ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਸੰਘਰਸ਼ ਜਨ ਅੰਦੋਲਨ ’ਚ ਤਬਦੀਲ

ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਸ਼ਹਿਰੀ।

ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਕਤੂਬਰ
ਇੱਥੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਸ਼ੁਰੂ ਹੋਇਆ ਸੰਘਰਸ਼ ਜਨ ਅੰਦੋਲਨ ’ਚ ਤਬਦੀਲ ਹੋ ਗਿਆ ਹੈ। ਦੁਕਾਨਦਾਰਾਂ ਅਤੇ ਸ਼ਹਿਰੀਆਂ ਨੇ ਰਾਜਪੁਰਸ਼ ਕਾਰ ਵਿਜੇਤਾ ਸੰਸਥਾ ਐਂਟੀ ਕੁਰੱਪਸ਼ਨ ਅਵੇਰਨੈੱਸ ਆਰਗੇਨਾਈਜ਼ੇਸ਼ਨ ਅਤੇ ਸੋਹਣਾ ਮੋਗਾ ਸੁਸਾਇਟੀ ਦੇ ਬੈਨਰ ਹੇਠ ਮੁੱਖ ਬਾਜ਼ਾਰ ਤੇ ਹੋਰ ਟੁੱਟੀਆਂ ਸੜਕਾਂ ਦੀ ਲੰਮੇ ਸਮੇਂ ਤੋਂ ਮਰੁੰਮਤ ਨਾ ਹੋਣ ਕਾਰਨ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਦਾ ਪੁਤਲਾ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਘੜਾ ਵੀ ਭੰਨਿਆ ਗਿਆ ਤੇ ਸੁੱਤੇ ਪਏ ਅਧਿਕਾਰੀਆਂ ਨੂੰ ਜਗਾਉਣ ਲਈ ਢੋਲ ਵੀ ਵਜਾਏ ਗਏ।
ਇਸ ਤੋਂ ਪਹਿਲਾਂ ਸੰਸਥਾ ਦੇ ਮੁਖੀ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਦੀ ਅਗਵਾਈ ਹੇਠ ਗਾਂਧੀ ਜੈਅੰਤੀ ਮੌਕੇ ਬੂਟ ਪਾਲਿਸ਼ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਇਕੱਠੇ ਕੀਤੇ ਚੰਦੇ ਦਾ ਡਰਾਫਟ ਬਣਾ ਕੇ ਲੋਕ ਨਿਰਮਾਣ ਵਿਭਾਗ ਕੋਲ ਜਮ੍ਹਾਂ ਕਰਵਾਇਆ ਗਿਆ ਤਾਂ ਜੋ ਖਸਤਾ ਹਾਲ ਮੁੱਖ ਬਾਜ਼ਾਰ ਦੀ ਸੜਕ ਦੀ ਮੁਰੰਮਤ ਹੋ ਸਕੇ।
ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਖਸਤਾ ਹਾਲ ਸੜਕ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਇੱਥੋਂ ਤੱਕ ਸੜਕ ’ਤੇ ਪੈਚ ਵਰਕ ਵੀ ਨਹੀਂ ਕੀਤਾ ਜਾ ਰਿਹਾ।
ਇਸ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਮੌਕੇ ’ਤੇ ਪਹੁੰਚ ਕੇ ਸ਼ਹਿਰ ਨਿਵਾਸੀਆਂ ਨਾਲ ਗੱਲ-ਬਾਤ ਕੀਤੀ। ਉਨ੍ਹਾਂ ਸ਼ਹਿਰੀਆਂ ਦੀ ਸਮੱਸਿਆ ਨੂੰ ਜਾਇਜ਼ ਦਸਦਿਆਂ ਜਲਦੀ ਸੜਕਾਂ ਦੀ ਮੁਰੰਮਤ ਕਰਵਾਉਣ ਤੇ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਫੋਨ ’ਤੇ ਗੱਲ-ਬਾਤ ਕਰਕੇ ਮਸਲੇ ਤੋਂ ਜਾਣੂ ਕਰਵਾਇਆ ਤੇ ਜਲਦ ਹੱਲ ਕਰਵਾਉਣ ਦੀ ਬੇਨਤੀ ਕੀਤੀ। ਇਸ ਬਾਅਦ ਕਾਂਗਰਸ ਆਗੂ ਦੀ ਅਗਵਾਈ ਹੇਠ ਸੰਸਥਾ ਦਾ ਵਫਦ ਨੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨਾਲ ਮੀਟਿੰਗ ਕੀਤੀ। ਸ੍ਰੀ ਹੰਸ ਨੇ ਜਲਦੀ ਹੀ ਸੜਕ ਦੀ ਮੁਰੰਮਦ ਦਾ ਭਰੋਸਾ ਦਿੱਤਾ। ਇਸ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਧਰਨੇ ਨੂੰ ਰਾਕੇਸ਼ ਸਿਤਾਰਾ ਤੇ ਪ੍ਰਿਯਾਵਰਤ ਗੁਪਤਾ, ਐਡਵੋਕੇਟ ਧਰਮਪਾਲ ਡੀਪੀ ਨੇ ਵੀ ਸੰਬੋਧਨ ਕੀਤਾ।

Tags :