ਟੌਲ ਪਲਾਜ਼ਾ ਕਾਲਝਾੜ: ਜਾਅਲੀ ਕਰੰਸੀ ਮਾਮਲੇ ’ਚ ਪੁਲੀਸ ਵੱਲੋਂ ਕਲੀਨ ਚਿੱਟ

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਅਕਤੂਬਰ
ਇਥੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਸਥਿਤ ਟੌਲ ਪਲਾਜ਼ਾ ਕਾਲਾਝਾੜ ਦੇ ਵਰਕਰਾਂ ਵੱਲੋਂ ਵਾਹਨ ਚਾਲਕਾਂ ਨੂੰ ਜਾਅਲੀ ਕਰੰਸੀ ਤੇ ਸਿੱਕੇ ਦੇਣ ਦੇ ਦੋਸ਼ ਵਿੱਚ ਪੁਲੀਸ ਨੇ ਟੌਲ ਪਲਾਜ਼ਾ ਮੈਨੇਜਮੈਂਟ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਯੂਨੀਅਨ ਨੇ ਮੈਨੇਜਮੈਂਟ ਵੱਲੋਂ ਨੌਕਰੀ ਤੋਂ ਹਟਾਉਣ ਖ਼ਿਲਾਫ਼ ਹੜਤਾਲ ਕਰਕੇ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ। ਇਸੇ ਦੌਰਾਨ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਨੇ ਦੋਸ਼ ਲਗਾਇਆ ਸੀ ਕਿ ਮੈਨੇਜਮੈਂਟ ਵੱਲੋਂ ਉਨ੍ਹਾਂ ਨੂੰ ਰਾਹਗੀਰਾਂ ਨੂੰ ਜਾਅਲੀ ਕਰੰਸੀ ਵੰਡਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਸਬੰਧੀ ਪੁਲੀਸ ਚੌਕੀ ਚੰਨੋ ਨੂੰ ਸੂਚਿਤ ਕਰਨ ਦੇ ਬਾਵਜੂਦ ਉਹ 20 ਘੰਟੀਆਂ ਬਾਅਦ ਟੌਲ ਪਲਾਜ਼ਾ ’ਤੇ ਆਈ ਸੀ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਅਗਲੇ ਦਿਨ ਵੀ ਜਦੋਂ ਪੁਲੀਸ ਨੇ ਟੌਲ ਪਲਾਜ਼ਾ ਦੇ ਕਾਊਂਟਰ ਚੈੱਕ ਕੀਤੇ ਤਾਂ ਕਾਫੀ ਗਿਣਤੀ ਵਿੱਚ ਨਕਲੀ ਸਿੱਕੇ ਬਰਾਮਦ ਹੋਏ ਸਨ। ਪੁਲੀਸ ਨੇ ਇਨ੍ਹਾਂ ਸਿੱਕਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੜਤਾਲ ਕਰਨ ਦਾ ਭਰੋਸਾ ਦਿੱਤਾ ਸੀ। 31 ਅਗਸਤ ਨੂੰ ਮੈਨੇਜਮੈਂਟ ਅਤੇ ਸੰਘਰਸ਼ ਕਮੇਟੀ ਵਿਚਕਾਰ ਸਮਝੌਤਾ ਹੋ ਗਿਆ। ਜਾਅਲੀ ਕਰੰਸੀ ਸਬੰਧੀ ਪੁਲੀਸ ਨੇ ਜਲਦੀ ਪੜਤਾਲ ਕਰਨ ਦਾ ਭਰੋਸਾ ਦਿੱਤਾ ਸੀ।
ਸੰਘਰਸ਼ ਕਮੇਟੀ ਦੇ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਜਾਅਲੀ ਕਰੰਸੀ ਦਾ ਮਾਮਲਾ ਬਹੁਤ ਸੰਗੀਨ ਹੈ। ਇਸ ਦੀ ਪੜਤਾਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਪਰ ਡੇਢ ਮਹੀਨਾ ਬੀਤਣ ਦੇ ਬਾਵਜੂਦ ਜਾਅਲੀ ਕਰੰਸੀ ਦੀ ਮਾਮਲੇ ਸਬੰਧੀ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਚੰਨੋਂ ਪੁਲੀਸ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉੱਚ ਪੁਲੀਸ ਅਧਿਕਾਰੀਆਂ ਨਾਲ ਗੱਲ ਕਰ ਲਵੋ, ਜਦੋਂ ਕਿ ਉਸ ਸਮੇਂ ਤਾਇਨਾਤ ਡੀਐੱਸਪੀ ਭਵਾਨੀਗੜ੍ਹ ਸੁਖਰਾਜ ਸਿੰਘ ਦੀ ਬਦਲੀ ਹੋ ਚੁੱਕੀ ਹੈ।

ਦੋਸ਼ਾਂ ਵਿੱਚ ਸਚਾਈ ਨਹੀਂ: ਡੀਐੱਸਪੀ
ਡੀਐੱਸਪੀ ਗੁਬਿੰਦਰ ਸਿੰਘ ਨੇ ਕਿਹਾ ਕਿ ਕਿਸੇ ’ਤੇ ਦੋਸ਼ ਲਗਾਉਣ ਨਾਲ ਕੋਈ ਦੋਸ਼ੀ ਨਹੀਂ ਬਣਦਾ। ਜਾਅਲੀ ਕਰੰਸੀ ਵਾਲੇ ਮਾਮਲੇ ਵਿਚ ਕੋਈ ਸੱਚਾਈ ਨਹੀਂ ਹੈ। ਟੌਲ ਪਲਾਜ਼ਾ ਦੇ ਅਧਿਕਾਰੀ ਡੀਐੱਨ ਹੋਣਮੁਖੇ ਨੇ ਵੀ ਇਸ ਦੋਸ਼ ਨੂੰ ਗਲਤ ਕਰਾਰ ਦਿੱਤਾ ਸੀ।

Tags :