ਇਕਬਾਲ ਸਿੰਘ ਸ਼ਾਂਤਡੱਬਵਾਲੀ, 9 ਜੂਨਨਗਰ ਪਰਿਸ਼ਦ ਵੱਲੋਂ ਸ਼ਹਿਰ ਵਿੱਚ ਲਗਭਗ ਅੱਧੇ ਰੇਟ ’ਤੇ ਦਿੱਤੇ ਸਫ਼ਾਈ ਠੇਕਾ ਇੱਕ ਵੱਡਾ ਮੁੱਦਾ ਬਣ ਗਿਆ ਹੈ। ਘੱਟ ਰੇਟਾਂ ਕਾਰਨ ਸਫ਼ਾਈ ਠੇਕੇਦਾਰ ਸਿਰਫ਼ ਦੋ ਮਹੀਨੇ ’ਚ ਹੱਥ ਖੜ੍ਹੇ ਕਰ ਕੇ ਠੇਕਾ ਰੱਦ ਕਰ ਗਿਆ। ਲਗਭਗ 50-55 ਫ਼ੀਸਦ ਘੱਟ ਰੇਟ ’ਤੇ ਟੈਂਡਰ ਹੋਣ ਕਾਰਨ ਨਗਰ ਪਰਿਸ਼ਦ ਡੱਬਵਾਲੀ ਦਾ ਕੰਮਕਾਜ ਵੀ ਵਿਵਾਦਾਂ ’ਚ ਘਿਰ ਗਿਆ ਹੈ। ਠੇਕੇਦਾਰ ਵੱਲੋਂ ਰੱਖੇ 62 ਪੁਰਸ਼ ਤੇ ਮਹਿਲਾ ਠੇਕਾ ਸਫ਼ਾਈ ਕਰਮਚਾਰੀਆਂ ਨੇ ਬੇਰੁਜ਼ਗਾਰੀ ਦੇ ਆਲਮ ਵਿੱਚ ਸੰਘਰਸ਼ ਦਾ ਰਾਹ ਫੜਿਆ ਹੈ। ਅੱਜ ਉਨ੍ਹਾਂ ਮਿਨੀ ਸਕੱਤਰੇਤ ਦੇ ਮੂਹਰੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ। ਉਨਾਂ ਬਾਲਮੀਕਿ ਚੌਕ ਤੋਂ ਮਿਨੀ ਸਕੱਤਰੇਤ ਤੱਕ ਰੋਸ-ਮੁਜ਼ਾਹਰਾ ਵੀ ਕੀਤਾ। ਪਿਛਲੇ ਹਫ਼ਤੇ, ਮਜ਼ਦੂਰਾਂ ਨੇ ਐੱਸਡੀਐੱਮ ਦਫਤਰ ’ਚ ਸੰਘਰਸ਼ ਸਬੰਧੀ ਅਗਾਊਂ ਚਿਤਾਵਨੀ ਪੱਤਰ ਦਿੱਤਾ ਸੀ। ਠੇਕਾ ਰੱਦ ਹੋਣ ਉਪਰੰਤ ਵੱਖ-ਵੱਖ ਹਿੱਸਿਆਂ ’ਚ ਸਫ਼ਾਈ ਵਿਵਸਥਾਲ ਢਹਿ-ਢੇਰੀ ਹੋ ਗਈ ਹੈ।ਧਰਨੇ ’ਤੇ ਬੈਠੇ ਠੇਕਾ ਸਫਾਈ ਕਰਮਚਾਰੀਆਂ ਨੇ ਸਰਕਾਰ ਤੋਂ ਸਫਾਈ ਠੇਕਾ ਪ੍ਰਣਾਲੀ ਨੂੰ ਬੰਦ ਕਰਕੇ ਤਨਖਾਹ/ਡੀਸੀ ਰੇਟ ’ਤੇ ਸਫ਼ਾਈ ਕਾਰਜ ਰਕਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਨੀਤੀਗਤ ਤਨਖ਼ਾਹ ਅਤੇ ਠੇਕੇਦਾਰਾਂ ਦੇ ਆਰਥਿਕ-ਮਾਨਸਿਕ ਸੋਸ਼ਣ ਤੋਂ ਮੁਕਤੀ ਮਿਲ ਸਕੇ। ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ, ਮੁੱਖ ਸਕੱਤਰ, ਡਿਪਟੀ ਕਮਿਸ਼ਨਰ ਸਿਰਸਾ ਅਤੇ ਡੀਐੱਮਸੀ ਨੂੰ ਮੰਗ ਪੱਤਰ ਭੇਜਿਆ ਗਿਆ ਹੈ।