ਸੁਰਿੰਦਰ ਮਾਵੀ/ਗੁਰਮਲਕੀਅਤ ਸਿੰਘ ਕਾਹਲੋਂਵਿਨੀਪੈਗ/ਵੈਨਕੂਵਰ, 4 ਫਰਵਰੀਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਅਤੇ ਮੈਕਸਿਕੋ ਤੋਂ ਦਰਾਮਦ ਵਸਤਾਂ ’ਤੇ 25 ਫੀਸਦ ਟੈਕਸ ਲਾਉਣ ਦੇ ਆਪਣੇ ਫ਼ੈਸਲੇ ’ਤੇ ਅਗਲੇ 30 ਦਿਨਾਂ ਲਈ ਰੋਕ ਲਾ ਦਿੱਤੀ ਹੈ। ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੈਕਸਿਕੋ ਦੀ ਆਪਣੀ ਹਮਰੁਤਬਾ ਕਲੌਡੀਆ ਸ਼ੀਨਬੌਮ ਨਾਲ ਗੱਲਬਾਤ ਮਗਰੋਂ ਇਹ ਫ਼ੈਸਲਾ ਲਿਆ ਹੈ। ਟਰੰਪ ਨੇ ਟੈਰਿਫ ਦੇ ਮੁੱਦੇ ਨੂੰ ਲੈ ਕੇ ਟਰੂਡੋ ਨਾਲ ਇਕ ਦਿਨ ਵਿਚ ਦੋ ਗੇੜ ਦੀ ਗੱਲਬਾਤ ਕੀਤੀ। ਜਾਣਕਾਰੀ ਮੁਤਾਬਕ ਕੈਨੇਡਾ ਤੇ ਮੈਕਸਿਕੋ ਨੇ ਅਮਰੀਕਾ ਵੱਲੋਂ ਟੈਰਿਫ ਦੀ ਸ਼ਰਤ ਹਟਾਉਣ ਬਦਲੇ ਅਮਰੀਕਾ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ’ਤੇ ਸਖ਼ਤੀ ਦਾ ਭਰੋਸਾ ਦਿੱਤਾ ਹੈ। ਉਂਝ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਮਰੀਕਾ ਵੱਲੋਂ ਚੀਨ ਤੋਂ ਦਰਾਮਦ ਵਸਤਾਂ ’ਤੇ ਲੱਗਣ ਵਾਲਾ 10 ਫੀਸਦ ਟੈਰਿਫ ਲਾਗੂ ਹੋਏਗਾ ਜਾਂ ਉਸ ਨੂੰ ਵੀ ਟਾਲ ਦਿੱਤਾ ਗਿਆ ਹੈ। ਚੀਨ ਤੋਂ ਸਾਰਾ ਸਾਮਾਨ ਸਮੁੰਦਰੀ ਜਾਂ ਹਵਾਈ ਰਸਤੇ ਹੀ ਅਮਰੀਕਾ ਪਹੁੰਚਦਾ ਹੈ। ਚੇਤੇ ਰਹੇ ਕਿ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਟੈਕਸ ਲਾਉਣ ਦੇ ਫ਼ੈਸਲੇ ਮਗਰੋਂ ਵਪਾਰਕ ਜੰਗ ਛਿੜਣ ਦੇ ਖ਼ਦਸ਼ਿਆਂ ਦਰਮਿਆਨ ਟਰੰਪ ਨੇ ਲੰਘੇ ਦਿਨ ਕੈਨੇਡਾ ਤੇ ਮੈਕਸਿਕੋ ਨਾਲ ਗੱਲਬਾਤ ਦੀ ਇੱਛਾ ਜਤਾਈ ਸੀ।ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਰਾਸ਼ਟਰਪਤੀ ਟਰੰਪ ਨਾਲ ਚੰਗੀ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਹੱਦੀ 1.3 ਬਿਲੀਅਨ ਡਾਲਰ ਦੀ ਯੋਜਨਾ ਲਾਗੂ ਕਰ ਰਿਹਾ ਹੈ, ਜਿਸ ਵਿਚ ਨਵੇਂ ਹੈਲੀਕਾਪਟਰਾਂ, ਤਕਨਾਲੋਜੀ ਅਤੇ ਕਰਮਚਾਰੀਆਂ ਨਾਲ ਸਰਹੱਦ ਨੂੰ ਮਜ਼ਬੂਤ ਕਰਨਾ, ਅਮਰੀਕੀ ਭਾਈਵਾਲਾਂ ਨਾਲ ਤਾਲਮੇਲ ਵਧਾਉਣਾ ਅਤੇ ਫੈਂਟਾਨਿਲ (ਦਰਦ ਨਿਵਾਰਕ ਦਵਾਈ) ਦੇ ਪ੍ਰਵਾਹ ਨੂੰ ਰੋਕਣ ਲਈ ਸਰੋਤਾਂ ਵਿੱਚ ਵਾਧਾ ਕਰਨਾ ਆਦਿ ਸ਼ਾਮਲ ਹਨ। ਟਰੂਡੋ ਨੇ ਕਿਹਾ ਕਿ ਉਹ ਕੈਨੇਡਾ-ਯੂਐੱਸ ਜੁਆਇੰਟ ਸਟ੍ਰਾਈਕ ਫੋਰਸ ਸ਼ੁਰੂ ਕਰ ਰਹੇ ਹਨ, ਜਿਸ ਨੂੰ ਸੰਗਠਿਤ ਅਪਰਾਧ ਅਤੇ ਮਨੀ ਲਾਂਡਰਿੰਗ ਨਾਲ ਨਜਿੱਠਣ ਦਾ ਕੰਮ ਸੌਂਪਿਆ ਜਾਵੇਗਾ। ਟਰੂਡੋ ਨੇ ਕਿਹਾ ਕਿ ਕੈਨੇਡਾ ਨਸ਼ਾ ਤਸਕਰਾਂ ਨੂੰ ਅਤਿਵਾਦੀ ਐਲਾਨਣ ਅਤੇ ਕੈਨੇਡਾ-ਅਮਰੀਕਾ ਮੁਹਿੰਮ ਸ਼ੁਰੂ ਕਰਨ ਲਈ ‘ਫੈਂਟਾਨਿਲ ਜਾਰ’ ਨਿਯੁਕਤ ਕਰੇਗਾ। ਸੰਗਠਿਤ ਅਪਰਾਧ, ਫੈਂਟਾਨਿਲ ਅਤੇ ਮਨੀ ਲਾਂਡਰਿੰਗ ਨਾਲ ਨਜਿੱਠਣ ਲਈ ਸੰਯੁਕਤ ਸਟ੍ਰਾਈਕ ਫੋਰਸ ’ਤੇ 20 ਕਰੋੜ ਡਾਲਰ ਖ਼ਰਚ ਹੋਣਗੇ। ਟਰੂਡੋ ਨੇ ਕੈਨੇਡਾ ਦੇ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਸ਼ੰਕੇ ਵਿੱਚ ਰਹਿ ਕੇ ਉਤਪਾਦਨ ਵਿੱਚ ਖੜੋਤ ਨਾ ਆਉਣ ਦੇਣ। ਉਨ੍ਹਾਂ ਭਰੋਸਾ ਦਿੱਤਾ ਕਿ ਆਉਂਦੇ ਦਿਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਜਾਣਗੇ। ਟਰੂਡੋ ਨੇ ਮੰਨਿਆ ਕਿ ਨਸ਼ਾ ਅਤੇ ਗੈਰ-ਕਨੂੰਨੀ ਲਾਂਘੇ ਵਿਕਸਤ ਦੇਸ਼ਾਂ ਲਈ ਚੰਗੇ ਨਹੀਂ ਹੁੰਦੇ, ਜਿਸ ’ਤੇ ਰੋਕ ਲੱਗਣੀ ਜ਼ਰੂਰੀ ਹੈ।ਇਸ ਦੌਰਾਨ ਮੈਕਸੀਕਨ ਰਾਸ਼ਟਰਪਤੀ ਸ਼ੀਨਬੌਮ ਨੇ ਟਰੰਪ ਨਾਲ ਹੋਈ ਗੱਲਬਾਤ ਮੌਕੇ ਸਰਹੱਦ ’ਤੇ 1000 ਹੋਰ ਫੌਜੀ ਤਾਇਨਾਤ ਕਰਨ ਅਤੇ ਕੁਝ ਹੋਰ ਕਮੀਆਂ ਦੂਰ ਕਰਨ ਦੀ ਗੱਲ ਮੰਨੀ ਹੈ, ਜਿਸ ਮਗਰੋਂ ਟਰੰਪ ਨੇ ਇੱਕ ਮਹੀਨੇ ਲਈ ਟੈਕਸ ਰੋਕਣਾ ਮੰਨ ਲਿਆ। ਮੈਕਸਿਕੋ ਤੇ ਕੈਨੇਡਾ ਵਲੋਂ ਅਮਰੀਕਾ ਨੂੰ ਫੈਂਟਾਨਿਲ ਸਮੇਤ ਗੈਰ-ਕਨੂੰਨੀ ਲਾਂਘੇ ’ਤੇ ਪੂਰੀ ਤਰਾਂ ਕਾਬੂ ਪਾਉਣ ਦੇ ਭਰੋਸੇ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਕੈਨੇਡਾ ਤੇ ਮੈਕਸਿਕੋ ਤੋਂ ਦਰਾਮਦ ਵਸਤਾਂ ਉੱਤੇ 25 ਫ਼ੀਸਦ ਅਤੇ ਤੇਲ ਸਮੇਤ ਊਰਜਾ ਤੇ ਖਣਿਜਾਂ ’ਤੇ 10 ਫ਼ੀਸਦ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ਕੈਨੇਡਾ ਸਰਕਾਰ ਨੇ ਵੀ ਮੋੜਵੇਂ ਜਵਾਬ ਵਜੋਂ ਅਮਰੀਕਾ ਤੋਂ ਆਉਂਦੇ ਸਾਮਾਨ ’ਤੇ ਟੈਕਸ ਲਾਉਣ ਦਾ ਐਲਾਨ ਕੀਤਾ ਸੀ।