For the best experience, open
https://m.punjabitribuneonline.com
on your mobile browser.
Advertisement

ਟੈਨਿਸ ਦਾ ਅਸਤਰ ਆਂਦਰੇ ਅਗਾਸੀ

04:09 AM Jun 07, 2025 IST
ਟੈਨਿਸ ਦਾ ਅਸਤਰ ਆਂਦਰੇ ਅਗਾਸੀ
Advertisement

Advertisement

ਪ੍ਰਿੰਸੀਪਲ ਸਰਵਣ ਸਿੰਘ

Advertisement
Advertisement

ਆਂਦਰੇ ਅਗਾਸੀ ਦੀ ਸ਼ਖ਼ਸੀਅਤ ਇਕਹਿਰੀ ਨਹੀਂ, ਦੂਹਰੀ ਤੀਹਰੀ ਹੈ। ਉਹ ਟੈਨਿਸ ਦਾ ਲੀਜੈਂਡਰੀ ਖਿਡਾਰੀ ਸੀ ਜੋ ਡਿੱਗ ਕੇ ਉੱਠਦਾ ਤੇ ਲੋਪ ਹੋ ਕੇ ਉਜਾਗਰ ਹੁੰਦਾ ਰਿਹਾ। ਉਹਦੀ ਜੀਵਨ ਕਹਾਣੀ ਚਾਨਣ ’ਚੋਂ ਹਨੇਰੇ ਵੱਲ ਪਰਤਣ ਤੇ ਹਨੇਰੇ ’ਚੋਂ ਮੁੜ ਚਾਨਣ ਵੱਲ ਵਧਣ ਦੀ ਵਾਰਤਾ ਹੈ। ਉਹ ਆਰਮੇਨੀ-ਇਰਾਨੀ ਮੂਲ ਦਾ ਅਮਰੀਕਨ ਹੈ। ਟੈਨਿਸ ਦੀ ਖੇਡ ਵਿੱਚ ਉਸ ਦੀਆਂ ਧੁੰਮਾਂ ਲੰਮਾ ਸਮਾਂ ਪੈਂਦੀਆਂ ਰਹੀਆਂ। ਉਹਦੇ ਜੀਵਨ ਵਿੱਚ ਕਈ ਮੋੜ ਘੋੜ ਆਏ। ਉਹ ਕਿਸਮਤ ਦਾ ਮਾਰਿਆ, ਪਰ ਕਰਮਾਂ ਦਾ ਬਲੀ ਨਿਕਲਿਆ।
ਉਸ ਦਾ ਪਿਤਾ ਬੌਕਸਰ ਹੋਣ ਦੇ ਬਾਵਜੂਦ ਟੈਨਿਸ ਦੀ ਖੇਡ ਦਾ ਦੀਵਾਨਾ ਸੀ। ਉਸ ਨੇ ਪੁੱਤਰ ਦੀ ਇੱਛਾ ਦੇ ਉਲਟ ਉਸ ਨੂੰ ਟੈਨਿਸ ਖੇਡਣ ਲਾਇਆ। ਉਹ ਫਿਰ ਸਖ਼ਤ ਅਨੁਸ਼ਾਸਨ ਤੇ ਸਖ਼ਤ ਮਿਹਨਤ ਨਾਲ ਟੈਨਿਸ ਦਾ ਵਿਸ਼ਵ ਦਾ ਨੰਬਰ 1 ਖਿਡਾਰੀ, ਐਟਲਾਂਟਾ-1996 ਦੀਆਂ ਓਲੰਪਿਕ ਖੇਡਾਂ ਦਾ ਚੈਂਪੀਅਨ ਤੇ ਚਾਰੇ ਗਰੈਂਡ ਸਲੈਮਾਂ ਦਾ ਜੇਤੂ ਬਣਿਆ। ਖੇਡ ਤੋਂ ਰਿਟਾਇਰ ਹੋ ਕੇ 2009 ਵਿੱਚ ਉਸ ਨੇ ‘ਓਪਨ’ ਨਾਂ ਦੀ ਸਵੈਜੀਵਨੀ ਰਿਲੀਜ਼ ਕੀਤੀ ਜੋ ਸਭ ਤੋਂ ਵੱਧ ਵਿਕਣ ਵਾਲੀ ਪੁਸਤਕ ਬਣੀ। ਉਹਦੇ ’ਚ ਉਸ ਨੇ ਕਈ ਗੁੱਝੇ ਭੇਤ ਸਾਂਝੇ ਕੀਤੇ।
