ਟੈਨਿਸ: ਸ਼ੈਲਟਨ, ਮੁਸੇਟੀ ਅਤੇ ਸਬਾਲੇਂਕਾ ਫਰੈਂਚ ਓਪਨ ਦੇ ਦੂਜੇ ਗੇੜ ’ਚ
ਪੈਰਿਸ, 26 ਮਈ
ਅਮਰੀਕਾ ਦੇ 13ਵਾਂ ਦਰਜਾ ਪ੍ਰਾਪਤ ਬੈਨ ਸ਼ੈਲਟਨ ਨੇ ਲੋਰੇਂਜੋ ਸੋਨੇਗੋ ਨੂੰ ਸਿੱਧੇ ਸੈੱਟਾਂ ਵਿੱਚ 6-4, 4-6, 3-6, 6-2, 6-3 ਨਾਲ ਹਰਾ ਕੇ ਫਰੈਂਚ ਓਪਨ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ।
ਸ਼ੈਲਟਨ ਨੇ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਵੀ ਸੋਨੇਗੋ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਅੱਠਵਾਂ ਦਰਜਾ ਪ੍ਰਾਪਤ ਮੁਸੇਟੀ ਨੇ ਜਰਮਨ ਕੁਆਲੀਫਾਇਰ ਯਾਨਿਕ ਹਾਂਫਮੈਨ ਨੂੰ 7-5, 6-2, 6-0 ਨਾਲ ਹਰਾਇਆ। ਇਸੇ ਤਰ੍ਹਾਂ ਆਰਿਆਨਾ ਸਬਾਲੇਂਕਾ ਨੇ ਕਾਮਿਲਾ ਰਾਖੀਮੋਵਾ ਨੂੰ 6-1, 6-0 ਨਾਲ ਮਾਤ ਦਿੱਤੀ। ਓਲੰਪਿਕ ਚੈਂਪੀਅਨ ਚੀਨ ਦੀ ਜ਼ੇਂਗ ਕਿੰਵੇਨ ਨੇ ਫਰੈਂਚ ਓਪਨ 2021 ਦੀ ਉਪ ਜੇਤੂ ਅਨਾਸਤਾਸੀਆ ਪੀ ਨੂੰ 6-4, 6-3 ਨਾਲ ਹਰਾਇਆ। ਇਸ ਤੋਂ ਇਲਾਵਾ ਪਿਛਲੇ ਸਾਲ ਦੀ ਉਪ ਜੇਤੂ ਇਟਲੀ ਦੀ ਜੈਸਮੀਨ ਪਾਓਲਿਨੀ ਨੇ ਯੂਆਨ ਯੂਈ ਨੂੰ 6-1, 4-6, 6-3 ਨਾਲ, ਅਮਰੀਕਾ ਦੇ ਟੌਮੀ ਪਾਲ ਨੇ ਡੈਨਮਾਰਕ ਦੇ ਐਲਮਰ ਮੋਲਰ ਨੂੰ 6-7, 6-2, 6-3, 6-1 ਅਤੇ ਫਰਾਂਸਿਸ ਟਿਆਫੋ ਨੇ ਰੋਮਨ ਸੈਫਿਊਲਿਨ ਨੂੰ 6-4, 7-5, 6-4 ਨਾਲ ਹਰਾਇਆ। ਇਸ ਦੌਰਾਨ ‘ਲਾਲ ਬੱਜਰੀ ਦੇ ਬਾਦਸ਼ਾਹ’ ਰਾਫੇਲ ਨਡਾਲ ਨੂੰ ਅਲਵਿਦਾ ਕਹਿਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ। ਹਾਲ ਹੀ ਵਿੱਚ ਟੈਨਿਸ ’ਚੋਂ ਸੰਨਿਆਸ ਲੈਣ ਵਾਲੇ 22 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨਡਾਲ ਨੂੰ ਇੱਥੇ ਵਿਸ਼ੇਸ਼ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਨਡਾਲ ਨੇ 14 ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਹੈ। ਇਸ ਮੌਕੇ ਉਸ ਦੇ ਵਿਰੋਧੀ ਨੋਵਾਕ ਜੋਕੋਵਿਚ, ਰੋਜਰ ਫੈਡਰਰ ਅਤੇ ਐਂਡੀ ਮਰੇ ਵੀ ਮੌਜੂਦ ਸਨ। -ਏਪੀ