ਟੈਂਪੂ ਪਲਟਣ ਨਾਲ ਸੱਤ ਨਰੇਗਾ ਮਜ਼ਦੂਰ ਜ਼ਖ਼ਮੀ
ਜਸਵੰਤ ਜੱਸ
ਫ਼ਰੀਦਕੋਟ, 30 ਨਵੰਬਰ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਨਜ਼ਦੀਕ ਕੰਮ ’ਤੇ ਜਾਂਦੇ ਹੋਏ ਮਨਰੇਗਾ ਮਜ਼ਦੂਰਾਂ ਦਾ ਵਾਹਨ ਹਾਦਸਾਗ੍ਰਸਤ ਹੋ ਗਿਆ ਜਿਸ ਨਾਲ 7 ਮਜ਼ਦੂਰਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਹੋਏ ਮਜ਼ਦੂਰਾਂ ਵਿੱਚ ਸੁਖਬੀਰ ਕੌਰ, ਮਮਤਾ ਕੌਰ, ਗੁਰਦੀਪ ਸਿੰਘ, ਦਰਸ਼ਨ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਜਸਵੀਰ ਕੌਰ ਆਦਿ ਸ਼ਾਮਲ ਹਨ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਗੋਰਾ ਸਿੰਘ ਪਿੱਪਲੀ, ਪੱਪੀ ਸਿੰਘ ਅਤੇ ਭਿੰਦਾ ਸਿੰਘ ਔਲਖ ਨੇ ਦੱਸਿਆ ਕਿ ਪਿੰਡ ਔਲਖ ਦੇ ਨਰੇਗਾ ਮਜ਼ਦੂਰ ਜੋ ਹਾਜ਼ਰੀ ਲਗਵਾਉਣ ਲਈ ਲੋਕੇਸ਼ਨ ’ਤੇ ਪਹੁੰਚ ਰਹੇ ਸਨ ਤਾਂ ਉਨ੍ਹਾਂ ਦਾ ਟੈਂਪੂ ਰਸਤਾ ਖਰਾਬ ਹੋਣ ਕਾਰਨ ਪਲਟ ਗਿਆ, ਜਿਸ ਨਾਲ ਸੱਤ ਮਜ਼ਦੂਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਕਈਆਂ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ। ਨਰੇਗਾ ਮਜ਼ਦੂਰਾਂ ਦੀ ਮੇਟ ਰੁਪਿੰਦਰ ਕੌਰ ਔਲਖ ਨੇ ਦੱਸਿਆ ਕਿ ਮਜ਼ਦੂਰਾਂ ਹਾਜ਼ਰੀ ਹੋਰ ਜਗ੍ਹਾ ਲੱਗਦੀ ਹੈ ਤੇ ਕੰਮ ਹੋਰ ਜਗ੍ਹਾ ਕੀਤਾ ਜਾਂਦਾ ਹੈ ਕਿਉਂਕਿ ਸਰਕਾਰ ਵੱਲੋਂ ਹਾਜ਼ਰੀ ਲਈ ਕੋਈ ਲੋਕੇਸ਼ਨ ਸਿਸਟਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਜ਼ਰੀ ਤੇ ਲੋਕੇਸ਼ਨ ਦੀ ਸਮੱਸਿਆ ਦਾ ਯੂਨੀਅਨ ਬੜੀ ਦੇਰ ਤੋਂ ਇਤਰਾਜ਼ ਕਰ ਰਹੀ ਹੈ ਅਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਵੀ ਇਸ ਸਮੱਸਿਆ ਦੇ ਹੱਲ ਲਈ ਬੇਨਤੀ ਕਰ ਚੁੱਕੀ ਹੈ ਪਰ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ। ਮਜ਼ਦੂਰਾਂ ਨੇ ਦੱਸਿਆ ਕਿ ਦਿਹਾੜੀ ਵਿੱਚ ਦੋ ਵਾਰ ਹਾਜ਼ਾਰੀ ਲਗਵਾਉਣ ਲਈ ਮਜ਼ਦੂਰਾਂ ਨੂੰ ਕੰਮ ਵਾਲੀ ਥਾਂ ਤੋਂ ਦੂਰ ਦੁਰਾਡੇ ਜਾਣਾ ਪੈਂਦਾ ਹੈ, ਜਿਸ ਕਾਰਨ ਬਜ਼ੁਰਗ ਅਤੇ ਪੈਦਲ ਜਾਣ ਵਾਲੇ ਮਜ਼ਦੂਰਾਂ ਵਰਕਰਾਂ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਅਤੇ ਕਈ ਉਨ੍ਹਾਂ ਨੂੰ ਪ੍ਰਾਈਵੇਟ ਵਾਹਨ ਰਾਹੀਂ ਜਾਣਾ ਪੈਂਦਾ ਹੈ। ਉਹਨਾਂ ਮੰਗ ਕੀਤੀ ਕਿ ਜ਼ਖਮੀ ਹੋਏ ਨਰੇਗਾ ਮਜ਼ਦੂਰਾਂ ਨੂੰ ਸਰਕਾਰ ਯੋਗ ਮੁਆਵਜ਼ਾ ਦੇਵੇ ਅਤੇ ਉਨ੍ਹਾਂ ਦੀ ਨਰੇਗਾ ਪ੍ਰਾਜੈਕਟ ਵਿੱਚ ਹਾਜਰੀ ਚਾਲੂ ਰੱਖੀ ਜਾਵੇ।