1992 ਵਿੱਚ ਉਸ ਨੇ ਟੈਨਿਸ ਦਾ ਪਹਿਲਾ ਗ੍ਰੈਂਡ ਸਲੈਮ ਵਿੰਬਲਡਨ ਜਿੱਤਿਆ ਸੀ। ਉਹ ਗ੍ਰੈਂਡ ਸਲੈਮ ਪਹਿਲਾਂ ਵੀ ਖੇਡਦਾ ਰਿਹਾ ਸੀ, ਪਰ ਕਦੇ ਟਾਈਟਲ ਜਿੱਤਣ ਤੱਕ ਨਹੀਂ ਸੀ ਪਹੁੰਚਿਆ। ਉਸ ਦੀਆਂ ਅਨੇਕ ਹਾਰਾਂ ਤੋਂ ਬਾਅਦ ਇਹ ਵੱਡੀ ਜਿੱਤ ਮਸੀਂ ਉਹਦੇ ਹੱਥ ਆਈ ਸੀ। ਸਮਝ ਲਓ ਹਨੇਰੇ ’ਚੋਂ ਚਾਨਣ ਵਿੱਚ ਵੱਡੀ ਛਾਲ ਵੱਜੀ ਸੀ। 1994 ਵਿੱਚ ਉਹ ਯੂਐੱਸਏ ਓਪਨ ਜਿੱਤਿਆ, 1995 ਵਿੱਚ ਆਸਟੇਰਲੀਅਨ ਓਪਨ ਤੇ 1996 ’ਚ ਐਂਟਲਾਂਟਾ ਦੀਆਂ ਓਲੰਪਿਕ ਖੇਡਾਂ ਦਾ ਗੋਲਡ ਮੈਡਲ। ਉਦੋਂ ਉਹ ‘ਕਰੀਅਰ ਗੋਲਡਨ ਸਲੈਮ’ ਦਾ ਖ਼ਿਤਾਬ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਮਰਦ ਖਿਡਾਰੀ ਐਲਾਨਿਆ ਗਿਆ। ਲਗਾਤਾਰ ਤਿੰਨ ਸਾਲ ਸ਼ਾਨਾਂ ਮੱਤੀਆਂ ਜਿੱਤਾਂ ਜਿੱਤਣ ਮਗਰੋਂ ਉਹ ਦੁਬਾਰਾ ਦੋ ਸਾਲ ਹਨੇਰਿਆਂ ’ਚ ਗੁਆਚ ਗਿਆ ਸੀ।
ਉਸ ਦਾ ਪੂਰਾ ਨਾਂ ਆਂਦਰੇ ਕਰਕੋਰੀਅਨ ਅਗਾਸੀ ਹੈ। ਉਹਦਾ ਜਨਮ 29 ਅਪਰੈਲ 1970 ਨੂੰ ਅਮਰੀਕਾ ਦੀ ਨੇਵਾਡਾ ਸਟੇਟ ਦੇ ਸ਼ਹਿਰ ਲਾਸ ਵੇਗਾਸ ਵਿੱਚ ਇਮਾਨੂਏਲ ਮਾਈਕ ਆਗਾਸੀ ਦੇ ਘਰ ਐਲਜ਼ਾਬੈੱਥ ਬੈਟੀ ਅਗਾਸੀ ਦੀ ਕੁੱਖੋਂ ਹੋਇਆ ਸੀ। ਉਹਦਾ ਪਿਤਾ ਮਾਈਕ ਅਗਾਸੀ ਸਾਬਕਾ ਓਲੰਪਿਕ ਬੌਕਸਰ ਸੀ ਤੇ ਮਾਂ ‘ਬੈਟੀ’ ਸਟਾਫ ਨਰਸ ਸੀ। ਉਨ੍ਹਾਂ ਦੇ ਵੱਡ ਵਡੇਰੇ ਆਰਮੀਨੀਅਨ ਅਸੀਰੀਅਨ ਇਰਾਨੀ ਮੂਲ ਦੇ ਸਨ। ਮਾਈਕ ਤੇ ਬੈਟੀ 1959 ਵਿੱਚ ਸ਼ਿਕਾਗੋ ਵਿਖੇ ਡੇਟਿੰਗ ਕਰਨ ਉਪਰੰਤ ਉਸੇ ਸਾਲ ਲਾਸ ਵੇਗਾਸ ਆ ਗਏ ਸਨ। ਉੱਥੇ ਉਨ੍ਹਾਂ ਦੇ ਚਾਰ ਬੱਚੇ ਪੈਦਾ ਹੋਏ। ਆਂਦਰੇ ਸਭ ਤੋਂ ਛੋਟਾ ਹੈ। ਪਿਤਾ ਨੇ ਬੌਕਸਰ ਹੋਣ ਦੇ ਬਾਵਜੂਦ ਆਪਣੇ ਪੁੱਤਰ ਨੂੰ ਬੌਕਸਿੰਗ ਦੀ ਥਾਂ ਟੈਨਿਸ ਦੀ ਖੇਡ ’ਚ ਪਾਉਣਾ ਬਿਹਤਰ ਸਮਝਿਆ।