ਵਿਰੋਧੀ ਧਿਰ ਵੱਲੋਂ ਸਰਹੱਦ ’ਤੇ ਫ਼ੌਜ ਤੇ ਨਿਗਰਾਨ ਭੇਜਣ ਦੀ ਅਪੀਲ ਕੈਨੇਡਾ ਵਿੱਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਲੀਵਰ ਨੇ ਟਰੂਡੋ ਨੂੰ ਸਰਹੱਦ ’ਤੇ ਫ਼ੌਜ ਦੇ ਜਵਾਨ, ਹੈਲੀਕਾਪਟਰ ਅਤੇ ਨਿਗਰਾਨ ਭੇਜਣ ਦੀ ਅਪੀਲ ਕੀਤੀ ਹੈ। ਪੋਲੀਵਰ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇ ਸਰਹੱਦੀ ਏਜੰਟਾਂ ਨੂੰ ਕਿਹਾ ਕਿ ਉਹ ਅਧਿਕਾਰਤ ਸਰਹੱਦੀ ਕਰਾਸਿੰਗ ਤੱਕ ਸੀਮਤ ਨਾ ਰਹਿਣ ਬਲਕਿ ਸਰਹੱਦ ’ਤੇ ਹਰ ਜਗ੍ਹਾ ਗਸ਼ਤ ਕਰਨ ਅਤੇ ਘੱਟੋ-ਘੱਟ 2,000 ਨਵੇਂ ਸੀਬੀਐੱਸਏ ਏਜੰਟਾਂ ਨੂੰ ਨਿਯੁਕਤ ਕਰਨ ਤਾਂ ਕਿ ਨਸ਼ੀਲੇ ਪਦਾਰਥਾਂ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ।ਮੁਲਾਜ਼ਮ ਆਗੂਆਂ ਵੱਲੋਂ ਦੇਸ਼ ਵਾਸੀਆਂ ਨੂੰ ਇਕਜੁੱਟ ਰਹਿਣ ਦਾ ਸੱਦਾਕੈਨੇਡਾ ਦੇ ਨਿੱਜੀ ਕਾਮਿਆਂ ਦੀ ਸਭ ਤੋਂ ਵੱਡੀ ਯੂਨੀਅਨ ਯੂਨੀਫਾਰ ਦੀ ਕੌਮੀ ਪ੍ਰਧਾਨ ਲੈਨਾ ਪਾਇਨੇ ਨੇ ਕਿਹਾ ਕਿ ਬੇਸ਼ੱਕ 30 ਦਿਨ ਦੀ ਮੋਹਲਤ ਨਾਲ ਕੁਝ ਰਾਹਤ ਮਿਲੀ ਹੈ, ਪਰ ਟੈਕਸ ਜੰਗ ਦੀਆਂ ਧਮਕੀਆਂ ਤੋਂ ਡਰਨ ਅਤੇ ਇਹ ਪ੍ਰਭਾਵ ਲੈਣ ਦੀ ਲੋੜ ਨਹੀਂ ਕਿ ਕੈਨੇਡਾ ਆਪਣੇ ਅਕੀਦਿਆਂ ਤੋਂ ਪਿੱਛੇ ਹਟੇਗਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਕਜੁੱਟ ਹੋਣ ਲਈ ਕਿਹਾ। ਟੈਰਿਫ ਇਕ ਮਹੀਨੇ ਲਈ ਟਲਣ ਤੋਂ ਬਾਅਦ ਕੈਨੇਡਾ ਦੇ ਸ਼ਰਾਬ ਠੇਕੇਦਾਰਾਂ ਨੇ ਅਮਰੀਕੀ ਸ਼ਰਾਬ ’ਤੇ ਲਾਈ ਪਾਬੰਦੀ ਤੁਰੰਤ ਹਟਾ ਲਈ ਤੇ ਅਮਰੀਕਾ ਦੀ ਥਾਂ ਕੈਨੇਡਿਆਈ ਉਤਪਾਦਨ ਨੂੰ ਪਹਿਲ ਦੇਣ ਵਾਲੀਆਂ ਤਖ਼ਤੀਆਂ ਵੀ ਹਟਾ ਦਿੱਤੀਆਂ ਹਨ।