ਟਰੱਕ ਨੇ ਟਰੈਕਟਰ-ਟਰਾਲੀ ’ਚ ਟੱਕਰ ਮਾਰੀ, ਇਕ ਹਲਾਕ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਅਪਰੈਲ
ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਘੱਗਰ ਦਰਿਆ ਦੇ 32 ਦਰਾਂ ਪੁਲ ਨੇੜੇ ਖਨੌਰੀ ਵੱਲੋਂ ਪਾਤੜਾਂ ਆ ਰਹੇ ਟਰੈਕਟਰ-ਟਰਾਲੀ ਨੂੰ ਟਰੱਕ ਵੱਲੋਂ ਪਿੱਛੇ ਤੋਂ ਟੱਕਰ ਮਾਰ ਕਾਰਨ ਵਾਪਸੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ ਤਿੰਨ ਜ਼ਖਮੀ ਹੋ ਗਏ। ਪੀੜਤਾਂ ਨੂੰ ਇਲਾਜ ਲਈ ਪਾਤੜਾਂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਥਾਣਾ ਸ਼ੁਤਰਾਣਾ ਦੀ ਪੁਲੀਸ ਨੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਸਮਾਣਾ ਦੇ ਸਰਕਾਰੀ ਹਸਪਤਾਲ ਭੇਜੀ ਗਈ ਹੈ। ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਮੈਂਬਰ ਮੋਨੂੰ ਕੁਮਾਰ, ਗੁਰਦੀਪ ਸਿੰਘ ਅਤੇ ਸੁਖਦੀਪ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ 32 ਦਰਾਂ ਪੁਲ ’ਤੇ ਹਾਦਸਾ ਹੋਇਆ ਹੈ। ਉਨ੍ਹਾਂ ਦੀ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਟਰੱਕ ਵੱਲੋਂ ਟਰੈਕਟਰ-ਟਰਾਲੀ ਵਿੱਚ ਪਿੱਛੇ ਤੋਂ ਟੱਕਰ ਮਾਰਨ ਕਾਰਨ ਇਹ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਹਾਦਸੇ ਵਿੱਚ ਗਗਨਦੀਪ ਸਿੰਘ ਵਾਸੀ ਕਾਦਰਾਬਾਦ, ਮਨਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜ਼ਖ਼ਮੀ ਹੋ ਗਏ। ਜਦੋਂ ਕਿ ਅੰਤਰ ਸਿੰਘ ਗੋਰਾ (35) ਵਾਸੀ ਕਾਦਰਾਬਾਦ ਦੀ ਮੌਕੇ ’ਤੇ ਮੌਤ ਹੋ ਗਈ ਹੈ। ਪੁਲੀਸ ਨੇ ਲਾਸ਼ ਨੂੰ ਪਾਤੜਾਂ ਦੇ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ। ਥਾਣਾ ਸ਼ੁਤਰਾਣਾ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਟਰੈਕਟਰ ਟਰਾਲੀ ਨੂੰ ਮਗਰੋਂ ਟੱਕਰ ਮਾਰ ਕੇ ਭੱਜਣ ਵਾਲੇ ਵਾਹਨ ਨੂੰ ਪੈਂਦ ਟੌਲ ਪਲਾਜ਼ਾ ’ਤੇ ਕਰਮਚਾਰੀਆਂ ਨੇ ਰੋਕ ਲਿਆ ਸੀ। ਉਨ੍ਹਾਂ ਦੱਸਿਆ ਹੈ ਕਿ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।