ਆਂਦਰੇ ਦੀ ਟੈਨਿਸ ਖੇਡਣ ਵਿੱਚ ਰੁਚੀ ਨਹੀਂ ਸੀ। ਸਖ਼ਤ ਮਿਜ਼ਾਜ ਬਾਪ ਵੱਲੋਂ ਮਿਲਦੀ ਸਿਖਲਾਈ ਉਸ ਨੂੰ ਸਖ਼ਤ ਸਜ਼ਾ ਜਾਪਦੀ। ਬੇਟਾ ਟਾਲ਼ਾ ਵੱਟਦਾ ਤਾਂ ਬਾਪ ਹੋਰ ਸਖ਼ਤੀ ਕਰਦਾ। ਉਹ ਜ਼ਿੱਦੀ ਕਿਸਮ ਦਾ ਬੰਦਾ ਸੀ ਜਿਹੜਾ ਪਰਿਵਾਰ ਵਿੱਚ ਫੌਜੀ ਅਨੁਸ਼ਾਸਨ ਲਾਗੂ ਕਰਦਾ ਰਹਿੰਦਾ। ਉਸ ਨੇ ਆਂਦਰੇ ਨੂੰ ਬਚਪਨ ਤੋਂ ਹੀ ਚੰਡਣਾ ਸ਼ੁਰੂ ਕਰ ਦਿੱਤਾ ਸੀ। ਉਹ ਦੋ ਢਾਈ ਸਾਲਾਂ ਦਾ ਸੀ ਜਦੋਂ ਗੇਂਦ ਨਾਲ ਸਰਵਿਸ ਕਰਨ ਲੱਗ ਪਿਆ। ਅਜੇ ਉਹ ਬਾਰਾਂ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਬਾਪ ਉਹਤੋਂ ਦਿਹਾੜੀ ’ਚ ਘੱਟੋ-ਘੱਟ 2500 ਬਾਲਾਂ ਦੀ ਸਰਵਿਸ ਕਰਵਾਉਂਦਾ ਜੋ ਆਂਦਰੇ ਹੰਭ-ਹੁੱਟ ਕੇ ਬੜੀ ਮੁਸ਼ਕਿਲ ਨਾਲ ਪੂਰੀ ਕਰਦਾ। ਐਸੀ ਪ੍ਰੈਕਟਿਸ ਨੇ ਆਂਦਰੇ ਨੂੰ ਟੈਨਿਸ ਨਾਲ ਨਫ਼ਰਤ ਕਰਵਾ ਦਿੱਤੀ ਸੀ, ਪਰ ਉਹਦੀ ਬਾਪ ਅੱਗੇ ਕੋਈ ਪੇਸ਼ ਨਹੀਂ ਸੀ ਜਾਂਦੀ।
13 ਸਾਲ ਦੀ ਕਿਸ਼ੋਰ ਉਮਰੇ ਆਂਦਰੇ ਨੂੰ ਕੋਚ ਨਿਕ ਬੋਲਟੇਰੀ ਦੀ ਫਲੋਰੀਡਾ ਦੇ ਸ਼ਹਿਰ ਬ੍ਰੈਡੈਂਟਨ ਵਿਖੇ ਸਥਾਪਿਤ ਕੀਤੀ ਅਕੈਡਮੀ ’ਚ ਭੇਜ ਦਿੱਤਾ ਗਿਆ। ਉੱਥੇ ਘਰ ਦੇ ਕੋਰਟ ਤੋਂ ਵੀ ਵੱਧ ਸਖ਼ਤ ਸਿਖਲਾਈ ਹੁੰਦੀ ਸੀ। ਉਹ ਅਕੈਡਮੀ ਉਸ ਨੂੰ ਜੇਲ੍ਹ ਵਰਗੀ ਲੱਗਦੀ। ਆਂਦਰੇ ਨੇ ਲਿਖਿਆ ਕਿ ਉੱਥੇ ਉਹ ਆਪਣੇ ਜੀਵਨ ਦੇ ਸਭ ਤੋਂ ਔਖੇ ਦਿਨਾਂ ’ਚੋਂ ਗੁਜ਼ਰਿਆ। ਉੱਥੋਂ ਉਸ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਭੱਜ ਨਾ ਸਕਿਆ। ਅੱਗੋਂ ਬਾਪ ਦਾ ਡਰ ਸੀ। ਸਿੱਟੇ ਵਜੋਂ ਉੱਥੇ ਉਹ ਕਮਾਲ ਦੀ ਸੇਵਿੰਗ, ਐਗ੍ਰੈਸਿਵ ਗੇਮ ਅਤੇ ਰਿਟਰਨ ਆਫ਼ ਸਰਵਿਸ ਦਾ ਬਾਦਸ਼ਾਹ ਬਣ ਗਿਆ ਤੇ ਅਕੈਡਮੀ ’ਚੋਂ ਪ੍ਰੋਫੈਸ਼ਨਲ ਖਿਡਾਰੀ ਬਣ ਕੇ ਨਿਕਲਿਆ।
