ਟੀਐੱਸਯੂ ਵੱਲੋਂ ਸਰਕਲ ਪੱਧਰੀ ਕਨਵੈਨਸ਼ਨ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 9 ਅਪਰੈਲ
ਇੱਥੋਂ ਦੇ ਗਾਂਧੀ ਚੌਕ ’ਚ ਅੱਜ ਟੈਕਨੀਕਲ ਸਰਵਿਸਜ਼ ਯੂਨੀਅਨ (ਪੰਜਾਬ) ਸਰਕਲ ਕਪੂਰਥਲਾ ਦੀ ਕਨਵੈਨਸ਼ਨ ਸਰਕਲ ਪ੍ਰਧਾਨ ਸੰਜੀਵ ਕੁਮਾਰ ਤੇ ਸਕੱਤਰ ਰੁਪਿੰਦਰ ਸਿੰਘ ਦੀ ਪ੍ਰਧਾਂਨਗੀ ਹੇਠ ਕੀਤੀ ਗਈ। ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ ਅਤੇ ਸੂਬਾ ਸਕੱਤਰ ਜਸਵਿੰਦਰ ਸਿੰਘ ਖੰਨਾ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਰਾਜ ਬਿਜਲੀ ਬੋਰਡ ਨੂੰ ਬਚਾਉਣ ਲਈ ਯੂਨੀਅਨ ਦੇ ਅਨੇਕਾਂ ਆਗੂਆਂ ਨੇ ਨੌਕਰੀਆਂ ਵੀ ਦਾਅ ’ਤੇ ਲਗਾ ਦਿਤੀਆ। ਪਰ ਵਿਭਾਗ ਅੰਦਰ ਕੰਮ ਕਰਦੀਆਂ ਕੁਝ ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਪਿੱਠ ਵਿਚ ਛੁਰਾ ਮਾਰਨ ਕਾਰਨ ਨਿਜੀਕਰਨ ਖਿਲਾਫ ਲੜਿਆ ਜਾ ਰਿਹਾ ਸੰਘਰਸ਼ ਕਾਮਯਾਬ ਨਹੀ ਹੋ ਸਕਿਆ ਸੀ। ਇਸ ਦੇ ਬਾਵਜੂਦ ਪਿਛਲੇ 22 ਸਾਲਾਂ ਤੋਂ ਡਿਸਮਿਸ ਤੇ ਟਰਮੀਨੈਟ ਕੀਤੇ ਆਗੂਆਂ ਦੀ ਯੂਨੀਅਨ ਆਰਥਿਕ ਸਹਾਇਤਾ ਕਰਦੀ ਹੈ ਅਤੇ ਵਿੱਤ ਮੁਤਾਬਿਕ ਸੰਘਰਸ਼ ਨੂੰ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰਾਂ,ਠੇਕਾ ਮੁਲਾਜ਼ਮਾਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਸੰਘਰਸ਼ਾਂ ਦੇ ਮੈਦਾਨ ਵਿਚ ਲਿਆਉਣ ਨਾਲ ਹੀ ਸੰਘਰਸ਼ ਜੇਤੂ ਹੋ ਸਕਦੇ ਹਨ। ਉਨ੍ਹਾਂ ਮੁਲਾਜ਼ਮਾਂ ਨੂੰ 16 ਅਪਰੈਲ ਨੂੰ ਸਾਰੀਆਂ ਸਬ ਡਿਵੀਜ਼ਨਾਂ ਵਿਚ ਕਾਲਾ ਦਿਨ ਮਨਾਉਣ ਦਾ ਸੱਦਾ ਦਿੱਤਾ। ਇਸ ਦਿਨ ਹੀ ਹਾਕਮਾਂ ਨੇ ਬੋਰਡ ਨੂੰ ਤੋੜ ਕੇ ਵਿਭਾਗ ਨੂੰ ਪਾਵਰਕੌਮ ਵਿਚ ਬਦਲ ਕੇ ਕੰਪਨੀਆਂ ਵਿਚ ਵੰਡਿਆ ਸੀ।