ਟਹਿਲ ਸਿੰਘ ਸੰਧੂ ਵੱਲੋਂ ਬਾਜਵਾ ਖ਼ਿਲਾਫ਼ ਕਾਰਵਾਈ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 15 ਅਪਰੈਲ
ਮਾਰਕਫ਼ੈੱਡ ਪੰਜਾਬ ਦੇ ਡਾਇਰੈਕਟਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਟਹਿਲ ਸਿੰਘ ਸੰਧੂ ਨੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ’ਤੇ ਗ੍ਰਨੇਡ ਮਸਲੇ ’ਚ ਦਰਜ ਪੁਲੀਸ ਕੇਸ ਲਈ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ’ਤੇ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੀ ਤੋਹਮਤ ਲਾਉਣਾ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਗ੍ਰਨੇਡ ਮਾਮਲੇ ਬਾਰੇ ਬਾਜਵਾ ਦਾ ਬਿਆਨ ਆਈਬੀ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਮੀਡੀਆ ਵਿੱਚ ਪ੍ਰਕਾਸ਼ਿਤ ਸੁਰਖੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਪਸ਼ਟ ਹੈ ਕਿ ਹੁਣ ਤੱਕ ਇੰਟੈਲੀਜੈਂਸੀ ਦੇ ਦਫ਼ਤਰ, ਥਾਣਿਆਂ, ਮੰਦਰ, ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਸੁੱਟੇ ਗਏ ਹਨ ਅਤੇ ਸੰਭਾਵਨਾ ਹੈ ਕਿ ਭਲਕ ਨੂੰ ਅਜਿਹੇ ਗ੍ਰਨੇਡ ਸਾਡੇ ’ਚੋਂ ਵੀ ਕਿਸੇ ’ਤੇ ਡਿੱਗਣ। ਉਨ੍ਹਾਂ ਕਿਹਾ ਕਿ ਬਾਜਵਾ ਦੇ ਬਿਆਨ ਦਾ ਮੰਤਵ ਪੰਜਾਬ ਸਰਕਾਰ ਨੂੰ ਅਵੇਸਲਾਪਣ ਛੱਡ ਕੇ ਸੁਚੇਤ ਹੋਣ ਸਬੰਧੀ ਸੀ ਪਰ ਸਰਕਾਰ ਨੇ ਬਾਜਵਾ ’ਤੇ ਪਰਚਾ ਦੇ ਕੇ ਰਾਜਨੀਤੀ ਵਿੱਚ ਨਵੀਂ ਪਿਰਤ ਪਾਈ ਹੈ, ਜਿਸ ਦਾ ਕਾਂਗਰਸ ਪਾਰਟੀ ਜਵਾਬ ਪੱਥਰ ਨਾਲ ਦੇਵੇਗੀ।