ਟੌਮ ਕਰੂਜ਼ ਨੇ ਵਿਸ਼ਵ ਰਿਕਾਰਡ ਬਣਾਇਆ
ਲਾਸ ਏਂਜਲਸ:
ਹੌਲੀਵੁੱਡ ਸੁਪਰਸਟਾਰ ਟੌਮ ਕਰੂਜ਼ ਨੇ ਆਪਣੀ ਨਵੀਂ ਫਿਲਮ ‘ਮਿਸ਼ਨ ਇੰਪੋਸੀਬਲ: ਦਿ ਫਾਈਨਲ ਰਿਕੋਨਿੰਗ’ ਦੀ ਸ਼ੂਟਿੰਗ ਦੌਰਾਨ ਸੜਦੇ ਪੈਰਾਸ਼ੂਟ ਸਣੇ ਹੈਲੀਕਾਪਟਰ ਤੋਂ 16 ਵਾਰ ਛਾਲ ਮਾਰ ਕੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਜੂਨ ਮਹੀਨੇ ਵਿੱਚ ਦੁਨੀਆਂ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਸ ਫ਼ਿਲਮ ਦੇ ਅਖੀਰ ਵਿੱਚ ਇਹ ਦਲੇਰੀ ਭਰਿਆ ਦ੍ਰਿਸ਼ ਦਿਖਾਇਆ ਗਿਆ ਹੈ। ਇਸ ਦੌਰਾਨ ਕਰੂਜ਼, ਲਾਇਸੈਂਸਧਾਰਕ ਸਕਾਈਡਾਈਵਰ ਵਜੋਂ ਹਵਾਬਾਜ਼ੀ ਬਾਲਣ ਵਿੱਚ ਭਿੱਜੇ ਪੈਰਾਸ਼ੂਟ ਨਾਲ ਹੈਲੀਕਾਪਟਰ ਤੋਂ ਛਾਲ ਮਾਰਦਾ ਹੈ ਅਤੇ ਪੈਰਾਸ਼ੂਟ ਨੂੰ ਅੱਗ ਲੱਗ ਜਾਂਦੀ ਹੈ। ਇਸ ਦ੍ਰਿਸ਼ ਨੂੰ ਮੁਕੰਮਲ ਕਰਨ ਲਈ ਕਰੂਜ਼ ਨੇ 16 ਵਾਰ ਇਹ ਸਟੰਟ ਕਰਦਿਆਂ ਹੈਲੀਕਾਪਟਰ ਤੋਂ ਛਾਲ ਮਾਰ ਕੇ ਅੱਗ ਲੱਗੇ ਪੈਰਾਸ਼ੂਟ ਨੂੰ ਕੱਟਿਆ ਤੇ ਸੁਰੱਖਿਅਤ ਜ਼ਮੀਨ ’ਤੇ ਲੈਂਡਿੰਗ ਕੀਤੀ। ਗਿੰਨੀਜ਼ ਵਰਲਡ ਰਿਕਾਰਡਜ਼ ਦੇ ਮੁੱਖ ਸੰਪਾਦਕ ਕ੍ਰੇਗ ਗਲੈਂਡੇ ਨੇ ਅਧਿਕਾਰਤ ਵੈੱਬਸਾਈਟ ’ਤੇ ਪੋਸਟ ਵਿੱਚ ਕਿਹਾ,‘ਟੌਮ ਸਿਰਫ਼ ਐਕਸ਼ਨ ਕਰਦਾ ਹੀ ਨਹੀਂ ਸਗੋਂ ਉਹ ਇੱਕ ਐਕਸ਼ਨ ਹੀਰੋ ਹੈ।’ ਕ੍ਰੇਗ ਨੇ ਕਿਹਾ ਕਿ ਟੌਮ ਨੇ ‘ਰਿਸਕੀ ਬਿਜ਼ਨਸ’ (1983) ਨਾਲ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਉਸ ਨੇ 30 ਤੋਂ ਵੱਧ ਫਿਲਮਾਂ ਵਿੱਚ ਅਭਿਨੈ ਕੀਤਾ ਹੈ। ਉਸ ਨੇ 11 ਹਿੱਟ ਫਿਲਮਾਂ ਦਿੱਤੀਆਂ ਹਨ। ‘ਜੈਕ ਰੀਚਰ’ (2012) ਤੋਂ ‘ਮਿਸ਼ਨ: ਇੰਪੌਸੀਬਲ ਦਿ ਫਾਈਨਲ ਰਿਕੋਨਿੰਗ’ (2025) ਤੱਕ ਟੌਮ ਰਿਕਾਰਡ ਤੋੜਨ ਲਈ ਪਛਾਣ ਦਾ ਮੁਥਾਜ ਨਹੀਂ। ਕ੍ਰੇਗ ਨੇ ਕਿਹਾ ਕਿ ਪ੍ਰਭਾਵਸ਼ਾਲੀ, ਲੰਬੇ ਅਤੇ ਇਕਸਾਰ ਕਰੀਅਰ ਦੌਰਾਨ ਟੌਮ ਨੇ ਖੁਦ ਨੂੰ ਹੌਲੀਵੁੱਡ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਵੱਧ ਅਮੀਰ ਸਟਾਰ ਸਾਬਤ ਕੀਤਾ ਹੈ। -ਪੀਟੀਆਈ