ਸਫ਼ਾਈ ਮਜ਼ਦੂਰ ਰਵਿੰਦਰ, ਗੁਰਦੀਪ ਸਿੰਘ, ਕ੍ਰਿਸ਼ਨ ਕੁਮਾਰ, ਅਮਿਤ ਕੁਮਾਰ ਪੁਹਾਲ, ਮੋਹਿਤ ਅਤੇ ਸਾਹਿਲ ਨੇ ਦੋਸ਼ ਲਗਾਇਆ ਹੈ ਕਿ ਕਿਰਤ ਵਿਭਾਗ ਦੇ ਨਿਯਮਾਂ ਅਨੁਸਾਰ ਕਿਸੇ ਏਜੰਸੀ ਜਾਂ ਠੇਕਾ ਆਧਾਰਤ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 11300 ਰੁਪਏ ਹੈ, ਜਦੋਂ ਕਿ ਈਪੀਐਫ ਵੱਖਰਾ ਹੈ, ਇਸ ਤੋਂ ਘੱਟ ਤਨਖ਼ਾਹ ਕਾਨੂੰਨੀ ਜੁਰਮ ਹੈ। ਜਦਕਿ ਡੱਬਵਾਲੀ ਵਿੱਚ ਸਫਾਈ ਕਰਮਚਾਰੀਆਂ ਨੂੰ ਸਫਾਈ ਠੇਕੇਦਾਰ ਵੱਲੋਂ ਪ੍ਰਤੀ ਮਹੀਨਾ ਸਿਰਫ 7200 ਰੁਪਏ ਦਿੱਤੇ ਜਾ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਤੋਂ ਸਵੇਰੇ 5 ਵਜੇ ਤੋਂ ਲੈ ਕੇ ਦਿਨ ਵਿੱਚ ਦੋ ਵਾਰ ਡਿਊਟੀ ਕਰਵਾਉਣ ਜਾਂਦੀ ਸੀ। ਐਤਵਾਰ ਨੂੰ ਸਫ਼ਾਈ ਕਾਰਜ ਕਰਵਾਇਆ ਜਾਂਦਾ ਸੀ। ਉਨ੍ਹਾਂ ਨਿਯਮਾਂ ਅਨੁਸਾਰ ਤਨਖ਼ਾਹ ਅਤੇ ਨਗਰ ਪਰਿਸ਼ਦ ਡੱਬਵਾਲੀ ਵੱਲੋਂ ਬਹੁਤ ਘੱਟ ਰੇਟਾਂ ’ਤੇ ਦਿੱਤੇ ਸਫ਼ਾਈ ਠੇਕੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ।ਜ਼ਿਕਰਯੋਗ ਹੈ ਕਿ 24 ਮਾਰਚ 2025 ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਇੱਕ ਸਾਲ ਦਾ ਸਫ਼ਾਈ ਠੇਕਾ ਹੋਇਆ ਸੀ। ਅਗਲੇ ਦਿਨ ਠੇਕੇਦਾਰ ਨੇ ਬਿਨਾਂ ਕਿਸੇ ਐਗਰੀਮੈਂਟ ਦੇ 62 ਮਹਿਲਾ-ਪੁਰਸ਼ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਿਆ। ਜਦ ਕਿ 3 ਜੂਨ 2025 ਨੂੰ ਉਨ੍ਹਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਉਨ੍ਹਾਂ ਦੀ ਤਨਖਾਹ ਵੀ ਹਮੇਸ਼ਾ ਦੇਰੀ ਅਤੇ ਸੰਘਰਸ਼ ਮਗਰੋਂ ਦਿੱਤੀ ਜਾਂਦੀ ਸੀ।ਇਹ ਮੁਲਾਜ਼ਮ ਠੇਕੇਦਾਰ ਨੇ ਰੱਖੇ ਸਨ, ਸਾਡਾ ਕੋਈ ਲੈਣਾ-ਦੇਣਾ ਨਹੀਂ: ਈਓਨਗਰ ਪਰਿਸ਼ਦ ਡੱਬਵਾਲੀ ਦੇ ਈਓ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਇੱਕ ਠੇਕੇਦਾਰ ਨੇ ਵੱਖ-ਵੱਖ ਹਿੱਸਿਆਂ ਦਾ ਸਫ਼ਾਈ ਠੇਕਾ ਲਗਭਗ 50-55 ਫੀਸਦ ਘੱਟ ਰੇਟਾਂ ’ਤੇ ਲਿਆ ਸੀ। ਉਹ ਠੇਕਾ ਛੱਡ ਗਿਆ। ਠੇਕੇਦਾਰ ਨੇ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਰੱਖਿਆ ਸੀ, ਨਗਰ ਪਰਿਸ਼ਦ ਦਾ ਇਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।