ਆਂਦਰੇ ਨੇ 16 ਸਾਲ ਦੀ ਉਮਰੇ 1986 ਵਿੱਚ ਪੇਸ਼ਾਵਰ ਟੈਨਿਸ ਦੀ ਦੁਨੀਆ ’ਚ ਪਹਿਲਾ ਕਦਮ ਰੱਖਿਆ। ਅੱਗੇ ਸਖ਼ਤ ਤੋਂ ਸਖ਼ਤ ਮੁਕਾਬਲਿਆਂ ਦਾ ਪੈਂਡਾ ਸੀ। ਉਹ ਉਚਾਣਾਂ ਨਿਵਾਣਾਂ ਵਿੱਚ ਦੀ ਲੰਘਦਾ ਅੱਗੇ ਤੋਂ ਅੱਗੇ ਵਧਦਾ ਗਿਆ। 1987 ਦੇ ਮੁੱਕਣ ਤੱਕ ਉਹ ਦਰਸ਼ਕਾਂ ਦਾ ਪਸੰਦੀਦਾ ਖਿਡਾਰੀ ਬਣ ਗਿਆ। ਉਸ ਦੇ ਗੋਰੇ ਨਿਸ਼ੋਹ ਰੰਗ, ਤਿੱਖੇ ਨੈਣ ਨਕਸ਼, ਬਲੌਰੀ ਅੱਖਾਂ, ਨਵੇਂ ਫੈਸ਼ਨੀ ਕੱਪੜੇ, ਲੰਮੇ ਮਸਨੂਈ ਵਾਲ ਤੇ ਰੀਬੌਕ ਬੂਟਾਂ ਨੇ ਟੈਨਿਸ ਦੀ ਪਰੰਪਰਾਵਾਦੀ ਦੁਨੀਆ ਵਿੱਚ ਨਵੀ ਹਲਚਲ ਛੇੜ ਦਿੱਤੀ। 1987 ਵਿੱਚ ਉਸ ਨੇ ਪਹਿਲਾ ਪ੍ਰੋਫੈਸ਼ਨਲ ਟੂਰਨਾਮੈਂਟ ਤੇ 1988 ਵਿੱਚ 6 ਹੋਰ ਪ੍ਰੋਫੈਸ਼ਨਲ ਟੂਰਨਾਮੈਂਟ ਜਿੱਤੇ, ਪਰ 1989 ਵਿੱਚ ਉਹ ਕਿਤੇ ਵੀ ਨਾ ਰੜਕਿਆ। 1990-91 ਵਿੱਚ ਉਹ ਤਿੰਨ ਫਾਈਨਲ ਖੇਡਿਆ ਤੇ ਤਿੰਨੇ ਗ੍ਰੈਂਡ ਸਲੈਮ ਹਾਰਿਆ। 1992-93 ਫਿਰ ਖਾਲੀ ਹੱਥ ਰਿਹਾ। 1994 ਵਿੱਚ ਉਹਦੇ ਕੋਚ ਨਿੱਕ ਬੋਲਟੇਰੀ ਨੇ ਉਸ ਤੋਂ ਮੁੱਖ ਮੋੜ ਲਿਆ। ਆਂਦਰੇ ਨੇ ਫਿਰ ਬ੍ਰਾਡ ਗਿਲਬਰਟ ਨੂੰ ਆਪਣਾ ਨਵਾਂ ਗੁਰੂ ਧਾਰ ਲਿਆ। 1995 ’ਚ ਉਸ ਨੇ ਆਸਟਰੇਲੀਅਨ ਓਪਨ ਦਾ ਫਾਈਨਲ ਜਿੱਤਿਆ ਤਾਂ ਉਸ ਦੀ ਗੁੱਡੀ ਐਸੀ ਚੜ੍ਹੀ ਕਿ 1996 ’ਚ ਐਟਲਾਂਟਾ ਓਲੰਪਿਕਸ ਵਿੱਚੋਂ ਵੀ ਉਹ ਸਿੰਗਲਜ਼ ਦਾ ਗੋਲਡ ਮੈਡਲ ਜਿੱਤ ਗਿਆ।
ਆਪਣੀ ਸਵੈਜੀਵਨੀ ਵਿੱਚ ਉਸ ਨੇ ਭੇਤ ਖੋਲ੍ਹੇ ਕਿ ਕਿਵੇਂ ਉਸ ਨੇ ਦੋ ਵਿਆਹ ਕਰਵਾਏ। ਓਲੰਪਿਕ ਚੈਂਪੀਅਨ ਬਣਨ ਪਿੱਛੋਂ 1997 ਵਿੱਚ ਉਹਦਾ ਪਹਿਲਾ ਵਿਆਹ ਅਭਿਨੇਤਰੀ ਬਰੁੱਕ ਸ਼ੀਲਡਜ਼ ਨਾਲ ਹੋਇਆ। ਉਹ ਚੋਟੀ ਦੀ ਅਭਿਨੇਤਰੀ ਸੀ ਤੇ ਚੋਟੀ ਦੇ ਟੈਨਿਸ ਸਟਾਰ ਆਂਦਰੇ ਤੋਂ ਪੰਜ ਸਾਲ ਵੱਡੀ ਸੀ। ਜੋੜੀ ਜਚਦੀ ਤਾਂ ਬੜੀ ਸੀ, ਪਰ ਉਹ ਵਿਆਹ ਚਾਰ ਦਿਨਾਂ ਦੀ ਚਾਂਦਨੀ, ਫਿਰ ਹਨੇਰੀ ਰਾਤ ਵਾਂਗ ਅਪਰੈਲ 1999 ’ਚ ਤੋੜ ਵਿਛੋੜੇ ਦੇ ਲੇਖੇ ਲੱਗ ਗਿਆ। ਬਾਲ-ਬੱਚਾ ਅਜੇ ਕੋਈ ਨਹੀਂ ਸੀ ਹੋਇਆ। ਅਭਿਨੇਤਰੀ ਨੇ ਤਲਾਕ ਲੈ ਕੇ ਦੂਜਾ ਵਿਆਹ ਕਰਵਾ ਲਿਆ। ਉਸ ਵਿਆਹ ਦੇ ਬਾਲ ਬੱਚੇ ਹੋਏ ਜੋ ਹੁਣ ਜੁਆਨ ਹਨ।
