ਨਿੱਜੀ ਪੱਤਰ ਪ੍ਰੇਰਕਬਠਿੰਡਾ, 12 ਮਾਰਚਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਦੀ ਪਰਵਿੰਦਰ ਬਿੱਟੂ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਦੌਰਾਨ ਕੱਚੇ ਕਾਮਿਆਂ ਵੱਲੋਂ 21 ਮਾਰਚ ਨੂੰ ਖੰਨਾ ਵਿੱਚ ਹੋਣ ਵਾਲੀ ਰੈਲੀ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਸਰਕਲ ਬਠਿੰਡਾ ਦੇ ਪ੍ਰਧਾਨ ਚੰਦਰ ਸ਼ਰਮਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਨਿੱਜੀਕਰਨ ’ਤੇ ਇੱਕਮਤ ਹੋਣ ਕਰਕੇ ਸਰਕਾਰੀ ਅਦਾਰਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਲੰਮੇ ਸਮੇਂ ਤੋਂ ਕਾਰਪੋਰੇਟ ਪੱਖੀ ਨਿੱਜੀਕਰਨ ਨੀਤੀਆਂ ਨੂੰ ਰੱਦ ਕਰਾਉਣ ਤੋਂ ਇਲਾਵਾ ਬਿਜਲੀ ਐਕਟ 2022 ਰੱਦ ਕਰਾਉਣ, ਨੌਕਰੀ ਦੀ ਗਾਰੰਟੀ ਲਈ ਪੱਕੀ ਭਰਤੀ, ਕੱਚੇ ਕਾਮੇ ਪੱਕੇ ਕਰਨ, ਨਵੇਂ ਲੇਬਰ ਕੋਡ ਰੱਦ ਕਰ ਕੇ ਪਹਿਲਾਂ ਤੋਂ ਤੈਅ ਕੋਡ ਬਹਾਲ ਕਰਾਉਣ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ ਨੀਤੀ ਨੂੰ ਰੱਦ ਕਰਾਉਣ ਲਈ ਯੂਨੀਅਨ 22 ਮਾਰਚ ਤੱਕ ਮੰਡਲ ਪੱਧਰ ’ਤੇ ਮੀਟਿੰਗਾਂ ਅਤੇ 15 ਅਪਰੈਲ ਤੱਕ ਸਰਕਲ ਪੱਧਰ ਦੀਆਂ ਕਨਵੈਨਸ਼ਨਾਂ ਕਰੇਗੀ। ਮੀਟਿੰਗ ’ਚ ਜਗਜੀਤ ਸਿੰਘ ਲਹਿਰਾ, ਹਰਬੰਸ ਸਿੰਘ, ਬਚਿੱਤਰ ਸਿੰਘ ਅਤੇ ਗੁਰਦੀਪ ਸਿੰਘ ਨੇ ਵੀ ਚਰਚਾ ਕੀਤੀ।