ ਸਿੰਘ, ਜਗਮੀਤ ਸਿੰਘ, ਤਰਸੇਮ ਸਿੰਘ, ਗੁਰਲਾਲ ਸਿੰਘ, ਗਮਦੂਰ ਸਿੰਘ ਕਾਲਾ, ਦਿਲਬਾਗ ਸਿੰਘ, ਡਾ. ਗੁਰਜੀਤ ਸਿੰਘ ਅਜਿੱਤਗਿੱਲ, ਚਮਕੌਰ ਸਿੰਘ ਰੋੜੀਕਪੂਰਾ, ਜਸਪ੍ਰੀਤ ਕੌਰ ਅਤੇ ਚਰਨਜੀਤ ਸਿੰਘ ਸ਼ਾਮਲ ਕੀਤੇ ਗਏ ਹਨ।

Advertisement
Advertisement

Advertisement
Author Image

Parwinder Singh

View all posts

Advertisement