ਫਿਲਮੀ ਅਭਿਨੇਤਰੀ ਨਾਲ ਵਿਆਹ ਕਰਾ ਕੇ ਆਂਦਰੇ ਕਈ ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਸੀ। ਵਿਆਹ ਦੇ ਦੋ ਸਾਲ ਡਿਪ੍ਰੈਸ਼ਨ ਵਿੱਚ ਬੀਤੇ। ਵਿਆਹ ਟੁੱਟਣ ਦਾ ਕਾਰਨ ਉਹਦੇ ਮੈਕੀ ਨਸ਼ੇ ਹੀ ਬਣੇ। ਜਿਵੇਂ ਕਿਵੇਂ ਉਸ ਨੇ ਨਸ਼ਿਆਂ ਤੋਂ ਛੁਟਕਾਰਾ ਪਾਇਆ ਤੇ ਮੁੜ ਟੈਨਿਸ ਲਈ ਜੁੱਸਾ ਫਿੱਟ ਰੱਖਣ ਦੇ ਰਾਹ ਪੈ ਗਿਆ। ਤਦੇ ਤਾਂ ਕਿਹਾ ਜਾਂਦੈ ਕਿ ਉਹਦੀ ਸ਼ਖ਼ਸੀਅਤ ਦੀਆਂ ਕਈ ਪਰਤਾਂ ਹਨ। ਪਹਿਲਾਂ ਚਾਨਣ ’ਚੋਂ ਹਨੇਰੇ ’ਚ ਗੁਆਚਣਾ, ਫਿਰ ਹਨੇਰੇ ’ਚੋਂ ਮੁੜ ਚਾਨਣ ਵੱਲ ਵਧਣਾ। ਨਸ਼ਿਆਂ ਨਾਲ ਡਿਪ੍ਰੈਸ਼ਨ ’ਚ ਗਿਆ ਉਹੀ ਆਂਦਰੇ ਫਿਰ ਨਸ਼ੇ ਤੇ ਵਿਆਹ ਦੇ ਖਲਜਗਣ ’ਚੋਂ ਨਿਕਲ ਗਿਆ। 1999 ’ਚ ਉਸ ਨੇ ਫਰੈਂਚ ਓਪਨ ਦੀ ਜਿੱਤ ਸਮੇਤ ਟੈਨਿਸ ਦੇ ਚਾਰੇ ਗ੍ਰੈਂਡ ਸਲੈਮ ਹੀ ਆਪਣੇ ਨਾਂ ਕਰ ਲਏ।
ਜਦੋਂ ਫਿਲਮ ਅਭਿਨੇਤਰੀ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਟੈਨਿਸ ਦੇ ਅਸਤਰ ਆਂਦਰੇ ਦਾ ਝੁਕਾਅ ਟੈਨਿਸ ਦੀ ਮਲਿਕਾ ਸਟੈਫੀ ਗ੍ਰਾਫ ਵੱਲ ਹੋ ਗਿਆ। ਉਹ ਟੈਨਿਸ ਦੇ ਟੂਰਨਾਮੈਂਟਾਂ ’ਚ ਜਾਂਦੇ ਆਉਂਦੇ ਇੱਕ ਦੂਜੇ ਨੂੰ ਹੈਲੋ-ਹਾਏ ਤਾਂ ਪਹਿਲਾਂ ਹੀ ਕਹਿੰਦੇ ਸਨ, ਪਰ ਉਨ੍ਹਾਂ ਵਿਚਕਾਰ ਡੇਟਿੰਗ 1999 ਦੇ ਅਖ਼ੀਰ ਵਿੱਚ ਸ਼ੁਰੂ ਹੋਈ। ਪੱਛਮੀ ਮੁਲਕਾਂ ਵਿੱਚ ਡੇਟਿੰਗ ਨੂੰ ਜਾਂਚਣ ਪਰਖਣ ਦਾ ਸਮਾਂ ਸਮਝਿਆ ਜਾਂਦੈ। ਉਦੋਂ ਤੱਕ ਆਂਦਰੇ ਦੀ ਉਮਰ 31 ਸਾਲ ਦੀ ਹੋ ਗਈ ਸੀ ਤੇ ਸਟੈਫੀ ਦੀ 32 ਸਾਲ। ਸਟੈਫੀ ਗ੍ਰਾਫ ਦਾ ਪਹਿਲਾ ਤੇ ਅਗਾਸੀ ਦਾ ਇਹ ਦੂਜਾ ਵਿਆਹ 23 ਅਕਤੂਬਰ 2001 ਨੂੰ ਉਨ੍ਹਾਂ ਦੇ ਘਰ ’ਚ ਹੀ ਹੋਇਆ। ਵਿਆਹ ਦੀ ਗਵਾਹੀ ਦੋਹਾਂ ਦੀਆਂ ਮਾਵਾਂ ਨੇ ਪਾਈ। ਉਨ੍ਹਾਂ ਦਾ ਪਹਿਲਾ ਬੱਚਾ 26 ਅਕਤੂਬਰ 2001 ਨੂੰ ਲਾਸ ਵੇਗਾਸ ਦੇ ਹਸਪਤਾਲ ਵਿੱਚ ਹੋਇਆ। ਉਹਦਾ ਨਾਂ ਜੇਡਨ ਗਿਲ ਅਗਾਸੀ ਰੱਖਿਆ ਗਿਆ ਜੋ ਮਾਪਿਆਂ ਵਾਂਗ ਹੀ ਬੜਾ ਸੋਹਣਾ ਸੁਨੱਖਾ ਨਿਕਲਿਆ। ਉਹਦੀ ਭੈਣ ਜੈਜ਼ ਐਲੀ ਅਗਾਸੀ ਵੀ ਭਰਾ ਵਾਂਗ ਬੇਹੱਦ ਖ਼ੂਬਸੂਰਤ ਹੈ। ਜੇਡਨ ਬੇਸਬਾਲ ਦਾ ਵਧੀਆ ਖਿਡਾਰੀ ਹੈ ਤੇ ਜੈਜ਼ ਡਾਂਸਰ ਹੋਣ ਦੇ ਨਾਲ ਘੋੜ ਸਵਾਰੀ ਦੀ ਸ਼ੌਕੀਨ ਹੈ।
ਆਂਦਰੇ-ਸਟੈਫੀ ਜੋੜੇ ਨੇ ਆਪਣੇ ਦੋਵੇਂ ਬੱਚੇ ਬੜੀਆਂ ਰੀਝਾਂ ਨਾਲ ਪਾਲੇ ਜੋ ਹੁਣ ਜੁਆਨ ਹਨ।
ਆਂਦਰੇ 2000 ਵਿੱਚ ਕੋਈ ਵੱਡਾ ਟਾਈਟਲ ਨਾ ਜਿੱਤ ਸਕਿਆ। 2001 ਵਿੱਚ ਉਹ ਆਸਟਰੇਲੀਅਨ ਓਪਨ ’ਚ ਤੀਜੇ ਥਾਂ ਰਿਹਾ। 2002 ’ਚ ਉਸ ਨੂੰ ਗੁੱਟ ਦੀ ਚੋਟ ਲੈ ਬੈਠੀ। 2003 ਵਿੱਚ ਉਸ ਨੇ ਚੌਥੀ ਆਸਟਰੇਲੀਅਨ ਓਪਨ ਚੈਂਪੀਅਨਸ਼ਿਪ ਜਿੱਤ ਲਈ। 2005 ’ਚ ਯੂਐੱਸ ਓਪਨ ਦਾ ਫਾਈਨਲ ਉਹ ਰੌਜਰ ਫੈਡਰਰ ਹੱਥੋਂ ਹਾਰ ਗਿਆ। 2006 ਵਿੱਚ ਯੂਐੱਸ ਓਪਨ ਖੇਡਣ ਪਿੱਛੋਂ ਉਹ ਮੁਕਾਬਲੇ ਦੀ ਖੇਡ ’ਚੋਂ ਬਾਹਰ ਹੋ ਗਿਆ। ਰਿਟਾਇਰ ਹੋਣ ਸਮੇਂ ਵਿਸ਼ਵ ਭਰ ’ਚ ਉਹਦਾ 10ਵਾਂ ਰੈਂਕ ਸੀ।
2011 ਵਿੱਚ ਉਸ ਦਾ ਨਾਂ ਇੰਟਰਨੈਸ਼ਨਲ ਟੈਨਿਸ ਹਾਲ ਔਫ ਫੇਮ ਵਿੱਚ ਸ਼ਾਮਿਲ ਕੀਤਾ ਗਿਆ। 2017-18 ਵਿੱਚ ਉਸ ਨੇ ਨੋਵਾਕ ਜੋਕੋਵਿਕ ਨੂੰ ਗੁਰੂ ਧਾਰ ਕੇ ਟੈਨਿਸ ਤੋਂ ਪੱਕੀ ਛੁੱਟੀ ਕਰ ਲਈ ਅਤੇ ਸ਼ੌਕ ਵਜੋਂ ਟੈਨਿਸ ਵਰਗੀ ਖੇਡ ਪਿੱਕਬਾਲ ਖੇਡਣ ਲੱਗ ਪਿਆ। ਪਿੱਕਬਾਲ ਦਾ ਗਰਾਊਂਡ ਟੈਨਿਸ ਦੇ ਗਰਾਊਂਡ ਤੋਂ ਆਕਾਰ ਵਿੱਚ ਕੁੱਝ ਛੋਟਾ ਹੁੰਦਾ ਹੈ। ਰੈਕਿਟ ਟੇਬਲ ਟੈਨਿਸ ਦੇ ਰੈਕਿਟ ਵਰਗਾ, ਪਰ ਆਕਾਰ ਵਿੱਚ ਉਸ ਤੋਂ ਵੱਡਾ ਹੁੰਦਾ ਹੈ। ਬਾਲ ਪਲਾਸਟਿਕ ਦੀ ਹੁੰਦੀ ਹੈ, ਪਰ ਟੇਬਲ ਟੈਨਿਸ ਦੀ ਬਾਲ ਤੋਂ ਵੱਡੀ ਹੁੰਦੀ ਹੈ।
ਆਪਣੀ ਆਤਮ ਕਥਾ ‘ਓਪਨ: ਐਨ ਆਟੋਗਰਾਫੀ’ ਵਿੱਚ ਉਸ ਨੇ ਲਿਖਿਆ ਕਿ 1997 ਵਿੱਚ ਉਹ ਡਰੱਗ ਦੇ ਨਸ਼ੇ ਵਿੱਚ ਖਚਤ ਹੋ ਗਿਆ ਸੀ ਜਿਸ ਦੇ ਫਲਸਰੂਪ ਉਪਰਾਮਤਾ ਵਿੱਚ ਚਲਾ ਗਿਆ ਸੀ। ਡਿਪ੍ਰੈਸ਼ਨ ਵਿੱਚ ਉਹ ਇੱਥੋਂ ਤੱਕ ਲਿਖ ਗਿਆ, “ਮੈਂ ਟੈਨਿਸ ਨੂੰ ਨਫ਼ਰਤ ਕਰਦਾ ਹਾਂ।” ਉਹ ਅਕਸਰ ਕਹਿੰਦਾ ਰਿਹਾ ਕਿ ਉਹ ਆਪਣੇ ਪਿਤਾ ਦੀ ਸਖ਼ਤੀ ਕਰਕੇ ਟੈਨਿਸ ਖੇਡ ਰਿਹਾ ਸੀ ਨਾ ਕਿ ਆਪਣੇ ਮਨ ਨਾਲ। ਆਤਮ ਕਥਾ ਵਿੱਚ ਉਸ ਨੇ ਆਪਣੀਆਂ ਕਮਜ਼ੋਰੀਆਂ ਮੰਨਣ ’ਚ ਕੋਈ ਝਿਜਕ ਨਹੀਂ ਵਿਖਾਈ। ਇਹ ਵੀ ਦੱਸ ਦਿੱਤਾ ਕਿ ਉਸ ਦੀ ਮਾਤਾ-ਪਿਤਾ ਨਾਲ ਰੂਹਾਨੀ ਦੂਰੀ ਸੀ ਅਤੇ ਉਹ ਮਾਨਸਿਕ ਗੁੰਝਲਾਂ ਨਾਲ ਲੜ ਰਿਹਾ ਸੀ।
ਸ਼ਾਇਦ ਇਹੋ ਕਾਰਨ ਹੈ ਕਿ ਆਂਦਰੇ ਤੇ ਸਟੈਫੀ ਨੇ ਆਪਣੇ ਦੋਹਾਂ ਬੱਚਿਆਂ ਨੂੰ ਮੱਲੋ-ਮੱਲੀ ਟੈਨਿਸ ਦੀ ਖੇਡ ਵਿੱਚ ਨਹੀਂ ਪਾਇਆ ਅਤੇ ਆਪਣੀ ਮਨ ਮਰਜ਼ੀ ਦੀ ਖੇਡ ਚੁਣਨ ਦਿੱਤਾ। ਆਂਦਰੇ ਨੇ ਵਿਆਹ ਕਰਾਉਣ ਤੋਂ ਪਹਿਲਾਂ ਹੀ ‘ਆਂਦਰੇ ਅਗਾਸੀ ਫਾਊਂਡੇਸ਼ਨ ਫਾਰ ਐਜੂਕੇਸ਼ਨ’ ਸ਼ੁਰੂ ਕਰ ਦਿੱਤੀ ਸੀ। ਫਿਰ ਆਂਦਰੇ-ਸਟੈਫੀ ਦੀ ਜੋੜੀ ਨੇ ਲਾਸ ਵੇਗਾਸ ਵਿੱਚ ਇੱਕ ਚਾਰਟਰ ਸਕੂਲ ਸ਼ੁਰੂ ਕੀਤਾ ਜੋ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੰਦਾ ਹੈ। ਆਂਦਰੇ ਮੰਨਦਾ ਹੈ, “ਸਿੱਖਿਆ ਇੱਕ ਐਸਾ ਹਥਿਆਰ ਹੈ ਜਿਸ ਨਾਲ ਤੁਸੀਂ ਹਰੇਕ ਬੱਚੇ ਦੇ ਸੁੱਤੇ ਭਾਗ ਜਗਾ ਸਕਦੇ ਹੋ।”
ਆਂਦਰੇ ਦੀ ਸ਼ਖ਼ਸੀਅਤ ਦੇ ਦਿਲਚਸਪ ਪਹਿਲੂਆਂ ਵਿੱਚ ਇਹ ਤੱਥ ਵੀ ਸ਼ਾਮਿਲ ਹੈ ਕਿ ਉਸ ਨੇ ਫੈਸ਼ਨਵੱਸ ਆਪਣਾ ਸਿਰ ਘੋਨ ਮੋਨ ਨਹੀਂ ਸੀ ਕਰਵਾਇਆ। ਉਹ ਉਂਜ ਹੀ ਚੜ੍ਹਦੀ ਜੁਆਨੀ ’ਚ ਗੰਜਾ ਹੋ ਗਿਆ ਸੀ, ਪਰ ਲੋਕ ਸਮਝਦੇ ਰਹੇ, ਉਹ ਜਾਣ ਬੁੱਝ ਕੇ ਸਫਾ-ਚੱਟ ਕੀਤੇ ਸਿਰ ਨਾਲ ਖੇਡਦਾ ਸੀ ਤਾਂ ਕਿ ਦਰਸ਼ਕਾਂ ਦਾ ਧਿਆਨ ਉਹਦੇ ਲਾਟੂ ਵਾਂਗ ਜਗਦੇ ਸਿਰ ਵੱਲ ਹੀ ਰਹੇ। ਇਹ ਸਹੀ ਹੈ ਕਿ ਜੋ ਹੋਰਨਾਂ ਤੋਂ ਨਿਆਰਾ ਦਿਸੇ ਉਹ ਧਿਆਨ ਖਿੱਚਦਾ ਹੀ ਹੈ। ਦੂਜਾ ਪਹਿਲੂ ਇਹ ਸੀ ਕਿ ਉਹ ਆਪਣੇ ਮੈਚ ਸਮੇਂ ਚੀਨਿਆਂ ਤੇ ਜੈਜ਼ ਦਾ ਮਿਊਜ਼ਕ ਚਲਾਉਣਾ ਪਸੰਦ ਕਰਦਾ ਸੀ। ਆਪਣੇ ਦੋਸਤਾਂ ਵਿੱਚ ਉਹ ‘ਦਿ ਪੁਨਿਸ਼ਰ’ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
ਬੀਬੀਸੀ ਨੇ ਆਂਦਰੇ ਅਗਾਸੀ ਨੂੰ 1992 ਦੀ ‘ਓਵਰਸੀਜ਼ ਸਪੋਰਟਸ ਪਰਸਨੈਲਟੀ ਆਫ਼ ਦਾ ਯੀਅਰ’ ਐਲਾਨਿਆ ਸੀ ਤੇ ਸਪੋਰਟਸ ਇਲੱਸਟ੍ਰੇਟਿਡ ਨੇ ਸਰਬ ਸਮਿਆਂ ਦਾ 7ਵਾਂ ਸਰਬੋਤਮ ਪੁਰਸ਼ ਖਿਡਾਰੀ ਕਿਹਾ ਸੀ। ਉਸ ਦਾ ਨਾਂ 9 ਜੁਲਾਈ 2011 ਨੂੰ ਇੰਟਰਨੈਸ਼ਨਲ ਹਾਲ ਆਫ਼ ਫੇਮ ਵਿੱਚ ਫਰੇਮ ਕੀਤਾ ਗਿਆ ਸੀ। ਆਂਦਰੇ ਅਗਾਸੀ ਇੱਕ ਐਸਾ ਅਦਾਕਾਰ ਖਿਡਾਰੀ ਹੈ ਜੋ ਆਪਣੀ ਖੇਡ ਨਾਲ ਹੀ ਨਹੀਂ ਸਗੋਂ ਆਪਣੀ ਆਤਮਿਕ ਯਾਤਰਾ ਨਾਲ ਵੀ ਜੁੜਿਆ ਆ ਰਿਹੈ। ਜਿੱਥੇ ਉਸ ਨੇ ਓਲੰਪਿਕ ਖੇਡਾਂ ਦਾ ਗੋਲਡ ਮੈਡਲ, 8 ਗ੍ਰੈਂਡ ਸਲੈਮ ਤੇ 60 ਹੋਰ ਖ਼ਿਤਾਬ ਜਿੱਤੇ, ਉੱਥੇ ਲੱਖਾਂ ਲੋਕਾਂ ਦੇ ਦਿਲ ਵੀ ਜਿੱਤੇ। ਉਹ ਵਰ੍ਹਿਆਂ-ਬੱਧੀ ਨੌਜਵਾਨ ਖਿਡਾਰੀਆਂ ਦਾ ਪ੍ਰੇਰਨਾ ਸਰੋਤ ਬਣਿਆ ਰਿਹਾ। ਉਸ ਦੀ ਜੀਵਨ ਕਹਾਣੀ ਦੱਸਦੀ ਹੈ ਕਿ ਜਿੱਤ ਸਿਰਫ਼ ਕੱਪ ਜਿੱਤਣ ਤੱਕ ਹੀ ਸੀਮਤ ਨਹੀਂ ਹੁੰਦੀ, ਸਗੋਂ ਉਹ ਸੰਘਰਸ਼ਮਈ ਯਾਤਰਾ ਹੈ ਜਿਸ ਵਿੱਚ ਅਸੀਂ ਆਪਣੇ ਆਪ ਨੂੰ ਪਛਾਣਦੇ ਹਾਂ। ਆਂਦਰੇ ਦੀ ਖੇਡ, ਹਾਰਾਂ ਤੇ ਜਿੱਤਾਂ, ਉਹਦੀ ਆਤਮ ਕਥਾ ਅਤੇ ਚੈਰਿਟੀ ਦੇ ਕਾਰਜ ਦੇਰ ਤੱਕ ਦਿਲਾਂ ਨੂੰ ਟੁੰਬਦੇ ਰਹਿਣਗੇ।
ਈ-ਮੇਲ: principalsarwansingh@gmail.com

Advertisement
Author Image

Balwinder Kaur

View all posts

Advertisement